ਕੈਨੇਡਾ ਸਰਕਾਰ ਵਲੋਂ ਵਰਕ ਪਰਮਿਟ ਨਿਯਮਾਂ 'ਚ ਫੇਰਬਦਲ <br/>
ਅਜੀਤ ਡੈਸਕ
29-01-2026
ਟੋਰਾਂਟੋ, 28 ਜਨਵਰੀ -ਕੈਨੇਡਾ ਸਰਕਾਰ ਬੀਤੇ ਸਮੇਂ ਤੋਂ ਦੇਸ਼ ਵਿਚ ਇੰਮੀਗ੍ਰੇਸ਼ਨ ਦੇ ਨਰਮ ਕਾਨੂੰਨਾਂ ਦੀ ਆੜ ਵਿਚ ਵਿਦੇਸ਼ੀਆਂ ਨੂੰ ਵਰਕ ਪਰਮਿਟ ਵੇਚਣ ਦੇ ਚੱਲੇ ਬਦਨਾਮ ਧੰਦੇ ਨੂੰ ਨੱਥਣ ਲਈ ਬੀਤੇ ਡੇਢ ਕੁ ਸਾਲ ਤੋਂ ਲਗਾਤਾਰ ਯਤਨਸ਼ੀਲ ਹੈ | ਇਸ ਸਿਲਸਿਲੇ ਵਿਚ ਹੁਣ ਪਤਾ ਲੱਗਾ ਹੈ ਕਿ ਸਰਕਾਰ ਨੇ 2026 ਵਿਚ ਲੇਬਰ ਮਾਰਕਿਟ ਇੰਪੈਕਟ ਅਸੈੱਸਮੈਂਟ (ਐੱਲ.ਐੱਮ.ਆਈ.ਏ.) ਤੋਂ ਛੋਟ ਵਾਲੇ ਵਰਕ ਪਰਮਿਟਾਂ ਦੀ ਗਿਣਤੀ ਵਧਾਉਣ ਦਾ ਫੈਸਲਾ ਕੀਤਾ ਹੈ | ਇਸਦੇ ਨਾਲ਼ ਹੀ ਦੇਸ਼ ਵਿਚ ਪੜ੍ਹਾਈ ਪੂਰੀ ਕਰਨ ਮਗਰੋਂ ਵਿਦੇਸ਼ੀ ਵਿਦਿਆਰਥੀਆਂ ਨੂੰ ਸਖਤ ਸ਼ਰਤਾਂ ਸਹਿਤ ਮਿਲਦੇ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਦੀ ਲਿਸਟ (ਖੇਤੀਬਾੜੀ, ਸਿਹਤ ਸੇਵਾਵਾਂ, ਸਾਇੰਸ, ਤਕਨੀਕ, ਇੰਜੀਨੀਅਰਿੰਗ, ਵਪਾਰ ਤੇ ਢੋਆ-ਢੁਆਈ ਆਦਿ) ਦੀ ਮੁੜ ਸਮੀਖਿਆ ਕਰਨ ਤੋਂ ਵੀ ਇਨਕਾਰ ਕਰ ਦਿੱਤਾ ਹੈ | 2026 ਵਿਚ ਐੱਲ.ਐੱਮ.ਆਈ.ਏ. ਤੋਂ ਛੋਟ ਵਾਲੇ ਵਰਕ ਪਰਮਿਟਾਂ ਦੀ ਗਿਣਤੀ 1,70,000 ਰੱਖੀ ਗਈ ਹੈ ਜੋ 2025 ਦੇ ਮੁਕਾਬਲੇ 32 ਫੀਸਦੀ ਵੱਧ ਹੈ ਪਰ ਇਸ ਗਿਣਤੀ ਵਿਚ ਜਿਨ੍ਹਾਂ ਵਿਦੇਸ਼ੀਆਂ ਦੇ ਵਰਕ ਪਰਮਿਟ ਸਮਾਪਤ ਹੋ ਰਹੇ ਹਨ ਉਨ੍ਹਾਂ ਦੇ ਵਰਕ ਪਰਮਿਟ ਇੰਮੀਗ੍ਰੇਸ਼ਨ ਮੰਤਰਾਲੇ ਵਲੋਂ ਨਵਿਆਏ ਜਾਣ ਦਾ ਜ਼ਿਕਰ ਨਹੀਂ ਹੈ | ਐੱਲ.ਐੱਮ.ਆਈ.ਏ. ਤੋਂ ਛੋਟ ਵਾਲੇ ਵਰਕ ਪਰਮਿਟ ਇੰਟਰਨੈਸ਼ਨਲ ਵਰਕ ਪਰਮਿਟ ਉਨ੍ਹਾਂ ਦੇਸ਼ਾਂ ਦੇ (ਨੌਜਵਾਨ) ਨਾਗਰਿਕਾਂ ਨੂੰ ਜਾਰੀ ਕੀਤੇ ਜਾਂਦੇ ਹਨ ਜਿਨ੍ਹਾਂ ਦੇਸ਼ਾਂ ਦੀਆਂ ਸਰਕਾਰਾਂ ਨਾਲ਼ ਕੈਨੇਡਾ ਸਰਕਾਰ ਦੇ ਸਮਝੌਤੇ ਹਨ ਤੇ ਉਨ੍ਹਾਂ (ਮੁੱਖ ਤੌਰ 'ਤੇ ਯੂਰਪ) ਦੇਸ਼ਾਂ ਵਿਚ ਕੈਨੇਡਾ ਦੇ ਨੌਜਵਾਨ ਵੀ ਜਾ ਕੇ ਬਿਨਾਂ ਕਿਸੇ ਵੱਡੀ ਰੁਕਾਵਟ ਤੋਂ ਵਰਕ ਪਰਮਿਟ ਪ੍ਰਾਪਤ ਕਰ ਸਕਦੇ ਹਨ | ਭਾਰਤ ਨਾਲ ਕੈਨੇਡਾ ਦਾ ਅਜਿਹਾ ਸਮਝੌਤਾ ਨਹੀਂ ਹੈ | ਮੰਤਰਾਲੇ ਦੇ ਅੰਕੜਿਆਂ ਅਨੁਸਾਰ ਐੱਲ.ਐੱਮ.ਆਈ.ਏ. ਨਾਲ ਮਨਜ਼ੂਰ ਕੀਤੇ ਜਾਂਦੇ ਵਰਕ ਪਰਮਿਟਾਂ ਦੀ ਗਿਣਤੀ 82000 ਤੋਂ ਘਟਾ ਕੇ 2026 ਵਿਚ 60,000 ਕੀਤੀ ਗਈ ਹੈ | 1 ਨਵੰਬਰ 2024 ਤੋਂ ਬਾਅਦ ਓਪਨ ਵਰਕ ਪਰਮਿਟ ਦੀਆਂ ਅਰਜ਼ੀਆਂ ਅਤੇ ਗਿਣਤੀ ਨੂੰ ਘਟਾਇਆ ਜਾ ਰਿਹਾ ਹੈ, ਪਰ ਇਸ ਵਿਚ ਐੱਮ.ਏ. ਅਤੇ ਪੀ.ਐੱਚ.ਡੀ ਦੀ ਉੱਚ ਵਿਦਿਆ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ ਛੋਟ ਮਿਲੀ ਹੋਈ ਹੈ | ਜੂਨ 2025 ਵਿਚ ਵੀ ਓਪਨ ਵਰਕ ਪਰਮਿਟ ਲਈ ਕੈਨੇਡਾ ਦੀ ਮਾਰਕਿਟ ਵਿਚ ਕਾਮਿਆਂ ਦੀ ਲੋੜ ਅਨੁਸਾਰ ਪੜ੍ਹਾਈ ਦੇ ਕੋਰਸਾਂ ਦੀ ਲਿਸਟ ਵਿਚ ਅਦਲਾ-ਬਦਲੀ ਕੀਤੀ ਗਈ ਸੀ ਜਿਸ ਵਿਚੋਂ 178 ਕੋਰਸ ਕੱਢ ਕੇ 119 ਹੋਰ ਕੋਰਸ ਸ਼ਾਮਿਲ ਕੀਤੇ ਗਏ ਸਨ | ਮਿਲੀ ਜਾਣਕਾਰੀ ਅਨੁਸਾਰ ਇਸ ਸਾਲ 2026 ਦੌਰਾਨ ਇੰਮੀਗ੍ਰੇਸ਼ਨ ਮੰਤਰਾਲੇ ਵਲੋਂ ਵਿਦੇਸ਼ੀ ਵਿਦਿਆਰਥੀਆਂ ਲਈ ਓਪਨ ਵਰਕ ਪਰਮਿਟ ਦੀ ਲਿਸਟ ਵਿਚ ਤਬਦੀਲੀ ਕੀਤੇ ਜਾਣ ਦੀ ਸੰਭਾਵਨਾ ਨਹੀਂ ਹੈ | ਇਸੇ ਦੌਰਾਨ ਪ੍ਰੋਵਿੰਸ਼ੀਅਲ ਨਾਮੀਨੀ (ਪੀ.ਐੱਨ.ਪੀ.) ਪ੍ਰੋਗਰਾਮ ਤਹਿਤ ਯੋਗ ਉਮੀਦਵਾਰਾਂ ਨੂੰ (ਪਰਮਾਨੈਂਟ ਇੰਮੀਗ੍ਰੇਸ਼ਨ ਦੀ ਅਰਜੀ ਦਾ ਨਿਪਟਾਰਾ ਕਰਨ ਦੇ ਸਮੇਂ ਲਈ) ਦਿੱਤਾ ਜਾਂਦਾ ਦੋ ਸਾਲਾਂ ਦਾ ਓਪਨ ਵਰਕ ਪਰਮਿਟ ਮਿਲਣਾ ਜਾਰੀ ਰਹੇਗਾ | ਕੈਨੇਡਾ ਵਿਚ ਐੱਲ.ਐੱਮ.ਆਈ.ਏ. ਧਾਂਦਲੀ ਨੱਥਣ ਲਈ ਸਰਕਾਰ ਬੀਤੇ ਸਾਲਾਂ ਦੇ ਮੁਕਾਬਲੇ ਹੁਣ ਵੱਧ ਗੰਭੀਰ ਹੈ ਜਿਸ ਕਰਕੇ ਐੱਲ.ਐੱਮ.ਆਈ.ਏ. ਮਨਜ਼ੂਰ ਕਰਨ ਵਾਲੇ ਵਿਭਾਗ ਵਲੋਂ ਵਿਦੇਸ਼ੀ ਕਾਮਿਆਂ ਨੂੰ ਕੈਨੇਡਾ ਦੇ ਕਾਰੋਬਾਰੀਆਂ ਦੇ ਜੂਲੇ ਵਿਚ ਕੱਢਣ ਲਈ ਨੀਤੀਆਂ ਵਿਚ ਸਾਰਥਿਕ ਤਬਦੀਲੀਆਂ ਕੀਤੀਆਂ ਗਈਆਂ ਹਨ | ਇਸੇ ਦੌਰਾਨ ਪਤਾ ਲੱਗਾ ਹੈ ਕਿ ਕੈਨੇਡਾ ਸਰਕਾਰ ਨੇ ਦੇਸ਼ ਵਿਚ ਸ਼ਰਨ ਲੈਣ ਲਈ (ਅੰਨ੍ਹੇਵਾਹ) ਅਪਲਾਈ ਕਰਨ ਵਾਲੇ ਵਿਦੇਸ਼ੀ ਨਾਗਰਿਕਾਂ ਦੀਆਂ ਸਿਹਤ ਸਹੂਲਤਾਂ ਵਿਚ ਕੁਝ ਕਟੌਤੀ ਕਰਨ ਦਾ ਫੈਸਲਾ ਕੀਤਾ ਹੈ ਅਤੇ ਕੇਸਾਂ ਦੇ ਫੈਸਲੇ (ਬਹੁਤੇ ਇਨਕਾਰ) ਤੇਜ਼ੀ ਨਾਲ ਕੀਤੇ ਜਾ ਰਹੇ ਹਨ | ਗੈਰਕਾਨੂੰਨੀ ਤੌਰ 'ਤੇ ਦੇਸ਼ ਵਿਚ ਵਿਚਰ ਰਹੇ ਜਾਂ ਮੁਜ਼ਰਿਮ ਬਣੇ ਵਿਦੇਸ਼ੀਆਂ ਨੂੰ ਡਿਪੋਰਟ ਕਰਨ ਦਾ ਸਿਲਸਿਲਾ ਵੀ ਤੇਜੀ ਨਾਲ ਜਾਰੀ ਹੈ |