09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਸਾਈਬਰ ਸੁਰੱਖਿਆ ਲਈ ਆਲਮੀ ਢਾਂਚਾ ਤਿਆਰ ਕਰਨਾ ਸਮੇਂ ਦੀ ਲੋੜ-ਮੋਦੀ ਕਿਹਾ, ਬੈਂਕ, ਹਸਪਤਾਲ ਹੁਣ ਫ਼ੋਨ ’ਚ, ਇਸ ਨਾਲ 5 ਲੱਖ ਕਰੋੜ ਗ਼ਲਤ ਹੱਥਾਂ ’ਚ ਜਾਣ ਤੋਂ ਬਚੇ

ਨਵੀਂ ਦਿੱਲੀ, 8 ਅਕਤੂਬਰ (ਉਪਮਾ ਡਾਗਾ ਪਾਰਥ)- ਡਿਜੀਟਲ ਫ੍ਰਾਡ ਅਤੇ ਡੀਪਫੇਸ ਨੂੰ ਇਕ ਵੱਡੀ ਚੁਣੌਤੀ ਦੱਸਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸਦੇ ਨਾਲ ਨਜਿੱਠਣ ਲਈ ਇਕ ਆਲਮੀ ਢਾਂਚਾ ਤਿਆਰ ਕਰਨ ਦਾ ਹੋਕਾ ...

ਅਜੀਤ ਡੈਸਕ 09-10-2026

ਨਵੀਂ ਦਿੱਲੀ, 8 ਅਕਤੂਬਰ (ਉਪਮਾ ਡਾਗਾ ਪਾਰਥ)- ਡਿਜੀਟਲ ਫ੍ਰਾਡ ਅਤੇ ਡੀਪਫੇਸ ਨੂੰ ਇਕ ਵੱਡੀ ਚੁਣੌਤੀ ਦੱਸਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸਦੇ ਨਾਲ ਨਜਿੱਠਣ ਲਈ ਇਕ ਆਲਮੀ ਢਾਂਚਾ ਤਿਆਰ ਕਰਨ ਦਾ ਹੋਕਾ ਦਿੱਤਾ। ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰਾਂ ਦੇ ਨਾਲ ਤਕਨਾਲੋਜੀ ਕੰਪਨੀਆਂ, ਟੈਲੀਕਾਮ ਕੰਪਨੀਆਂ, ਟੈਲੀਕਾਮ ਆਪ੍ਰੇਟਰਾਂ ਅਤੇ ਵਿੱਤੀ ਸੰਸਥਾਵਾਂ ਨੂੰ ਵੀ ਇਸ ਦਾ ਹਿੱਸਾ ਬਣਨਾ ਹੋਏਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਕਤ ਬਿਆਨ ਦਿੱਲੀ ਦੇ ਯਸ਼ੋਭੂਮੀ ’ਚ ਹੋ ਰਹੇ ‘ਇੰਡੀਆ ਮੋਬਾਈਲ ਕਾਂਗਰਸ’ ਦੇ 10ਵੇਂ ਅੰਕ ਦੇ ਉਦਘਾਟਨੀ ਸੰਬੋਧਨ ਦੌਰਾਨ ਦਿੱਤਾ। ਮੋਦੀ ਨੇ ਸਾਈਬਰ ਸੁਰੱਖਿਆ ਦੀ ਲੋੜ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਫ਼ੋਨ ਅਤੇ ਨੈੱਟਵਰਕ ਦੀ ਸੁਰੱਖਿਆ ਹੁਣ ਸਾਰਿਆਂ ਦੀ ਤਰਜੀਹ ਹੋਣੀ ਚਾਹੀਦੀ ਹੈ। ਉਨ੍ਹਾਂ ਮੋਬਾਈਲ ਆਪ੍ਰੇਟਰਾਂ ਅਤੇ ਮੋਬਾਈਲ ਬੁਨਿਆਦੀ ਢਾਂਚੇ ਦੇ ਹਿਤਾਂ ਦੀ ਰਾਖੀ ਵਾਲੀ ਸੰਸਥਾ ਜੀ. ਐਸ. ਐਮ. ਏ. ਅਤੇ ਸਾਰੇ ਟੈਲੀਕਾਮ ਆਪ੍ਰੇਟਰਾਂ ਨੂੰ ਅਜਿਹਾ ਆਲਮੀ ਢਾਂਚਾ ਬਣਾਉਣ ਦੀ ਅਪੀਲ ਕੀਤੀ, ਜਿਸ ਨਾਲ ਕਿਸੇ ਵੀ ਤਰ੍ਹਾਂ ਦਾ ਡਿਜੀਟਲ ਫ੍ਰਾਡ ਜਨਤਾ ਤੱਕ ਪਹੁੰਚਣ ਤੋਂ ਪਹਿਲਾਂ ਹੀ ਰੋਕਿਆ ਜਾ ਸਕੇ। ਪ੍ਰਧਾਨ ਮੰਤਰੀ ਨੇ ਦੇਸ਼’ਚ ਡਿਜੀਟਲ ਕ੍ਰਾਂਤੀ ਨਾਲ ਆਏ ਬਦਲਾਵਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ਨਾਲ ਡਿਜੀਟਲ ਪਾੜ ਨੂੰ ਘੱਟ ਕਰਨ ਅਤੇ ਲੋਕਾਂ ਦੇ ਜੀਵਨ ਨੂੰ ਸੁਵਿਧਾ ਭਰਪੂਰ ਬਣਾਉਣ ’ਚ ਮਦਦ ਮਿਲ ਰਹੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਹਰ ਜ਼ਿਲ੍ਹੇ ਤੱਕ 5ਜੀ ਕੁਨੈਕਟਿਵਟੀ ਪਹੁੰਚ ਗਈ ਹੈ ਅਤੇ ਫਿਲਹਾਲ 5ਜੀ ਨੈੱਟਵਰਕ ਲਈ ਸਾਢੇ 5 ਲੱਖ ਤੋਂ ਵੱਧ ਬੇਸ ਸਟੇਸ਼ਨਾਂ ’ਤੇ ਕੰਮ ਹੋ ਰਿਹਾ ਹੈ। ਮੋਦੀ ਨੇ ਕਿਹਾ ਕਿ ਮੋਬਾਈਲ ਫ਼ੋਨ ਹੁਣ ਸਿਰਫ਼ ਗੱਲਬਾਤ ਜਾਂ ਚੈਟਿੰਗ ਦਾ ਜ਼ਰੀਆ ਨਹੀਂ ਰਹਿ ਗਿਆ, ਇਹ ਸੁਸ਼ਾਸਨ ਅਤੇ ਸਰਕਾਰੀ ਸੇਵਾਵਾਂ ਤੱਕ ਪਹੁੰਚ ਦਾ ਵੱਡਾ ਜ਼ਰੀਆ ਬਣ ਗਿਆ ਹੈ। ਉਨ੍ਹਾਂ ਡੀ.ਬੀ.ਟੀ. ਦਾ ਜ਼ਿਕਰ ਕਰਦਿਆਂ ਕਿਹਾ ਕਿ ਮੋਬਾਈਲ ਨਾਲ ਜੁੜੇ ਬੈਂਕ ਖਾਤਿਆਂ ’ਚ ਤਕਰੀਬਨ 50 ਲੱਖ ਕਰੋੜ ਰੁਪਏ ਦੀ ਸਰਕਾਰੀ ਮਦਦ ਪਹੁੰਚਾਈ ਗਈ ਅਤੇ ਇਸ ਨਾਲ ਤਕਰੀਬਨ 5 ਲੱਖ ਕਰੋੜ ਰੁਪਏ ਦੀ ਬਚਤ ਹੁੰਦੀ ਹੈ। ਨਾਲ ਹੀ ਪ੍ਰਧਾਨ ਮੰਤਰੀ ਨੇ ਆਪਣੇ ਆਲੋਚਕਾਂ ’ਤੇ ਤਨਜ਼ ਕੱਸਦਿਆਂ ਕਿਹਾ ਕਿ ਡੀ.ਬੀ.ਟੀ. ਕਾਰਨ ਜਿਨ੍ਹਾਂ ਦੀ ਮੁਫ਼ਤ ਦੀ ਕਮਾਈ ਬੰਦ ਹੋ ਚੁੱਕੀ ਹੈ, ਕੀ ਉਹ ਮੋਦੀ ਨਾਲ ਪਿਆਰ ਕਰਨਗੇ? ਮੋਦੀ ਨੇ ਕਿਹਾ ਕਿ ਟੈਲੀਕਾਮ ਸੈਕਟਰ ਹੁਣ ਸਿਰਫ਼ ਨੈੱਟਵਰਕ, ਸਪੈਕਟਰਮ ਅਤੇ ਇੰਟਰਨੈੱਟ ਸਪੀਡ ਤੱਕ ਸੀਮਿਤ ਨਹੀਂ ਹੈ, ਤੇਜ਼ ਇੰਟਰਨੈੱਟ ਨੇ ਗੇਮਿੰਗ, ਕੰਟੈਂਟ ਅਤੇ ਡਿਜੀਟਲ ਕਾਰੋਬਾਰ ਲਈ ਨਵੇਂ ਮੌਕੇ ਪੈਦਾ ਕੀਤੇ ਹਨ। ਭਾਰਤ ਹੁਣ ਸਿਰਫ਼ ਨੈੱਟਵਰਕ ਦਾ ਵਿਸਤਾਰ ਨਹੀਂ ਕਰ ਰਿਹਾ, ਸਗੋਂ ਆਲਮੀ ਮਾਪਦੰਡਾਂ ਅਤੇ ਖੋਜ ਦੀ ਦਿਸ਼ਾ ’ਚ ਵੀ ਮਜ਼ਬੂਤੀ ਨਾਲ ਅੱਗੇ ਵਧ ਰਿਹਾ ਹੈ।­

ਪਿਛਲੀ ਖ਼ਬਰ ਸੁਪਰੀਮ ਕੋਰਟ ਵਲੋਂ ਸੀ.ਬੀ.ਆਈ. ਜਾਂਚ ਮਾਮਲੇ ’ਚ ਪੰਜਾਬ ਸਰਕਾਰ ਦੀ ਪਟੀਸ਼ਨ ’ਤੇ ਸੁਣਵਾਈ ਮੁਲਤਵੀ ਅਗਲੀ ਖ਼ਬਰ ਦਿੱਗਜ ਅਦਾਕਾਰ ਨਾਨਾ ਪਾਟੇਕਰ ਦਾ ਦਿਹਾਂਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।