ਐੱਸ. ਏ. ਐੱਸ. ਨਗਰ, 11 ਅਗਸਤ (ਪ੍ਰੋ. ਅਵਤਾਰ ਸਿੰਘ)-ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਗੁਰੂ ਰਵਿਦਾਸ ਜੀ ਦੀ ਪਵਿੱਤਰ ਬਾਣੀ ਸਮਾਨਤਾ, ਮਨੁੱਖੀ ਸਨਮਾਨ, ਸਮਾਜਿਕ ਨਿਆਂ ਅਤੇ ਸਰਬੱਤ ਦੇ ਭਲੇ ਤੇ ਭਾਈਚਾਰਕ ਸਾਂਝ ਦਾ ਸਦੀਵੀ ਸੰਦੇਸ਼ ਦਿੰਦੀ ਹੈ, ਜੋ ਕਿ ਅੱਜ ਦੇ ਸਮੇਂ ’ਚ ਵੀ ਬੇਹੱਦ ਪ੍ਰਸੰਗਿਕ ਹੈ। ਉਹ ਐਮਿਟੀ ਯੂਨੀਵਰਸਿਟੀ ਮੁਹਾਲੀ ਵਿਖੇ ‘ਗੁਰੂ ਰਵਿਦਾਸ ਜੀ ਦੀ ਬਾਣੀ ਅਤੇ ਸਮਾਜਿਕ ਬਰਾਬਰੀ’ ਵਿਸ਼ੇ ’ਤੇ ਕਰਵਾਏ ਗਏ ਰਾਜ ਪੱਧਰੀ ਸੈਮੀਨਾਰ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਗੁਰੂ ਰਵਿਦਾਸ ਜੀ ਦੀਆਂ ਸਿੱਖਿਆਵਾਂ ਨੇ ਜਾਤ, ਧਰਮ ਅਤੇ ਸਮਾਜਿਕ ਹੈਸੀਅਤ ਦੀਆਂ ਹੱਦਾਂ ਤੋਂ ਉੱਪਰ ਉੱਠ ਕੇ ਹਰੇਕ ਮਨੁੱਖ ਦੀ ਅੰਦਰੂਨੀ ਇੱਜ਼ਤ ਅਤੇ ਬਰਾਬਰੀ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸੂਬਾ ਸਰਕਾਰ ਵਲੋਂ ਡੇਰਾ ਬੱਲਾਂ ਦੇ ਨੇੜੇ ਫ਼ਰੀਦਪੁਰਾ ਨੌਗੱਜ਼ਾ ਵਿਖੇ ਸਟੇਟ-ਆਫ਼-ਦਾ-ਆਰਟ ਸ੍ਰੀ ਗੁਰੂ ਰਵਿਦਾਸ ਜੀ ਬਾਣੀ ਅਧਿਐਨ ਕੇਂਦਰ ਸਥਾਪਿਤ ਕਰਨ ਦੀ ਪਹਿਲ ਕੀਤੀ ਗਈ ਹੈ। ਇਹ ਕੇਂਦਰ 25 ਕਰੋੜ ਰੁ. ਦੀ ਲਾਗਤ ਨਾਲ ਉਸਾਰਿਆ ਜਾਵੇਗਾ, ਜਦਕਿ ਜ਼ਮੀਨ ਦੀ ਖ਼ਰੀਦ ’ਤੇ ਲਗਭਗ 11 ਕਰੋੜ ਰੁ. ਦੀ ਰਕਮ ਪਹਿਲਾਂ ਹੀ ਖ਼ਰਚੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਇਹ ਕੇਂਦਰ ਗੁਰੂ ਰਵਿਦਾਸ ਜੀ ਦੀਆਂ ਡੂੰਘੀਆਂ ਸਿੱਖਿਆਵਾਂ ਦੀ ਖੋਜ, ਅਧਿਐਨ ਅਤੇ ਪ੍ਰਸਾਰ ਲਈ ਇਕ ਮਹੱਤਵਪੂਰਨ ਕੇਂਦਰ ਵਜੋਂ ਕੰਮ ਕਰੇਗਾ। ਉਨ੍ਹਾਂ ਦੀ ਬਰਾਬਰੀ ’ਤੇ ਆਧਾਰਿਤ ਸੋਚ ਆਪਣੇ ਸਮੇਂ ਤੋਂ ਕਿਤੇ ਅੱਗੇ ਸੀ, ਜੋ ਕਿ ਅੱਜ ਵੀ ਮਨੁੱਖਤਾ ਨੂੰ ਸਨਮਾਨ ਤੇ ਸਮਾਨਤਾ ’ਤੇ ਆਧਾਰਿਤ ਸਮਾਜ ਦੀ ਸਿਰਜਣਾ ਵੱਲ ਅਗਵਾਈ ਕਰ ਰਹੀ ਹੈ। ਗੁਰੂ ਰਵਿਦਾਸ ਜੀ ਵਲੋਂ ਦਰਸਾਏ ਸਮਾਜ ਦੇ ਸੰਕਲਪ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਗੁਰੂ ਰਵਿਦਾਸ ਜੀ ਨੇ ਅਜਿਹੇ ਸਮਾਜ ਦੀ ਕਲਪਨਾ ਕੀਤੀ ਜੋ ਸਮਾਨਤਾ, ਨਿਆਂ, ਦਇਆ ਅਤੇ ਆਪਸੀ ਸਨਮਾਨ ’ਤੇ ਆਧਾਰਿਤ ਹੋਵੇ| ਉਨ੍ਹਾਂ ਦੀ ਬਾਣੀ ਸਾਨੂੰ ਹਰ ਕਿਸਮ ਦੇ ਵਿਤਕਰੇ ਨੂੰ ਨਕਾਰਨ ਅਤੇ ਅਜਿਹੇ ਬਰਾਬਰਤਾ ਵਾਲੇ ਸਮਾਜ ਦੀ ਸਿਰਜਣਾ ਲਈ ਕੰਮ ਕਰਨ ਦੀ ਪ੍ਰੇਰਨਾ ਦਿੰਦੀ ਹੈ, ਜਿੱਥੇ ਹਰੇਕ ਵਿਅਕਤੀ ਨੂੰ ਬਰਾਬਰ ਮੌਕੇ ਅਤੇ ਸਨਮਾਨ ਮਿਲੇ| ਗੁਰੂ ਜੀ ਦੀ ਵਿਚਾਰਧਾਰਾ ਦੇ ਸਰਬ ਵਿਆਪੀ ਅਤੇ ਅਗਾਂਹਵਧੂ ਸਰੂਪ ਨੂੰ ਉਜਾਗਰ ਕਰਦਿਆਂ ਸ੍ਰੀ ਚੀਮਾ ਨੇ ਕਿਹਾ ਕਿ ਬੋਲਣ ਦੀ ਆਜ਼ਾਦੀ, ਸਮਾਨਤਾ ਅਤੇ ਗੈਰ-ਵਿਤਕਰੇ ਵਰਗੇ ਸਿਧਾਂਤ, ਜਿਨ੍ਹਾਂ ਨੂੰ ਪੱਛਮੀ ਦੇਸ਼ਾਂ ਵਿਚ 19ਵੀਂ ਸਦੀ ਤੋਂ ਸੰਸਥਾਗਤ ਮਾਨਤਾ ਮਿਲਣੀ ਸ਼ੁਰੂ ਹੋਈ, ਉਹ ਸਿਧਾਂਤ ਗੁਰੂ ਰਵਿਦਾਸ ਜੀ ਅਤੇ ਹੋਰ ਮਹਾਨ ਸੰਤਾਂ ਦੀਆਂ ਸਿੱਖਿਆਵਾਂ ਵਿਚ ਲਗਭਗ 650 ਸਾਲ ਪਹਿਲਾਂ ਹੀ ਮੌਜੂਦ ਸਨ| ਉਨ੍ਹਾਂ ਦੀ ਬਰਾਬਰੀ ’ਤੇ ਆਧਾਰਿਤ ਸੋਚ ਆਪਣੇ ਸਮੇਂ ਤੋਂ ਕਿਤੇ ਅੱਗੇ ਸੀ ਅਤੇ ਅੱਜ ਵੀ ਮਨੁੱਖਤਾ ਨੂੰ ਸਨਮਾਨ ਤੇ ਸਮਾਨਤਾ ’ਤੇ ਆਧਾਰਿਤ ਸਮਾਜ ਦੀ ਸਿਰਜਣਾ ਵੱਲ ਅਗਵਾਈ ਕਰ ਰਹੀ ਹੈ। ਅੱਜ ਦੇ ਸਮੇਂ ਵਿਚ ਗੁਰੂ ਜੀ ਦੀਆਂ ਸਿੱਖਿਆਵਾਂ ਦੀ ਪ੍ਰਸੰਗਿਕਤਾ ’ਤੇ ਜ਼ੋਰ ਦਿੰਦਿਆਂ ਉਨ੍ਹਾਂ ਕਿਹਾ ਕਿ ਗੁਰੂ ਜੀ ਵਲੋਂ ਦਿੱਤਾ ਗਿਆ ਸਮਾਨਤਾ ਦਾ ਸੰਦੇਸ਼ ਮੌਜੂਦਾ ਦੌਰ ਵਿਚ ਹੋਰ ਵੀ ਮਹੱਤਵਪੂਰਨ ਹੋ ਜਾਂਦਾ ਹੈ| ਦੇਸ਼ ਵਿਚ ਕੌਮੀ ਪੱਧਰ ’ਤੇ ਸੱਤਾ ਵਿਚ ਮੌਜੂਦ ਕੁਝ ਸਿਆਸੀ ਤਾਕਤਾਂ ਵਲੋਂ ਬੋਲਣ ਦੀ ਆਜ਼ਾਦੀ ਨੂੰ ਸੀਮਤ ਕੀਤਾ ਜਾ ਰਿਹਾ ਹੈ, ਜੋ ਗੁਰੂ ਜੀ ਵਲੋਂ ਪ੍ਰਚਾਰਿਤ ਸਮਾਨਤਾ, ਆਜ਼ਾਦੀ ਅਤੇ ਮਨੁੱਖੀ ਸਨਮਾਨ ਦੇ ਬੁਨਿਆਦੀ ਸੰਦੇਸ਼ ਦੇ ਉਲਟ ਹੈ| ਇਸੇ ਦੌਰਾਨ ‘ਬੇਗਮਪੁਰਾ’ ਦੇ ਸੰਕਲਪ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੰਦਿਆਂ ਵਿੱਤ ਮੰਤਰੀ ਚੀਮਾ ਨੇ ਕਿਹਾ ਕਿ ਗੁਰੂ ਰਵਿਦਾਸ ਜੀ ਵਲੋਂ ਦਰਸਾਇਆ ‘ਬੇਗਮਪੁਰਾ’ ਅਜਿਹੇ ਆਦਰਸ਼ ਸਮਾਜਿਕ ਪ੍ਰਬੰਧ ਦਾ ਪ੍ਰਤੀਕ ਹੈ, ਜੋ ਕਿ ਵਿਤਕਰੇ, ਸੋਸ਼ਣ ਅਤੇ ਅਸਮਾਨਤਾ ਤੋਂ ਮੁਕਤ ਹੋਵੇ। ਉਨ੍ਹਾਂ ਕਿਹਾ ਕਿ ਗੁਰੂ ਜੀ ਦੀ ਬਾਣੀ ’ਚ ਦਰਸਾਏ ਸਿਧਾਂਤ ਇਕ ਨਿਆਂਪੂਰਨ, ਸ਼ਾਂਤਮਈ ਅਤੇ ਸਦਭਾਵਨਾਪੂਰਨ ਸਮਾਜ ਦੀ ਉਸਾਰੀ ਲਈ ਮਾਰਗਦਰਸ਼ਕ ਸਾਬਿਤ ਹੋ ਸਕਦੇ ਹਨ। ਇਸ ਮੌਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਪੰਜਾਬੀ ਵਿਭਾਗ ਦੇ ਮੁਖੀ ਪ੍ਰੋ. ਮਨਜਿੰਦਰ ਸਿੰਘ ਤੇ ਤਪ ਅਸਥਾਨ ਗੁਰੂ ਰਵਿਦਾਸ ਜੀ ਖੁਰਾਲਗੜ੍ਹ ਦੇ ਸੰਤ ਕੇਵਲ ਸਿੰਘ ਨੇ ਵੀ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਗੁਰੂ ਰਵਿਦਾਸ ਜੀ ਦੀ ਵਿਚਾਰਧਾਰਾ ਦੀ ਆਧੁਨਿਕ ਸਮਾਜ ’ਚ ਡੂੰਘੀ ਪ੍ਰਸੰਗਿਕਤਾ ਅਤੇ ਵਿਤਕਰੇ ਦੇ ਖ਼ਾਤਮੇ ਤੇ ਸਮਾਜਿਕ ਬਰਾਬਰੀ ਨੂੰ ਉਤਸ਼ਾਹਿਤ ਕਰਨ ਲਈ ਇਸ ਦੀ ਲਗਾਤਾਰ ਪ੍ਰੇਰਨਾਦਾਇਕ ਭੂਮਿਕਾ ’ਤੇ ਚਾਨਣਾ ਪਾਇਆ। ਇਸ ਮੌਕੇ ਐਮਿਟੀ ਯੂਨੀਵਰਸਿਟੀ ਮੁਹਾਲੀ ਦੇ ਪ੍ਰੋ-ਵਾਈਸ ਚਾਂਸਲਰ ਡਾ. ਪੁਨੀਤ ਸ਼ਰਮਾ, ਰਜਿਸਟਰਾਰ ਡਾ. ਦਲੀਪ ਕੁਮਾਰ, ਐੱਸ. ਡੀ. ਐੱਮ. ਮੁਹਾਲੀ ਦਮਨਦੀਪ ਕੌਰ ਅਤੇ ਪੰਜਾਬ ਦੇ ਉੱਚ ਸਿੱਖਿਆ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ. ਮਨੀਸ਼ ਸ਼ਰਮਾ ਸਮੇਤ ਹੋਰ ਪ੍ਰਮੁੱਖ ਅਕਾਦਮਿਕ ਆਗੂ ਵੀ ਹਾਜ਼ਰ ਸਨ। ਅੰਤ ’ਚ ਡਾ. ਦਲੀਪ ਕੁਮਾਰ ਨੇ ਸੈਮੀਨਾਰ ’ਚ ਹਾਜ਼ਰ ਸਰਕਾਰੀ ਵਿਭਾਗਾਂ ਦੇ ਅਧਿਕਾਰੀਆਂ, ਵਿਦਵਾਨਾਂ, ਫੈਕਲਟੀ ਮੈਂਬਰਾਂ ਅਤੇ ਵਿਦਿਆਰਥੀਆਂ ਦਾ ਉਚੇਚੇ ਤੌਰ ’ਤੇ ਧੰਨਵਾਦ ਕੀਤਾ।