09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਭਾਰਤ ਨੇ ਖਾਮੇਨੇਈ ਦੀ ਮੌਤ 'ਤੇ ਪ੍ਰਗਟਾਇਆ ਅਫ਼ਸੋਸ

ਅਜੀਤ ਡੈਸਕ 06-03-2026

ਜੰਗ ਰਾਹੀਂ ਕੋਈ ਵੀ ਮੁੱਦਾ ਹੱਲ ਨਹੀਂ ਹੋ ਸਕਦਾ-ਮੋਦੀ
ਪੱਛਮੀ ਏਸ਼ੀਆ ਤੇ ਯੂਕਰੇਨ 'ਚ ਚੱਲ ਰਹੇ ਟਕਰਾਅ ਦੇ ਜਲਦ ਅੰਤ ਦਾ ਦਿੱਤਾ ਸੱਦਾ

ਨਵੀਂ ਦਿੱਲੀ/ਦੁਬਈ/ਵਾਸ਼ਿੰਗਟਨ, 5 ਮਾਰਚ (ਏਜੰਸੀ)-ਅਮਰੀਕਾ-ਇਜ਼ਰਾਈਲ ਅਤੇ ਇਰਾਨ ਵਿਚਾਲੇ ਚੱਲ ਰਹੀ ਜੰਗ ਦਾ ਅੱਜ 6ਵਾਂ ਦਿਨ ਹੈ ਅਤੇ ਇਸ ਦੌਰਾਨ ਭਾਰਤ ਨੇ ਈਰਾਨ ਦੇ ਮਰਹੂਮ ਸੁਪਰੀਮ ਲੀਡਰ ਅਯਾਤੁੱਲਾ ਅਲੀ ਖਾਮੇਨੇਈ ਦੀ ਮੌਤ 'ਤੇ ਪਹਿਲੀ ਵਾਰ ਦੁੱਖ ਪ੍ਰਗਟਾਇਆ ਹੈ | ਭਾਰਤ ਸਰਕਾਰ ਵਲੋਂ ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਨਵੀਂ ਦਿੱਲੀ ਸਥਿਤ ਈਰਾਨੀ ਦੂਤਘਰ ਵਿਚ ਜਾ ਕੇ ਖਾਮੇਨੇਈ ਨੂੰ ਸ਼ਰਧਾਂਜਲੀ ਦਿੱਤੀ ਅਤੇ ਉਥੇ ਰੱਖੀ ਗਈ ਸ਼ੋਕ ਕਿਤਾਬ ਵਿਚ ਆਪਣੇ ਦਸਤਖ਼ਤ ਕੀਤੇ | ਜ਼ਿਕਰਯੋਗ ਹੈ ਕਿ ਅਯਾਤੁੱਲਾ ਅਲੀ ਖਾਮੇਨੇਈ ਦੀ 28 ਫਰਵਰੀ ਨੂੰ ਅਮਰੀਕਾ ਅਤੇ ਇਜ਼ਰਾਈਲ ਦੇ ਹਮਲੇ ਵਿਚ ਮੌਤ ਹੋ ਗਈ ਸੀ, ਜਿਸ ਦੀ ਅਧਿਕਾਰਤ ਪੁਸ਼ਟੀ ਈਰਾਨ ਨੇ ਇਕ ਦਿਨ ਬਾਅਦ ਕੀਤੀ ਸੀ | ਦੂਜੇ ਪਾਸੇ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੱਛਮੀ ਏਸ਼ੀਆ ਅਤੇ ਯੂਕਰੇਨ ਵਿਚ ਚਲ ਰਹੇ ਟਕਰਾਅ ਦੇ ਜਲਦੀ ਅੰਤ ਦਾ ਸੱਦਾ ਦਿੰਦੇ ਹੋਏ ਕਿਹਾ ਕਿ ਫ਼ੌਜੀ ਟਕਰਾਅ ਰਾਹੀਂ ਕੋਈ ਵੀ ਮੁੱਦਾ ਹੱਲ ਨਹੀਂ ਹੋ ਸਕਦਾ | ਉਨ੍ਹਾਂ ਇਹ ਟਿੱਪਣੀਆਂ ਫਿਨਲੈਂਡ ਦੇ ਰਾਸ਼ਟਰਪਤੀ ਅਲੈਗਜ਼ੈਂਡਰ ਸਟੱਬ ਨਾਲ ਵਿਆਪਕ ਗੱਲਬਾਤ ਤੋਂ ਬਾਅਦ ਕੀਤੀਆਂ | ਜ਼ਿਕਰਯੋਗ ਹੈ ਕਿ ਅਮਰੀਕਾ-ਇਜ਼ਰਾਈਲ ਤੇ ਈਰਾਨ ਵਲੋਂ ਇਕ ਦੂਜੇ 'ਤੇ ਹਮਲੇ ਹੋਰ ਤੇਜ਼ ਕਰ ਦਿੱਤੇ ਗਏ, ਜਿਸ ਨਾਲ ਪੂਰੇ ਖੇਤਰ ਵਿਚ ਤਣਾਅ ਕਾਫ਼ੀ ਵਧ ਗਿਆ | ਇਸ ਜੰਗ ਨੇ ਉਸ ਸਮੇਂ ਬਹੁਤ ਹੀ ਖ਼ਤਰਨਾਕ ਮੋੜ ਅਖ਼ਤਿਆਰ ਕਰ ਲਿਆ, ਜਦੋਂ ਅਮਰੀਕਾ ਨੇ ਬੁੱਧਵਾਰ ਨੂੰ ਭਾਰਤ ਤੋਂ ਵਾਪਸ ਜਾ ਰਹੇ ਈਰਾਨੀ ਜੰਗੀ ਜਹਾਜ਼ 'ਆਈ.ਆਰ.ਆਈ.ਐਸ. ਦੇਨਾ' ਨੂੰ ਸ੍ਰੀਲੰਕਾ ਦੇ ਨਜ਼ਦੀਕ ਹਮਲਾ ਕਰਕੇ ਤਬਾਹ ਕਰ ਕਰ ਦਿੱਤਾ | ਸ੍ਰੀਲੰਕਾ ਦੀ ਜਲ ਸੈਨਾ ਮੁਤਾਬਕ ਹੁਣ ਤੱਕ 87 ਲਾਸ਼ਾਂ ਮਿਲ ਚੁੱਕੀਆਂ ਹਨ, ਜਦਕਿ 32 ਜਣਿਆਂ ਨੂੰ ਬਚਾ ਲਿਆ ਗਿਆ ਹੈ | ਜਹਾਜ਼ 'ਚ ਲਗਭਗ 130 ਜਲ ਸੈਨਿਕ ਸਵਾਰ ਸਨ | ਇਹ ਜਹਾਜ਼ 18 ਫਰਵਰੀ ਨੂੰ ਭਾਰਤ ਦੇ ਵਿਸ਼ਾਖਾਪਟਨਮ ਵਿਚ ਹੋਏ ਅੰਤਰਰਾਸ਼ਟਰੀ ਜਲ ਸੈਨਾ ਪ੍ਰੋਗਰਾਮ ਵਿਚ ਹਿੱਸਾ ਲੈਣ ਆਇਆ ਸੀ ਅਤੇ 25 ਫਰਵਰੀ ਨੂੰ ਵਾਪਸ ਰਵਾਨਾ ਹੋਇਆ ਸੀ | ਈਰਾਨ ਨੇ ਦਾਅਵਾ ਕੀਤਾ ਕਿ ਅਮਰੀਕਾ ਦੀ ਇਸ ਕਾਰਵਾਈ ਦਾ ਬਦਲਾ ਲੈਣ ਲਈ ਕਈ ਅਮਰੀਕੀ ਤੇ ਇਜ਼ਰਾਈਲੀ ਫ਼ੌਜੀ ਅੱਡਿਆ ਨੂੰ ਨਿਸ਼ਾਨਾ ਬਣਾ ਕੇ ਮਿਜ਼ਾਈਲਾਂ ਦਾਗੀਆਂ ਗਈਆਂ, ਜਦੋਂਕਿ ਇਜ਼ਰਾਈਲ ਨੇ ਕਿਹਾ ਕਿ ਉਸ ਨੇ ਤਹਿਰਾਨ 'ਤੇ ਵੱਡੇ ਪੱਧਰ 'ਤੇ ਹਮਲਾ ਸ਼ੁਰੂ ਕਰ ਦਿੱਤਾ ਹੈ, ਜਿਸ ਦੌਰਾਨ ਲੰਬੀ ਦੂਰੀ ਦੀਆਂ ਬੈਲਿਸਟਿਕ ਮਿਜ਼ਾਈਲ ਲਾਂਚ ਸਾਈਟਾਂ ਅਤੇ ਹੋਰ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ | ਇਜ਼ਰਾਈਲੀ ਫ਼ੌਜ ਨੇ ਕਿਹਾ ਕਿ ਉਸ ਨੇ ਪਿਛਲੇ 24 ਘੰਟਿਆਂ ਵਿਚ ਲਿਬਨਾਨ ਵਿਚ ਈਰਾਨ-ਸਮਰਥਿਤ ਹਿਜ਼ਬੁੱਲਾ ਅੱਤਵਾਦੀ ਸਮੂਹ ਨਾਲ ਜੁੜੇ 80 ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਹੈ | ਇਸ ਤੋਂ ਪਹਿਲਾਂ ਅਮਰੀਕਾ ਦੇ ਰੱਖਿਆ ਮੰਤਰੀ ਪੀਟ ਹੇਗਸੇਥ ਨੇ ਦਾਅਵਾ ਕੀਤਾ ਕਿ ਹਿੰਦ ਮਹਾਸਾਗਰ 'ਚ ਈਰਾਨ ਦੇ ਇਕ ਜੰਗੀ ਬੇੜੇ 'ਤੇ ਅਮਰੀਕਾ ਨੇ 'ਟਾਰਪੀਡੋ' ਨਾਲ ਹਮਲਾ ਕਰਕੇ ਉਸ ਨੂੰ ਡੁਬੋ ਦਿੱਤਾ |

ਪਿਛਲੀ ਖ਼ਬਰ ਯੂ-ਟਿਊਬਰ ਨੈਨਸੀ ਗਰੇਵਾਲ ਦੀ ਕੈਨੇਡਾ 'ਚ ਹੱਤਿਆ ਅਗਲੀ ਖ਼ਬਰ ਈਰਾਨ ਦੇ ਹਰ ਹਮਲੇ ਨੂੰ ਨਹੀਂ ਰੋਕ ਸਕਦੇ-ਹੇਗਸੇਥ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।