ਕਪੂਰਥਲਾ, 4 ਦਸੰਬਰ (ਵਿ.ਪ੍ਰ.)-ਯੂਨੀਵਰਸਿਟੀ ਕਾਲਜ ਲੜਕੀਆਂ ਫੱਤੂਢੀਂਗਾ ਵਿਚ ਸੰਵਿਧਾਨ ਦਿਵਸ ਦੇ ਸਬੰਧ ਵਿਚ ਇਕ ਸੈਮੀਨਾਰ ਕਰਵਾਇਆ ਗਿਆ | ਜਿਸ ਵਿਚ ਪ੍ਰੋ. ਕੁਲਜੀਤ ਕੌਰ ਨੇ ਸੰਵਿਧਾਨ ਦੀ ਭੂਮਿਕਾ, ਮੂਲ ਅਧਿਕਾਰਾਂ, ਕਰਤੱਵਾਂ ਅਤੇ ਨਿਰਦੇਸ਼ਕ ਸਿੱਧਾਂਤਾ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ | ਉਨਾਂ ਨੂੰ ਸੰਵਿਧਾਨ ਦੀ ਪ੍ਰੀਐਂਬਲ ਦਾ ਉਚਾਰਨ ਕਰਵਾਇਆ ਤੇ ਇਸ ਦੀ ਮਹੱਤਤਾ ਬਾਰੇ ਵੀ ਚਰਚਾ ਕੀਤੀ | ਇਸ ਤੋਂ ਪਹਿਲਾਂ ਕਾਲਜ ਦੇ ਪਿ੍ੰਸੀਪਲ ਡਾ. ਦਲਜੀਤ ਸਿੰਘ ਖਹਿਰਾ ਨੇ ਕਿਹਾ ਕਿ ਭਾਰਤ ਦਾ ਸੰਵਿਧਾਨ ਸਿਰਫ਼ ਕਾਨੂੰਨਾਂ ਦਾ ਸੰਗ੍ਰਹਿ ਨਹੀਂ, ਸਗੋਂ ਆਜ਼ਾਦੀ, ਸਮਾਨਤਾ, ਨਿਆਂ ਅਤੇ ਭਰਾਤਰੀ ਭਾਵਨਾ ਦੀ ਜੀਵੰਤ ਪ੍ਰਤੀਕਿਰਤੀ ਹੈ | ਉਨਾਂ ਡਾ. ਭੀਮ ਰਾਓ ਅੰਬੇਡਕਰ ਵਲੋਂ ਸੰਵਿਧਾਨ ਦੀ ਰਚਨਾ ਵਿਚ ਪਾਏ ਗਏ ਯੋਗਦਾਨ ਲਈ ਵੀ ਉਨਾਂ ਨੂੰ ਯਾਦ ਕੀਤਾ | ਸੈਮੀਨਾਰ ਨੂੰ ਸਫ਼ਲ ਬਣਾਉਣ ਵਿਚ ਕਾਲਜ ਦੇ ਐਨ.ਐਸ. ਯੂਨਿਟ ਦੀ ਕੋਆਰਡੀਨੇਟਰ ਪ੍ਰੋ. ਕੁਲਦੀਪ ਕੌਰ ਨੇ ਵਿਸ਼ੇਸ਼ ਯੋਗਦਾਨ ਪਾਇਆ | ਸੈਮੀਨਾਰ ਦੀ ਸਮਾਪਤੀ 'ਤੇ ਕਾਲਜ ਦੇ ਸਟਾਫ਼ ਤੇ ਵਿਦਿਆਰਥੀਆਂ ਨੇ ਸੰਵਿਧਾਨ ਪ੍ਰਤੀ ਵਫ਼ਾਦਾਰੀ ਤੇ ਜ਼ਿੰਮੇਵਾਰ ਨਾਗਰਿਕ ਬਣਨ ਦਾ ਸੰਕਲਪ ਦੁਹਰਾਇਆ |