ਚੰਡੀਗੜ੍ਹ, 1 ਅਕਤੂਬਰ (ਅਜੀਤ ਬਿਊਰੋ)-ਪੰਜਾਬ ਵਿਚ ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ (ਐੱਸ. ਆਈ. ਆਰ.) ਦਾ 99.21 ਫ਼ੀਸਦ ਕੰਮ ਪੂਰਾ ਹੋਣ ਨਾਲ ਐਸ.ਆਈ.ਆਰ ਦਾ ਸਮੁੱਚਾ ਅਮਲ ਮੁਕੰਮਲ ਹੋਣ ਨੇੜੇ ਪਹੁੰਚ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਚੋਣ ਅਫ਼ਸਰ, ਪੰਜਾਬ (ਸੀ.ਈ.ਓ.) ਅਨੰਦਿਤਾ ਮਿਤਰਾ ਨੇ ਦੱਸਿਆ ਕਿ 8 ਜ਼ਿਲ੍ਹਿਆਂ—ਮੋਗਾ, ਸ਼ਹੀਦ ਭਗਤ ਸਿੰਘ ਨਗਰ (ਐੱਸ.ਬੀ.ਐੱਸ. ਨਗਰ), ਮਾਨਸਾ, ਤਰਨ ਤਾਰਨ, ਫ਼ਰੀਦਕੋਟ, ਸੰਗਰੂਰ, ਪਟਿਆਲਾ ਤੇ ਮਾਲੇਰਕੋਟਲਾ ਨੇ ਐੱਸ. ਆਈ. ਆਰ. 2026 ਦਾ ਕੰਮ 100 ਫ਼ੀਸਦ ਮੁਕੰਮਲ ਕਰ ਲਿਆ ਹੈ। ਇਸ ਤੋਂ ਇਲਾਵਾ ਸੂਬੇ ਦੇ ਕੁੱਲ 117 ਵਿਧਾਨ ਸਭਾ ਹਲਕਿਆਂ ਵਿੱਚੋਂ 55 ਹਲਕਿਆਂ ਵਿਚ ਵੀ ਇਹ ਕੰਮ ਪੂਰਾ ਹੋ ਚੁੱਕਾ ਹੈ। ਮੁੱਖ ਚੋਣ ਅਫ਼ਸਰ, ਪੰਜਾਬ ਨੇ ਦੱਸਿਆ ਕਿ ਵੋਟਰ ਸੂਚੀ ’ਚ ਹਰ ਯੋਗ ਵੋਟਰ ਦੀ ਸ਼ਮੂਲੀਅਤ ਯਕੀਨੀ ਬਣਾਉਣ ਤੇ ਵੋਟਰਾਂ ਦੀ ਸਹੂਲਤ ਲਈ, ਜਿਨ੍ਹਾਂ ਮਾਮਲਿਆਂ ਵਿਚ ਨੋਟਿਸ ਜਾਰੀ ਕੀਤੇ ਗਏ ਹਨ ਤੇ ਸੁਣਵਾਈ ਜਾਂ ਦਸਤਾਵੇਜ਼ ਜਮ੍ਹਾਂ ਕਰਵਾਉਣੇ ਬਾਕੀ ਹਨ, ਉੱਥੇ ਬੂਥ ਲੈਵਲ ਅਫ਼ਸਰ (ਬੀ.ਐੱਲ.ਓ.) ਖ਼ੁਦ ਵੋਟਰਾਂ ਨਾਲ ਰਾਬਤਾ ਕਾਇਮ ਕਰਨਗੇ ਤੇ ਵੋਟਰਾਂ ਨੂੰ ਦਫ਼ਤਰਾਂ ਵਿਚ ਸੱਦਣ ਦੀ ਬਜਾਏ ਉਨ੍ਹਾਂ ਪਾਸੋਂ ਲੋੜੀਂਦੇ ਦਸਤਾਵੇਜ਼ ਸਿੱਧੇ ਤੌਰ ’ਤੇ ਇਕੱਤਰ ਕਰਨਗੇ। ਉਨ੍ਹਾਂ ਕਿਹਾ ਕਿ ਇਸ ਪ੍ਰਬੰਧ ਨਾਲ ਵੋਟਰਾਂ ਨੂੰ ਨਿੱਜੀ ਸੁਣਵਾਈ ਤੇ ਦਸਤਾਵੇਜ਼ ਜਮ੍ਹਾਂ ਕਰਵਾਉਣ ਲਈ ਚੋਣ ਰਜਿਸਟ੍ਰੇਸ਼ਨ ਅਫ਼ਸਰ (ਈ.ਆਰ.ਓਜ਼) ਦੇ ਦਫ਼ਤਰ ਵਿਖੇ ਜਾਣ ਦੀ ਲੋੜ ਨਹੀਂ ਪਵੇਗੀ। ਇਸ ਤੋਂ ਇਲਾਵਾ, ਜਿਨ੍ਹਾਂ ਵਿਧਾਨ ਸਭਾ ਹਲਕਿਆਂ ਵਿਚ ਅਜੇ ਵੀ ਕੁੱਝ ਕੰਮ ਬਾਕੀ ਹੈ, ਉੱਥੇ ਵੋਟਰਾਂ ਦੀ ਸਹੂਲਤ ਲਈ ਆਉਣ ਵਾਲੇ ਹਫ਼ਤੇ ਦੇ ਅਖ਼ੀਰਲੇ ਦਿਨਾਂ (ਵੀਕੈਂਡ) ’ਚ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ। ਵੋਟਰ ਸੂਚੀ ਨਾਲ ਸਬੰਧਿਤ ਸ਼ੰਕਿਆਂ ਤੇ ਸਮੱਸਿਆਵਾਂ ਦੇ ਨਿਪਟਾਰੇ ਲਈ ਸੂਬੇ ਭਰ ਦੇ ਜ਼ਿਲ੍ਹਾ ਚੋਣ ਅਫ਼ਸਰਾਂ (ਡੀ.ਈ.ਓਜ਼) ਤੇ ਚੋਣ ਰਜਿਸਟ੍ਰੇਸ਼ਨ ਅਫ਼ਸਰਾਂ (ਈ.ਆਰ.ਓਜ਼) ਦੇ ਦਫ਼ਤਰਾਂ ਵਿਚ ਹੈਲਪ ਡੈਸਕ ਵੀ ਸਥਾਪਿਤ ਕੀਤੇ ਗਏ ਹਨ। ਸ੍ਰੀਮਤੀ ਅਨੰਦਿਤਾ ਮਿਤਰਾ ਨੇ ਦੱਸਿਆ ਕਿ ਦਫ਼ਤਰ ਮੁੱਖ ਚੋਣ ਅਫ਼ਸਰ, ਪੰਜਾਬ ਸਮੁੱਚੀ ਚੋਣ ਮਸ਼ੀਨਰੀ ਨਾਲ ਤਾਲਮੇਲ ਕਰਕੇ ਇਸ ਪੂਰੀ ਪ੍ਰਕਿਰਿਆ ਨੂੰ ਸੁਚਾਰੂ, ਪਾਰਦਰਸ਼ੀ ਤੇ ਸਮੇਂ ਸਿਰ ਮੁਕੰਮਲ ਕਰਨ ਲਈ ਪੂਰੀ ਤਨਦੇਹੀ ਨਾਲ ਕੰਮ ਕਰ ਰਿਹਾ ਹੈ। ਉਨ੍ਹਾਂ ਸਮੂਹ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਬੀ.ਐੱਲ.ਓਜ਼ ਤੇ ਹੋਰ ਚੋਣ ਅਧਿਕਾਰੀਆਂ ਨੂੰ ਪੂਰਨ ਸਹਿਯੋਗ ਦੇਣ ਤੇ ਇਸ ਕਾਰਜ ਨੂੰ ਸਮੇਂ ਸਿਰ ਨੇਪਰੇ ਚਾੜ੍ਹਨ ਲਈ ਲੋੜੀਂਦੇ ਦਸਤਾਵੇਜ਼ ਤੇ ਜਾਣਕਾਰੀ ਜਲਦ ਤੋਂ ਜਲਦ ਮੁਹੱਈਆ ਕਰਵਾਉਣਾ ਯਕੀਨੀ ਬਣਾਉਣ।
ਪੰਜਾਬ ’ਚ ਐੱਸ.ਆਈ.ਆਰ. ਪ੍ਰਕਿਰਿਆ ਮੁਕੰਮਲ ਹੋਣ ਨੇੜੇ 99 ਫ਼ੀਸਦੀ ਤੋਂ ਵੱਧ ਕੰਮ ਪੂਰਾ ਹੋਇਆ-ਅਨੰਦਿਤਾ ਮਿਤਰਾ
ਚੰਡੀਗੜ੍ਹ, 1 ਅਕਤੂਬਰ (ਅਜੀਤ ਬਿਊਰੋ)-ਪੰਜਾਬ ਵਿਚ ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ (ਐੱਸ. ਆਈ. ਆਰ.) ਦਾ 99.21 ਫ਼ੀਸਦ ਕੰਮ ਪੂਰਾ ਹੋਣ ਨਾਲ ਐਸ.ਆਈ.ਆਰ ਦਾ ਸਮੁੱਚਾ ਅਮਲ ਮੁਕੰਮਲ ਹੋਣ ਨੇੜੇ ਪਹੁੰਚ ਗਿਆ...
ਅਜੀਤ ਡੈਸਕ
02-10-2026