ਕਾਲਾ ਸੰਘਿਆਂ, 3 ਦਸੰਬਰ (ਬਲਜੀਤ ਸਿੰਘ ਸੰਘਾ)-ਸਥਾਨਕ ਇਲਾਕੇ ਵਿਚ ਮੋਟਰਸਾਈਕਲ ਚੋਰਾਂ ਤਰਥੱਲੀ ਮਚਾਈ ਪਈ ਹੈ ਜਿਵੇਂ ਇਹ ਇਲਾਕਾ ਉਨ੍ਹਾਂ ਠੇਕੇ ਤੇ ਲੈ ਲਿਆ ਹੋਵੇ | ਨਿੱਤ ਦਿਹਾੜੇ ਕੋਈ ਨਾ ਕੋਈ ਨਵੀਂ ਮੋਟਰਸਾਈਕਲ ਚੋਰੀ ਦੀ ਖ਼ਬਰ ਸੁਣਨ ਨੂੰ ਮਿਲਦੀ ਹੈ ਪਰ ਪੁਲਿਸ ਦੇ ਹੱਥ ਖਾਲੀ ਹਨ | ਅੱਜ ਦਿਨ ਦਿਹਾੜੇ ਸ਼ਰੇਆਮ ਜਲੰਧਰ ਰੋਡ ਕਾਲਾ ਸੰਘਿਆਂ ਤੋਂ ਮੋਟਰਸਾਈਕਲ ਚੁੱਕਿਆ ਗਿਆ | ਉਕਤ ਪਲਟੀਨਾ ਮੋਟਰਸਾਈਕਲ ਪੀ ਬੀ 09 ਏ ਐਸ 3186 ਨੂੰ ਚੋਰੀ ਕਰਦੇ ਚੋਰਾਂ ਦੀਆਂ ਨੰਗੇ ਮੂੰਹ ਤਸਵੀਰਾਂ ਕੈਮਰੇ ਵਿਚ ਕੈਦ ਹਨ | ਪੀੜਤ ਯਾਕਵ ਅਲੀ ਸਪੁੱਤਰ ਅਹਿਮਦ ਦੱਸਿਆ ਕਿ ਅਸੀਂ ਕੁਝ ਸਮਾਂ ਪਹਿਲਾਂ ਲੁਭਾਇਆ ਸਿੰਘ ਸਾਬਕਾ ਸਰਪੰਚ ਦੇ ਘਰ ਮੋਟਰਸਾਈਕਲ ਲਾ ਕੇ ਗਏ ਸੀ ਕਿ ਚੋਰ ਮੋਟਰਸਾਈਕਲ ਲੈ ਉੱਡੇ | ਕਾਫ਼ੀ ਸਮਾਂ ਇੱਧਰ ਉੱਧਰ ਲੱਭਣ ਉਪਰੰਤ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ | ਇਸੇ ਤਰਾਂ ਕੁੱਝ ਦਿਨ ਪਹਿਲਾਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸਰਬਣ ਸਿੰਘ ਸਪੁੱਤਰ ਨਿਰੰਜਣ ਸਿੰਘ ਵਾਸੀ ਆਲਮਗੀਰ ਕਾਲਾ ਸੰਘਿਆਂ ਦਾ ਗੁਰਦੁਆਰਾ ਬਾਬਾ ਕਾਹਨ ਦਾਸ ਤੋਂ ਮੋਟਰਸਾਈਕਲ ਨੰਬਰ ਪੀ ਬੀ 09 ਏ ਐਫ 4919 ਸਪਲੈਂਡਰ ਦਿਨੇ 4:30 ਵਜੇ ਚੋਰੀ ਹੋ ਗਿਆ ਸੀ, ਜਿਸ ਦਾ ਵੀ ਕੋਈ ਖੁਰਾ ਖੋਜ ਨਹੀਂ ਮਿਲ ਸਕਿਆ | ਸਰਬਣ ਸਿੰਘ ਨੇ ਦੱਸਿਆ ਕਿ ਉਹ ਕਈ ਵੇਰ ਪੁਲਿਸ ਚੌਂਕੀ ਗੇੜੇ ਮਾਰ ਚੁੱਕੇ ਹਨ ਅਤੇ ਪੁਲਿਸ ਨੂੰ ਸੀ ਸੀ ਟੀ ਵੀ ਫੁਟੇਜ ਵੀ ਕਢਵਾ ਕੇ ਦਿੱਤੀ ਹੈ | ਚੋਰੀਆਂ ਲਗਾਤਾਰ ਜਾਰੀ ਹਨ |