15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਚੰਡੀਗੜ੍ਹ ਦੇ 30 ਸਕੂਲਾਂ ਨੂੰ ਈਮੇਲ ਰਾਹੀਂ ਬੰਬ ਦੀ ਧਮਕੀ <br/>

ਅਜੀਤ ਡੈਸਕ 29-01-2026

ਚੰਡੀਗੜ੍ਹ, 28 ਜਨਵਰੀ (ਕਪਿਲ ਵਧਵਾ)–ਯੂ.ਟੀ. ਚੰਡੀਗੜ੍ਹ ਦੇ ਕਰੀਬ 30 ਨਿੱਜੀ ਤੇ ਸਰਕਾਰੀ ਸਕੂਲਾਂ ਨੂੰ ਈਮੇਲ ਜ਼ਰੀਏ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਨਾਲ ਸ਼ਹਿਰ ਭਰ ਵਿਚ ਹੜਕੰਪ ਮੱਚ ਗਿਆ | ਧਮਕੀ ਮਿਲਦੇ ਹੀ ਸੁਰੱਖਿਆ ਦੇ ਮੱਦੇਨਜ਼ਰ ਸੰਬੰਧਿਤ ਸਕੂਲਾਂ ਨੂੰ ਤੁਰੰਤ ਖਾਲੀ ਕਰਵਾ ਲਿਆ ਗਿਆ | ਪੁਲਿਸ ਦੀਆਂ ਟੀਮਾਂ, ਬੰਬ ਵਿਰੋਧੀ ਦਸਤਾ ਅਤੇ ਡੌਗ ਸਕੁਐਡ ਮੌਕੇ 'ਤੇ ਪਹੁੰਚੇ ਅਤੇ ਸਕੂਲ ਦੀਆਂ ਇਮਾਰਤਾਂ ਅਤੇ ਬਾਹਰਲੇ ਹਿੱਸਿਆਂ ਦੀ ਡੂੰਘਾਈ ਨਾਲ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ | ਸੂਤਰਾਂ ਮੁਤਾਬਿਕ ਜਿਨ੍ਹਾਂ ਸਕੂਲਾਂ ਨੂੰ ਧਮਕੀ ਮਿਲੀ, ਉਨ੍ਹਾਂ ਵਿਚ ਸੈਕਟਰ-26 ਸਥਿਤ ਸੰਤ ਕਬੀਰ ਸਕੂਲ, ਸੈਕਟਰ-19 ਦੇ ਦੋ ਮਾਡਲ ਸਕੂਲ, ਸੈਕਟਰ-25 ਸਥਿਤ ਚਿਤਕਾਰਾ ਸਕੂਲ, ਰਿਆਨ ਇੰਟਰਨੈਸ਼ਨਲ ਸਕੂਲ ਸਮੇਤ ਸੈਕਟਰ-22, 35, 45 ਤੇ 21 ਸਮੇਤ ਚੰਡੀਗੜ੍ਹ ਵਿਚ ਸਥਿਤ ਕਈ ਸਰਕਾਰੀ ਤੇ ਨਿੱਜੀ ਸਕੂਲ ਸ਼ਾਮਿਲ ਹਨ | ਇਸ ਸੰਬੰਧੀ ਚੰਡੀਗੜ੍ਹ ਪੁਲਿਸ ਹੈੱਡਕੁਆਰਟਰ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਸ.ਐਸ.ਪੀ. ਚੰਡੀਗੜ੍ਹ ਕੰਵਰਦੀਪ ਕੌਰ ਨੇ ਦੱਸਿਆ ਕਿ ਅੱਜ ਸਵੇਰੇ ਕਰੀਬ 8 ਵਜੇ ਚਾਰ ਸਕੂਲਾਂ ਵਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ ਕਿ ਉਨ੍ਹਾਂ ਨੂੰ ਜੀਮੇਲ ਐਡਰੈੱਸ ਤੋਂ ਈਮੇਲ ਰਾਹੀਂ ਬੰਬ ਧਮਕੀ ਮਿਲੀ ਹੈ | ਸੂਚਨਾ ਮਿਲਦੇ ਹੀ ਪੁਲਿਸ ਵਲੋਂ ਤੁਰੰਤ ਬੰਬ ਵਿਰੋਧੀ ਦਸਤੇ ਅਤੇ ਡੌਗ ਸਕੁਐਡ, ਫਾਇਰ ਬਿ੍ਗੇਡ ਅਤੇ ਪੀ. ਸੀ. ਆਰ. ਵਾਹਨਾਂ ਨੂੰ ਸਕੂਲਾਂ ਵਿਚ ਭੇਜਿਆ ਗਿਆ | ਐਸ.ਐਸ.ਪੀ. ਨੇ ਦੱਸਿਆ ਕਿ ਦੁਪਹਿਰ 12 ਵਜੇ ਤੱਕ ਐਂਟੀ ਸਾਬੋਤਾਜ ਯੂਨਿਟ ਵਲੋਂ 10 ਸਕੂਲਾਂ ਦੀ ਤਲਾਸ਼ੀ ਪੂਰੀ ਕਰਕੇ ਉਨ੍ਹਾਂ ਨੂੰ ਸੁਰੱਖਿਅਤ ਕਰਾਰ ਦਿੱਤਾ ਗਿਆ | ਜਦਕਿ ਬਾਕੀ ਸਕੂਲਾਂ ਦੀ ਜਾਂਚ ਬਾਅਦ ਵਿਚ ਮੁਕੰਮਲ ਕਰ ਲਈ ਗਈ | ਉਨ੍ਹਾਂ ਹੋਰ ਦੱਸਿਆ ਕਿ ਇਸ ਮਾਮਲੇ ਵਿਚ ਸੈਕਟਰ-17 ਸਥਿਤ ਥਾਣੇ ਵਿਚ ਮਾਮਲਾ ਦਰਜ ਕਰ ਲਿਆ ਗਿਆ ਹੈ | ਧਮਕੀ ਦੇ ਸਰੋਤ ਦੀ ਪਛਾਣ ਲਈ ਡੀ. ਐੱਸ. ਪੀ. ਵੈਂਕਟੇਸ਼ ਦੀ ਅਗਵਾਈ ਵਿਚ ਸਾਈਬਰ ਕ੍ਰਾਈਮ ਦੇ ਪੁਲਿਸ ਅਧਿਕਾਰੀਆਂ ਵਲੋਂ ਗੂਗਲ ਦੇ ਹੈੱਡਕੁਆਰਟਰ ਨਾਲ ਤਾਲਮੇਲ ਕਰਕੇ ਜਾਂਚ ਕੀਤੀ ਜਾ ਰਹੀ ਹੈ | ਪੁਲਿਸ ਵਲੋਂ ਸੁਰੱਖਿਆ ਦੇ ਮੱਦੇਨਜ਼ਰ ਅੱਜ ਤੋਂ ਸਕੂਲਾਂ ਦੇ ਆਲੇ-ਦੁਆਲੇ ਪੁਲਿਸ ਕਰਮਚਾਰੀ ਤਾਇਨਾਤ ਕੀਤੇ ਜਾਣਗੇ | ਐਸ.ਐਸ.ਪੀ. ਨੇ ਲੋਕਾਂ ਨੂੰ ਅਫਵਾਹਾਂ ਤੋਂ ਦੂਰ ਰਹਿਣ ਅਤੇ ਕੇਵਲ ਪੁਲਿਸ ਵਲੋਂ ਜਾਰੀ ਅਧਿਕਾਰਕ ਜਾਣਕਾਰੀ 'ਤੇ ਹੀ ਭਰੋਸਾ ਕਰਨ ਦੀ ਅਪੀਲ ਕੀਤੀ ਹੈ |

ਪਿਛਲੀ ਖ਼ਬਰ ਐਸ.ਐਸ.ਪੀ. ਮੁਹਾਲੀ ਦਫ਼ਤਰ ਦੇ ਬਾਹਰ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ <br/> ਅਗਲੀ ਖ਼ਬਰ ਲਾਲਾ ਲਾਜਪਤ ਰਾਏ ਦੇ ਜਨਮ ਸਥਾਨ ਢੁੱਡੀਕੇ ਨੂੰ ਮਾਡਲ ਪਿੰਡ ਵਜੋਂ ਵਿਕਸਿਤ ਕੀਤਾ ਜਾਵੇਗਾ-ਮੁੱਖ ਮੰਤਰੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।