* ਚੋਣਾਂ ’ਚ ਨਸ਼ਿਆਂ ਦਾ ਖ਼ਾਤਮਾ ਹੋਵੇਗਾ ਮੁੱਖ ਮੁੱਦਾ-ਨੌਜਵਾਨਾਂ ਤੇ ਨਵੇਂ ਚਿਹਰਿਆਂ ਨੂੰ ਦਿੱਤੇ ਜਾਣਗੇ ਵਧੇਰੇ ਮੌਕੇ * ਅੰਮ੍ਰਿਤਪਾਲ ਸਿੰਘ ਤੇ ਸਾਥੀਆਂ ਦੀ ਰਿਹਾਈ ਲਈ ਕਾਨੂੰਨੀ ਲੜਾਈ ਜਾਰੀ ਰਹੇਗੀ
ਅਵਤਾਰ ਸਿੰਘ ਸ਼ੇਰਗਿੱਲ ਜਸਪਾਲ ਸਿੰਘ
ਜਲੰਧਰ, 13 ਅਗਸਤ-ਅਕਾਲੀ ਦਲ (ਵਾਰਿਸ ਪੰਜਾਬ ਦੇ) ਦੇ ਸਰਪ੍ਰਸਤ ਅਤੇ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਕਿਹਾ ਹੈ ਕਿ ਆਉਂਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਪੱਖੀ, ਪੰਥ ਨੂੰ ਸਮਰਪਿਤ ਅਤੇ ਚੰਗੀ ਸੋਚ ਰੱਖਣ ਵਾਲੀਆਂ ਸਾਰੀਆਂ ਧਿਰਾਂ ਨੂੰ ਇਕ ਮੰਚ ’ਤੇ ਲਿਆਉਣ ਲਈ ਯਤਨ ਕੀਤੇ ਜਾ ਰਹੇ ਹਨ ਤੇ ਉਨ੍ਹਾਂ ਦੀ ਪਾਰਟੀ ਦਾ ਮਕਸਦ ਇਕੱਲੇ ਚੋਣ ਲੜਨਾ ਨਹੀਂ, ਸਗੋਂ ਪੰਜਾਬ ਦੇ ਹਿਤਾਂ ਲਈ ਸਾਰੀਆਂ ਹਮਖਿਆਲ ਧਿਰਾਂ ਨੂੰ ਨਾਲ ਲੈ ਕੇ ਚੋਣ ਮੈਦਾਨ ’ਚ ਉਤਰਨਾ ਹੈ । ਇਹ ਪ੍ਰਗਟਾਵਾ ਉਨ੍ਹਾਂ ‘ਅਜੀਤ’ ਭਵਨ ਜਲੰਧਰ ਵਿਖੇ ਇਕ ਵਿਸ਼ੇਸ਼ ਮੁਲਾਕਾਤ ਦੌਰਾਨ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਸਮੇਤ ਹੋਰਨਾਂ ਧਿਰਾਂ ਨਾਲ ਏਕਤਾ ਲਈ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ, ਪਰ ਟਿਕਟਾਂ ਦੀ ਗਿਣਤੀ ਜਾਂ ਹਿੱਸੇਦਾਰੀ ਦੀ ਬਜਾਏ ਸਾਰੀਆਂ ਧਿਰਾਂ ਨੂੰ ਮਿਲ ਕੇ ਯੋਗ ਉਮੀਦਵਾਰ ਚੁਣਨੇ ਚਾਹੀਦੇ ਹਨ । ਇਸ ਮੌਕੇ ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਗੱਠਜੋੜ ਨਹੀਂ ਬਣਦਾ ਤਾਂ ਪਾਰਟੀ ਇਕੱਲਿਆਂ ਵੀ ਚੋਣ ਲੜਨ ਲਈ ਵੀ ਤਿਆਰ ਹੈ। ਤਰਸੇਮ ਸਿੰਘ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਦੀ ਮੰਗ ’ਤੇ ਹੀ ਪਾਰਟੀ ਬਣਾਉਣ ਅਤੇ ਲੋਕ ਸਭਾ ਚੋਣ ਲੜਨ ਦਾ ਫ਼ੈਸਲਾ ਕੀਤਾ ਗਿਆ ਸੀ । ਉਨ੍ਹਾਂ ਕਿਹਾ ਕਿ ਪੰਜਾਬ ਵਿਚ ਲੰਮੇ ਸਮੇਂ ਤੋਂ ਇਕ ਅਜਿਹੀ ਖੇਤਰੀ ਸਿਆਸੀ ਥਾਂ ਖਾਲੀ ਪਈ ਹੈ, ਜਿਸ ਨੂੰ ਭਰਨ ਦੀ ਲੋੜ ਮਹਿਸੂਸ ਕੀਤੀ ਜਾ ਰਹੀ ਹੈ । ਉਨ੍ਹਾਂ ਅਨੁਸਾਰ ਪੰਜਾਬ ਦੀਆਂ ਸਰਕਾਰਾਂ ’ਤੇ ਦਿੱਲੀ ਦਾ ਪ੍ਰਭਾਵ ਰਹਿਣ ਅਤੇ ਖੇਤਰੀ ਧਿਰਾਂ ਵਲੋਂ ਆਪਣੇ ਫ਼ਰਜ਼ਾਂ ਤੋਂ ਪਿੱਛੇ ਹਟਣ ਕਾਰਨ ਇਹ ਖਾਲੀ ਥਾਂ ਹੋਰ ਵੱਡੀ ਹੋਈ ਹੈ । ਤਰਸੇਮ ਸਿੰਘ ਨੇ ਕਿਹਾ ਕਿ ਪਿਛਲੇ ਸਮੇਂ ਦੌਰਾਨ ਮਨਪ੍ਰੀਤ ਸਿੰਘ ਇਆਲੀ ਸਮੇਤ ਕਈ ਆਗੂ ਪਾਰਟੀ ਨਾਲ ਜੁੜੇ ਹਨ ਅਤੇ ਆਉਣ ਵਾਲੇ ਦਿਨਾਂ ਵਿਚ ਹੋਰ ਸਿਆਸੀ ਚਿਹਰੇ ਵੀ ਨਾਲ ਆਉਣਗੇ । ਉਨ੍ਹਾਂ ਕਿਹਾ ਕਿ ਉਮੀਦਵਾਰਾਂ ਦੀ ਚੋਣ ਵਿਚ ਨੌਜਵਾਨਾਂ ਅਤੇ ਨਵੇਂ ਚਿਹਰਿਆਂ ਨੂੰ ਤਰਜੀਹ ਦਿੱਤੀ ਜਾਵੇਗੀ । ਉਨ੍ਹਾਂ ਕਿਹਾ ਕਿ ਪਾਰਟੀ ਕੋਲ ਸਿਆਸੀ ਤਜਰਬੇ ਦੀ ਘਾਟ ਜ਼ਰੂਰ ਰਹੀ ਹੈ ਪਰ ਹੁਣ ਤਜਰਬੇਕਾਰ ਆਗੂਆਂ ਦੇ ਨਾਲ-ਨਾਲ ਨੌਜਵਾਨਾਂ ਨੂੰ ਅੱਗੇ ਲਿਆ ਕੇ ਮਜ਼ਬੂਤ ਟੀਮ ਤਿਆਰ ਕੀਤੀ ਜਾਵੇਗੀ । ਇਸ ਮੌਕੇ ਅੰਮ੍ਰਿਤਪਾਲ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਦੀ ਰਿਹਾਈ ਸੰਬੰਧੀ ਪੁੱਛੇ ਸਵਾਲ ’ਤੇ ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਕਾਨੂੰਨੀ ਲੜਾਈ ਜਾਰੀ ਹੈ ਪਰ ਐਨ.ਐਸ.ਏ. ਹਟਾਏ ਜਾਣ ਦੇ ਬਾਵਜੂਦ ਅਜੇ ਤੱਕ ਇਨਸਾਫ ਦੀ ਕੋਈ ਉਮੀਦ ਦਿਖਾਈ ਨਹੀਂ ਦੇ ਰਹੀ, ਜਦਕਿ ਪੰਜਾਬ ਦੇ ਲੋਕਾਂ ਦੀ ਮੰਗ ਹੈ ਕਿ ਅੰਮ੍ਰਿਤਪਾਲ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਨੂੰ ਜਲਦੀ ਰਿਹਾਅ ਕੀਤਾ ਜਾਵੇ । ਇਸ ਮੌਕੇ ਚੋਣ ਲੜਨ ਸਬੰਧੀ ਪੁੱਛੇ ਸਵਾਲ ’ਤੇ ਉਨ੍ਹਾਂ ਕਿਹਾ ਕਿ ਅੰਮ੍ਰਿਤਪਾਲ ਸਿੰਘ ਤੋਂ ਇਲਾਵਾ ਉਨ੍ਹਾਂ ਦੇ ਪਰਿਵਾਰ ਵਿਚੋਂ ਕੋਈ ਵੀ ਚੋਣ ਨਹੀਂ ਲੜੇਗਾ । ਚੋਣਾਂ ’ਚ ਪਾਰਟੀ ਦੇ ਮੁੱਖ ਏਜੰਡੇ ਬਾਰੇ ਤਰਸੇਮ ਸਿੰਘ ਨੇ ਕਿਹਾ ਕਿ ਪੰਜਾਬ ਵਿਚ ਨਸ਼ਾ ਸਭ ਤੋਂ ਗੰਭੀਰ ਸਮੱਸਿਆ ਬਣ ਚੁੱਕਾ ਹੈ ਤੇ ਨਸ਼ਿਆਂ ਕਾਰਨ ਹਰ ਰੋਜ਼ ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਹਨ ਤੇ ਅਪਰਾਧ ਵਧ ਰਹੇ ਹਨ । ਉਨ੍ਹਾਂ ਕਿਹਾ ਕਿ ਪਾਰਟੀ ਦੇ ਵਿਜ਼ਨ ਡਾਕੂਮੈਂਟ ਵਿਚ ਪੰਜਾਬ ਦੇ ਹਰ ਵਰਗ ਅਤੇ ਹਰ ਖਿੱਤੇ ਦੀਆਂ ਸਮੱਸਿਆਵਾਂ ਨੂੰ ਧਿਆਨ ਵਿਚ ਰੱਖਿਆ ਜਾਵੇਗਾ ਪਰ ਨਸ਼ਿਆਂ ਦਾ ਖਾਤਮਾ ਸਭ ਤੋਂ ਵੱਡੀ ਤਰਜੀਹ ਹੋਵੇਗੀ । ਇਸ ਦੇ ਨਾਲ ਹੀ ਪੰਜਾਬ ਦੇ ਕੁਦਰਤੀ ਸਰੋਤਾਂ ਦੀ ਰੱਖਿਆ, ਨੌਜਵਾਨਾਂ ਨੂੰ ਰੁਜ਼ਗਾਰ, ਸੂਬੇ ਦੇ ਹੱਕਾਂ ਦੀ ਰਾਖੀ ਅਤੇ ਪੰਜਾਬ ਦੀ ਆਰਥਿਕਤਾ ਨੂੰ ਮਜ਼ਬੂਤ ਕਰਨਾ ਵੀ ਪਾਰਟੀ ਦੇ ਏਜੰਡੇ ਦਾ ਹਿੱਸਾ ਹੋਵੇਗਾ । ਸੂਬੇ ਦੀ ਮੌਜੂਦਾ ਆਮ ਆਦਮੀ ਪਾਰਟੀ ਸਰਕਾਰ ਦੀ ਕਾਰਗੁਜ਼ਾਰੀ ਬਾਰੇ ਤਰਸੇਮ ਸਿੰਘ ਨੇ ਕਿਹਾ ਕਿ ਸਰਕਾਰ ਆਪਣੇ ਬਹੁਤੇ ਵਾਅਦੇ ਪੂਰੇ ਕਰਨ ਵਿਚ ਅਸਫਲ ਰਹੀ ਹੈ । ਉਨ੍ਹਾਂ ਕਿਹਾ ਕਿ ਨਸ਼ਿਆਂ ਅਤੇ ਬੇਅਦਬੀ ਦੇ ਮਾਮਲਿਆਂ ਵਿਚ ਇਨਸਾਫ਼ ਦੇਣ ਦੇ ਵਾਅਦੇ ਕੀਤੇ ਗਏ ਸਨ ਪਰ ਲੋਕ ਅਜੇ ਵੀ ਇਨ੍ਹਾਂ ਮਾਮਲਿਆਂ ਵਿਚ ਇਨਸਾਫ਼ ਦੀ ਉਡੀਕ ਕਰ ਰਹੇ ਹਨ । ਭਾਈ ਜਗਤਾਰ ਸਿੰਘ ਹਵਾਰਾ ਨੂੰ ਚੋਣ ਲੜਾਉਣ ਬਾਰੇ ਪੁੱਛੇ ਸਵਾਲ ’ਤੇ ਉਨ੍ਹਾਂ ਨੇ ਕਿਹਾ ਕਿ ਜੇਕਰ ਕਾਨੂੰਨ ਇਜਾਜ਼ਤ ਦਿੰਦਾ ਹੋਵੇ ਤੇ ਸਾਰੀਆਂ ਕਾਨੂੰਨੀ ਰੁਕਾਵਟਾਂ ਦੂਰ ਹੋ ਸਕਣ ਤਾਂ ਇਸ ਸਬੰਧੀ ਵਿਚਾਰ ਕੀਤਾ ਜਾ ਸਕਦਾ ਹੈ । ਉਨ੍ਹਾਂ ਕਿਹਾ ਕਿ ਪਾਰਟੀ ਵਲੋਂ ਸ਼ਹੀਦਾਂ ਦੇ ਪਰਿਵਾਰਾਂ ਅਤੇ ਯੋਗ ਉਮੀਦਵਾਰਾਂ ਨੂੰ ਵੀ ਮੌਕੇ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ । ਇਸ ਮੌਕੇ ਉਨ੍ਹਾਂ ਸੂਬੇ ਨੂੰ ਦਰਪੇਸ਼ ਚੁਣੌਤੀਆਂ ਦੇ ਹੱਲ ਲਈ ਸਮੂਹ ਪੰਜਾਬੀਆਂ ਨੂੰ ਧਰਮ, ਜਾਤ ਅਤੇ ਮਜ਼ਹਬ ਤੋਂ ਉੱਪਰ ਉੱਠ ਕੇ ਪਹਿਲਾਂ ਪੰਜਾਬੀ ਬਣਨ ਦਾ ਸੱਦਾ ਦਿੱਤਾ ਹੈ।