ਚੇਨਈ, 7 ਮਈ (ਪੀ. ਟੀ. ਆਈ.)-ਤਾਮਿਲਨਾਡੂ ਦੇ ਰਾਜਪਾਲ ਰਾਜੇਂਦਰ ਵਿਸ਼ਵਨਾਥ ਅਰਲੇਕਰ ਨੇ ਵੀਰਵਾਰ ਨੂੰ ਟੀ. ਵੀ. ਕੇ. ਮੁਖੀ ਵਿਜੇ ਦੇ ਸਰਕਾਰ ਬਣਾਉਣ ਦੇ ਦਾਅਵੇ ਨੂੰ ਖ਼ਾਰਜ ਕਰ ਦਿੱਤਾ | ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਕੋਲ ਸਰਕਾਰ ਬਣਾਉਣ ਲਈ ਜ਼ਰੂਰੀ ਬਹੁਮਤ ਨਹੀਂ ਹੈ | ਇਸ ਨਾਲ ਰਾਜਨੀਤਕ ਅਨਿਸਚਿਤਤਾ ਹੋਰ ਵਧ ਗਈ ਹੈ ਅਤੇ ਸਭ ਤੋਂ ਵੱਡੀ ਪਾਰਟੀ ਨੂੰ ਖੱਬੇ ਪੱਖੀ ਪਾਰਟੀਆਂ, ਵੀ. ਸੀ. ਕੇ. ਅਤੇ ਆਈ. ਯੂ. ਐਮ. ਐਲ. ਤੋਂ ਫਿਰ ਤੋਂ ਸਮਰਥਨ ਮੰਗਣ ਦੇ ਯਤਨਾਂ ਨੂੰ ਤੇਜ਼ ਕਰਨਾ ਪਿਆ | ਇਸ ਤੋਂ ਪਹਿਲਾਂ ਰਾਜਪਾਲ ਅਰਲੇਕਰ ਦੇ ਸੱਦੇ 'ਤੇ ਵਿਜੇ 24 ਘੰਟੇ ਦੇ ਅੰਦਰ ਦੂਜੀ ਵਾਰ ਲੋਕ ਭਵਨ ਗਏ | ਲੋਕ ਭਵਨ ਨੇ ਮੀਟਿੰਗ ਤੋਂ ਬਾਅਦ ਇਕ ਬਿਆਨ 'ਚ ਕਿਹਾ ਕਿ ਮੀਟਿੰਗ ਦÏਰਾਨ ਰਾਜਪਾਲ ਨੇ ਸਮਝਾਇਆ ਕਿ ਤਾਮਿਲਨਾਡੂ ਵਿਧਾਨ ਸਭਾ 'ਚ ਸਰਕਾਰ ਬਣਾਉਣ ਲਈ ਲੋੜੀਂਦਾ ਬਹੁਮਤ ਅਜੇ ਟੀ.ਵੀ.ਕੇ. ਕੋਲ ਨਹੀਂ ਹੈ | ਟੀ.ਵੀ.ਕੇ. ਵਲੋਂ ਉਨ੍ਹਾਂ ਨਾਲ ਸੰਪਰਕ ਕਰਨ ਦੀਆਂ ਨਵੀਆਂ ਕੋਸ਼ਿਸ਼ਾਂ ਵਿਚਕਾਰ ਖੱਬੇ ਪੱਖੀ ਪਾਰਟੀਆਂ, ਵੀ.ਸੀ.ਕੇ. ਅਤੇ ਆਈ.ਯੂ.ਐਮ.ਐਲ. ਨੇ ਕਿਹਾ ਕਿ ਵਿਜੇ ਦੀ ਸਮਰਥਨ ਦੀ ਬੇਨਤੀ 'ਤੇ ਫੈਸਲਾ ਕੱਲ੍ਹ ਲਿਆ ਜਾਵੇਗਾ | ਹਾਲਾਂਕਿ, ਇਹ ਸੰਕੇਤ ਮਿਲੇ ਹਨ ਕਿ ਉਹ ਵਿਜੇ ਨੂੰ ਸਮਰਥਨ ਦੇ ਸਕਦੇ ਹਨ, ਜਦੋਂਕਿ ਵੀ.ਸੀ.ਕੇ. ਮੁਖੀ ਤਿਰੂਮਾਵਲਾਵਨ ਨੇ ਕਾਂਗਰਸ ਅਤੇ ਖੱਬੇ ਪੱਖੀ ਪਾਰਟੀਆਂ ਦੇ ਨਾਲ ਮਿਲ ਕੇ ਆਰਲੇਕਰ ਦੇ ਉਸ ਫ਼ੈਸਲੇ ਦੀ ਨਿੰਦਾ ਕੀਤੀ, ਜਿਸ ਵਿਚ ਉਨ੍ਹਾਂ ਨੇ 234 ਮੈਂਬਰੀ ਤਾਮਿਲਨਾਡੂ ਵਿਧਾਨ ਸਭਾ 'ਚ 108 ਸੀਟਾਂ ਨਾਲ ਟੀ.ਵੀ.ਕੇ. ਵਲੋਂ ਸਭ ਤੋਂ ਵੱਡੀ ਪਾਰਟੀ ਵਜੋਂ ਉਭਰਨ ਦੇ ਬਾਵਜੂਦ ਵਿਜੇ ਨੂੰ ਸਰਕਾਰ ਬਣਾਉਣ ਲਈ ਸੱਦਾ ਨਹੀਂ ਦਿੱਤਾ ਸੀ | ਦੂਜੇ ਪਾਸੇ, ਵਿਜੇ ਦੀ ਅਗਵਾਈ ਵਾਲੀ ਟੀ.ਵੀ.ਕੇ. ਨੂੰ ਰਾਜ ਦੀ ਵਾਗਡੋਰ ਸੰਭਾਲਣ ਤੋਂ ਰੋਕਣ ਲਈ ਤਾਮਿਲਨਾਡੂ ਦੀਆਂ ਦੋ ਕੱਟੜ ਵਿਰੋਧੀ ਪਾਰਟੀਆਂ ਡੀ.ਐਮ.ਕੇ. ਅਤੇ ਏ.ਆਈ.ਏ.ਡੀ..ਐਮ.ਕੇ. ਹੱਥ ਮਿਲਾਉਣ ਦੀ ਸੰਭਾਵਨਾ ਵੀ ਬਣਦੀ ਨਜ਼ਰ ਆ ਰਹੀ ਹੈ |