03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-07-2026

‘ਆਪ’ ਤੇ ਡੀ.ਐਮ.ਕੇ. ਸਮੇਤ 23 ਵਿਰੋਧੀ ਪਾਰਟੀਆਂ ਨੇ ਐਸ.ਆਈ.ਆਰ. ਖ਼ਿਲਾਫ਼ ਚੀਫ਼ ਜਸਟਿਸ ਨੂੰ ਲਿਖੀ ਚਿੱਠੀ

ਅਜੀਤ ਡੈਸਕ 01-07-2026
ਉਪਮਾ ਡਾਗਾ ਪਾਰਥ
ਨਵੀਂ ਦਿੱਲੀ, 30 ਜੂਨ-ਵਿਸ਼ੇਸ਼ ਵਿਆਪਕ ਸੋਧ (ਐਸ.ਆਈ.ਆਰ.) ਦੇ ਮੁੱਦੇ ’ਤੇ ਵਿਰੋਧੀ ਧਿਰਾਂ ਦੇ ਗੱਠਜੋੜ ‘ਇੰਡੀਆ’ ਨੇ ਇਕਜੁੱਟ ਹੁੰਦਿਆਂ ਆਪਣੇ ਸਰੋਕਾਰਾਂ ਨੂੰ ਲੈ ਕੇ ਭਾਰਤ ਦੇ ਚੀਫ਼ ਜਸਟਿਸ ਸੂਰਿਆਕਾਂਤ ਨੂੰ ਮੰਗਲਵਾਰ ਨੂੰ ਚਿੱਠੀ ਲਿਖੀ। 23 ਵਿਰੋਧੀ ਧਿਰਾਂ ਅਤੇ ਇਕ ਆਜ਼ਾਦ ਸੰਸਦ ਮੈਂਬਰ ਵਲੋਂ ਲਿਖੀ ਚਿੱਠੀ ’ਚ ਡੀ.ਐਮ.ਕੇ. ਅਤੇ ਆਮ ਆਦਮੀ ਪਾਰਟੀ (ਜੋ ਕਿ ਗੱਠਜੋੜ, ਵਿਸ਼ੇਸ਼ ਤੌਰ ’ਤੇ ਕਾਂਗਰਸ ਤੋਂ ਖਫ਼ਾ ਹਨ) ਨੇ ਵੀ ਦਸਤਖ਼ਤ ਕੀਤੇ। ‘ਇੰਡੀਆ’ ਗੱਠਜੋੜ ਵਲੋਂ 8 ਜੂਨ ਨੂੰ ਦਿੱਲੀ ’ਚ ਹੋਈ ਬੈਠਕ ’ਚ ਚੀਫ਼ ਜਸਟਿਸ ਨੂੰ ਚਿੱਠੀ ਭੇਜਣ ਦਾ ਫ਼ੈਸਲਾ ਕੀਤਾ ਸੀ। ਹਾਲਾਂਕਿ ਇਕ ਚਿੱਠੀ ਬਾਰੇ ਜਾਣਕਾਰੀ ਸਾਂਝੀ ਨਹੀਂ ਕੀਤੀ। ਹਲਕਿਆਂ ਮੁਤਾਬਿਕ ਚਿੱਠੀ ’ਚ ਚੋਣ ਕਮਿਸ਼ਨ ਦੇ ਕੰਮ ਕਰਨ ਦੇ ਤਰੀਕੇ ’ਤੇ ਸਵਾਲ ਚੁੱਕੇ ਗਏ ਹਨ ਅਤੇ ਚੋਣ ਨਤੀਜਿਆਂ ਨਾਲ ਛੇੜਛਾੜ ਦਾ ਮਾਮਲਾ ਵੀ ਚੁੱਕਿਆ ਗਿਆ, ਜਿਸ ਦੀ ਮਿਸਾਲ ਵਜੋਂ ਵੱਖ-ਵੱਖ ਰਾਜਾਂ ਦਾ ਜ਼ਿਕਰ ਕੀਤਾ ਗਿਆ ਹੈ। ਹਲਕਿਆਂ ਮੁਤਾਬਿਕ ਚਿੱਠੀ ’ਤੇ ਦਸਤਖ਼ਤ ਕਰਨ ਵਾਲਿਆਂ ’ਚ ਕਾਂਗਰਸ ਪ੍ਰਧਾਨ ਮਲਿਕਅਰਜੁਨ ਖੜਗੇ, ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ, ਤ੍ਰਿਣਮੂਲ ਕਾਂਗਰਸ ਮੁਖੀ ਮਮਤਾ ਬੈਨਰਜੀ, ਆਰ.ਜੇ.ਡੀ. ਨੇਤਾ ਤੇਜਸਵੀ ਯਾਦਵ, ਸਮਾਜਵਾਦੀ ਪਾਰਟੀ ਮੁਖੀ ਅਖਿਲੇਸ਼ ਯਾਦਵ, ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ, ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ, ਆਜ਼ਾਦ ਸੰਸਦ ਮੈਂਬਰ ਕਪਿਲ ਸਿੱਬਲ ਅਤੇ ਖੱਬੇ ਪੱਖੀ ਨੇਤਾ ਸ਼ਾਮਿਲ ਹਨ। ਚਿੱਠੀ ’ਚ ਕਿਹਾ ਗਿਆ ਕਿ ਜਦੋਂ ਲੋਕਤੰਤਰਿਕ ਸੰਸਥਾਵਾਂ ਆਸ ਮੁਤਾਬਿਕ ਤਰੀਕਿਆਂ ਨਾਲ ਕੰਮ ਨਹੀਂ ਕਰਦੀਆਂ ਤਾਂ ਦੇਸ਼ ਦੀ ਜਨਤਾ ਅਦਾਲਤ ਵੱਲ ਉਮੀਦ ਨਾਲ ਵੇਖਦੀ ਹੈ। ਕਾਂਗਰਸ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਪਾਏ ਸੰਦੇਸ਼ ’ਚ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ 8 ਜੂਨ 2026 ਨੂੰ ਹੋਈ ‘ਇੰਡੀਆ’ ਗੱਠਜੋੜ ਦੀ ਬੈਠਕ ’ਚ 21 ਸਿਆਸੀ ਪਾਰਟੀਆਂ ਅਤੇ ਇਕ ਆਜ਼ਾਦ ਸੰਸਦ ਮੈਂਬਰ ਨੇ ਹਿੱਸਾ ਲਿਆ ਸੀ। ਬੈਠਕ ’ਚ ਚੋਣ ਕਮਿਸ਼ਨ ਦੇ ਐਸ.ਆਈ.ਆਰ. ਅਮਲ ਅਤੇ ਚੋਣਾਂ ਸੰਬੰਧੀ ਮੁੱਦਿਆਂ ’ਤੇ ਭਾਰਤ ਦੇ ਚੀਫ਼ ਜਸਟਿਸ ਨੂੰ ਸਾਂਝੀ ਚਿੱਠੀ ਭੇਜਣ ਦਾ ਫ਼ੈਸਲਾ ਲਿਆ ਸੀ। ਉਨ੍ਹਾਂ ਕਿਹਾ ਕਿ ਮੰਗਲਵਾਰ ਨੂੰ 23 ਸਿਆਸੀ ਪਾਰਟੀਆਂ ਅਤੇ ਇਕ ਆਜ਼ਾਦ ਸੰਸਦ ਮੈਂਬਰਾਂ ਦੇ ਦਸਤਖ਼ਤ ਵਾਲੀ ਸਾਂਝੀ ਚਿੱਠੀ ਚੀਫ਼ ਜਸਟਿਸ ਨੂੰ ਭੇਜ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰਾਂ ਇਕਜੁੱਟਤਾ, ਏਕਤਾ ਅਤੇ ਵਿਰੋਧ ਦੇ ਸਿਧਾਂਤਾਂ ’ਤੇ ਮਜ਼ਬੂਤੀ ਨਾਲ ਕਾਇਮ ਹਨ।
ਪਿਛਲੀ ਖ਼ਬਰ ਹਾਰ ਲੁਕਾਉਣ ਲਈ ਚੋਣ ਕਮਿਸ਼ਨ ’ਤੇ ਹਮਲਾ ਕਰ ਰਹੀਆਂ ਹਨ ਵਿਰੋਧੀ ਧਿਰਾਂ-ਭਾਜਪਾ ਅਗਲੀ ਖ਼ਬਰ ਨਰਸ ਸਰਲਾ ਭੱਟ ਦੀ ਹੱਤਿਆ ਮਾਮਲੇ ’ਚ 36 ਸਾਲਾਂ ਬਾਅਦ ਦਾਇਰ ਹੋਇਆ ਦੋਸ਼-ਪੱਤਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।