ਕਪੂਰਥਲਾ, 3 ਦਸੰਬਰ (ਸਡਾਨਾ)-ਸੈਨਿਕ ਸਕੂਲ ਸੁਸਾਇਟੀ ਦੇ ਨਿਰੀਖਣ ਅਧਿਕਾਰੀ ਏਅਰ ਕਮੋਡੋਰ ਸ਼ਕਤੀ ਸ਼ਰਮਾ ਨੇ ਅੱਜ ਸੈਨਿਕ ਸਕੂਲ ਕਪੂਰਥਲਾ ਦਾ ਦੌਰਾ ਕੀਤਾ | ਆਪਣੇ ਇਕ ਦਿਨਾਂ ਦੌਰੇ ਦੌਰਾਨ ਨਿਰੀਖਣ ਅਧਿਕਾਰੀ ਨੇ ਸਕੂਲ ਦੀਆਂ ਅਕਾਦਮਿਕ ਗਤੀਵਿਧੀਆਂ ਅਤੇ ਪ੍ਰਸ਼ਾਸਨਿਕ ਕੰਮਾਂ ਦਾ ਜਾਇਜ਼ਾ ਲਿਆ | ਸਭ ਤੋਂ ਪਹਿਲਾਂ ਉਨ੍ਹਾਂ ਨੇ ਸਕੂਲ ਵਿਖੇ ਸਥਿਤ ਯਾਦਗਾਰੀ ਸਥਾਨ 'ਤੇ ਸ਼ਹੀਦਾਂ ਨੂੰ ਸ਼ਰਧਾ ਦੇ ਫ਼ੁਲ ਭੇਟ ਕੀਤੇ | ਇਸ ਤੋਂ ਬਾਅਦ ਐਨ.ਸੀ.ਸੀ. ਦੇ ਕੈਡਿਟਾਂ ਨੇ ਉਨ੍ਹਾਂ ਨੂੰ ਗਾਰਡ ਆਫ਼ ਆਨਰ ਦਿੱਤਾ | ਏਅਰ ਕਮੋਡੋਰ ਸ਼ਕਤੀ ਸ਼ਰਮਾ ਵਲੋਂ ਸਕੂਲ ਦੀ ਇਮਾਰਤ, ਸਾਰੀਆਂ ਲੈਬਾਂ, ਆਰਟ ਰੂਮ, ਕਲਾਸਾਂ ਦੇ ਕਮਰੇ ਅਤੇ ਹੋਸਟਲ ਆਦਿ ਦਾ ਵੀ ਵਿਸਥਾਰ ਪੂਰਵਕ ਨਿਰੀਖਣ ਕਰਕੇ ਜਾਣਕਾਰੀ ਹਾਸਲ ਕੀਤੀ | ਉਨ੍ਹਾਂ ਅਕਾਦਮਿਕ ਗਤੀਵਿਧੀਆਂ, ਕੈਡਿਟਾ ਦੀ ਸਿਖਲਾਈ, ਸਾਲਾਨਾ ਯੋਜਨਾਵਾਂ ਤੇ ਨਤੀਜਿਆਂ ਸਬੰਧੀ ਵੀ ਅਧਿਕਾਰੀਆਂ ਨਾਲ ਵਿਸਥਾਰ ਪੂਰਵਕ ਚਰਚਾ ਕੀਤੀ | ਇੱਥੇ ਜ਼ਿਕਰਯੋਗ ਹੈ ਕਿ ਸੈਨਿਕ ਸਕੂਲ ਕਪੂਰਥਲਾ ਦੀ ਅਕਾਦਮਿਕ ਇਮਾਰਤ ਅਤੇ ਪ੍ਰਸ਼ਾਸਨਿਕ ਇਮਾਰਤ ਦੇ ਨਾਲ ਨਾਲ ਹੋਸਟਲ ਵੀ ਕਾਫ਼ੀ ਖਸਤਾ ਹਾਲ ਹੋ ਚੁੱਕੇ ਹਨ | ਇਹ ਇਮਾਰਤ ਕਰੀਬ ਸਵਾ 100 ਸਾਲ ਪੁਰਾਣੀ ਹੈ ਤੇ ਕਾਫ਼ੀ ਖਸਤਾ ਹਾਲ ਵਿਚ ਹੈ, ਜੋ ਕਿ ਖ਼ਤਰੇ ਤੋਂ ਖ਼ਾਲੀ ਨਹੀਂ | ਬਰਸਾਤ ਦੇ ਮੌਸਮ ਦੌਰਾਨ ਕਈ ਹਿੱਸਿਆਂ ਤੋਂ ਪਾਣੀ ਚੌਂਦਾ ਹੈ, ਜਿਸ ਕਾਰਨ ਕਲਾਸਾਂ ਵਿਚ ਪੜ੍ਹਾਈ ਵਿਚ ਵੀ ਵਿਘਨ ਪੈਦਾ ਹੈ | ਇਸ ਸਬੰਧੀ ਪਿ੍ੰਸੀਪਲ ਗਰੁੱਪ ਕੈਪਟਨ ਮਧੂ ਸੇਂਗਰ ਨੇ ਪਹਿਲਾਂ ਹੀ ਸੈਨਿਕ ਸਕੂਲ ਸੁਸਾਇਟੀ ਅਤੇ ਰੱਖਿਆ ਮੰਤਰਾਲੇ ਨੂੰ ਸੂਚਿਤ ਕਰ ਦਿੱਤਾ ਹੈ ਤੇ ਇਸੇ ਤਹਿਤ ਏਅਰ ਕਮੋਡੋਰ ਸ਼ਕਤੀ ਸ਼ਰਮਾ ਨੇ ਅੱਜ ਸਕੂਲ ਦਾ ਦੌਰਾ ਕੀਤਾ | ਉਨ੍ਹਾਂ ਆਡੀਟੋਰੀਅਮ ਵਿਖੇ ਅਸੈਂਬਲੀ ਦੌਰਾਨ ਕੈਡਿਟਾਂ ਨੂੰ ਸੰਬੋਧਨ ਕੀਤਾ ਤੇ ਆਪਣੇ ਵਿਚਾਰ ਉਨ੍ਹਾਂ ਨਾਲ ਸਾਂਝੇ ਕਰਦਿਆਂ ਉਨ੍ਹਾਂ ਨੂੰ ਅਨੁਸ਼ਾਸਨ, ਦੇਸ਼ ਭਗਤੀ ਸਬੰਧੀ ਸਮਰਪਣ ਲਈ ਪ੍ਰੇਰਿਤ ਕੀਤਾ | ਇਸ ਮੌਕੇ ਪਿ੍ੰਸੀਪਲ ਗਰੁੱਪ ਕੈਪਟਨ ਮਧੂ ਸੇਂਗਰ ਤੋਂ ਇਲਾਵਾ ਵਾਈਸ ਪਿ੍ੰਸੀਪਲ ਕਮਾਂਡਰ ਸੰਦੀਪ ਸਿੰਘ ਵਿਰਕ, ਪ੍ਰਸ਼ਾਸਨਿਕ ਅਧਿਕਾਰੀ ਲੈਫ਼ਟੀਨੈਂਟ ਕਰਨਲ ਉਮੇਸ਼ ਮੋਲੇ ਤੇ ਹੋਰ ਹਾਜ਼ਰ ਸਨ |