ਕਪੂਰਥਲਾ, 3 ਦਸੰਬਰ (ਸਡਾਨਾ)-ਬੀਤੇ ਦਿਨੀਂ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਦੋ ਵਿਅਕਤੀਆਂ ਦੀ ਹੋਈ ਮਾਰਕੁੱਟ ਦੇ ਮਾਮਲੇ ਸਬੰਧੀ ਥਾਣਾ ਸਿਟੀ ਪੁਲਿਸ ਵਲੋਂ ਤਿੰਨ ਵਿਅਕਤੀਆਂ ਵਿਰੁੱਧ ਦਰਜ ਕੀਤੇ ਗਏ ਮਾਮਲੇ ਵਿਚ ਅੱਜ ਆਪਣਾ ਪੱਖ ਦੱਸਦੇ ਹੋਏ ਜੋਗਾ ਸਿੰਘ ਅਟਵਾਲ ਤੇ ਬਲਦੇਵ ਸਿੰਘ ਨੇ ਉਨ੍ਹਾਂ 'ਤੇ ਦਰਜ ਹੋਏ ਕੇਸ ਨੂੰ ਝੂਠਾ ਦੱਸਿਆ | ਉਨ੍ਹਾਂ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਸ ਘਟਨਾ ਨੂੰ ਲੈ ਕੇ ਉਨ੍ਹਾਂ 'ਤੇ ਕੇਸ ਦਰਜ ਹੋਇਆ ਹੈ, ਉਹ ਬੀਤੀ 10 ਅਕਤੂਬਰ ਦੀ ਹੈ | ਜੋਗਾ ਸਿੰਘ ਅਟਵਾਲ ਤੇ ਬਲਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਪਹਿਲਾਂ ਹੀ ਇਹ ਖ਼ਦਸ਼ਾ ਸੀ ਕਿ ਮਲੂਕ ਸੰਧੂ ਤੇ ਉਸ ਦੇ ਸਾਥੀ ਉਨ੍ਹਾਂ ਨਾਲ ਲੜਾਈ ਝਗੜਾ ਆਦਿ ਕਰ ਸਕਦੇ ਹਨ, ਇਸ ਨੂੰ ਲੈ ਕੇ ਉਨ੍ਹਾਂ 9 ਅਕਤੂਬਰ ਨੂੰ ਐਸ.ਐਸ.ਪੀ. ਨੂੰ ਲਿਖਤੀ ਸ਼ਿਕਾਇਤ ਕੀਤੀ ਸੀ ਤੇ ਮਲੂਕ ਸੰਧੂ ਵਲੋਂ ਆਪਣੇ ਸਾਥੀਆਂ ਦੇ ਨਾਲ 10 ਅਕਤੂਬਰ ਨੂੰ ਉਨ੍ਹਾਂ ਦੇ ਭਰਾ ਬਲਦੇਵ ਸਿੰਘ ਵਾਸੀ ਪੀਰ ਚੌਧਰੀ ਰੋਡ ਦੇ ਘਰ ਆ ਕੇ ਉਨ੍ਹਾਂ ਦੋਵਾਂ ਭਰਾਵਾਂ ਤੇ ਉਨ੍ਹਾਂ ਦੇ ਲੜਕੇ ਅਰੁਣਵੀਰ ਅਟਵਾਲ ਨਾਲ ਕਥਿਤ ਮਾਰਕੁੱਟ ਕੀਤੀ ਗਈ, ਜਿਸ ਸਬੰਧੀ ਪੁਲਿਸ ਵੀ ਮੌਕੇ 'ਤੇ ਆਈ ਤੇ ਉਨ੍ਹਾਂ ਵਲੋਂ ਹਸਪਤਾਲ ਤੋਂ ਇਲਾਜ ਕਰਵਾ ਕੇ ਕਾਨੂੰਨੀ ਕਾਰਵਾਈ ਵੀ ਆਰੰਭ ਕੀਤੀ ਗਈ, ਪਰ ਸਿਟੀ ਪੁਲਿਸ ਨੇ ਉਨ੍ਹਾਂ ਨੂੰ ਇਨਸਾਫ਼ ਨਹੀਂ ਦਿੱਤਾ ਤੇ ਉਲਟਾ ਉਨ੍ਹਾਂ 'ਤੇ ਹੀ ਕੇਸ ਦਰਜ ਕੀਤਾ ਗਿਆ ਹੈ, ਜਦਕਿ ਉਨ੍ਹਾਂ ਦੇ ਬਿਆਨਾਂ ਤੇ ਮਲੂਕ ਸੰਧੂ ਤੇ ਉਨ੍ਹਾਂ ਦੇ ਸਾਥੀਆਂ ਵਿਰੁੱਧ ਕਾਰਵਾਈ ਨਹੀਂ ਕੀਤੀ ਗਈ | ਜੋਗਾ ਸਿੰਘ ਅਟਵਾਲ ਨੇ ਦੱਸਿਆ ਕਿ ਇਸ ਮਾਮਲੇ ਦੀ ਨਿਰਪੱਖ ਜਾਂਚ ਕਰਵਾਉਣ ਲਈ ਉਨ੍ਹਾਂ ਵਲੋਂ ਜ਼ਿਲ੍ਹਾ ਪੁਲਿਸ ਮੁਖੀ ਨੂੰ ਲਿਖਤੀ ਸ਼ਿਕਾਇਤ ਵੀ ਦੇ ਦਿੱਤੀ ਗਈ ਹੈ ਤੇ ਉਨ੍ਹਾਂ ਨੂੰ ਭਰੋਸਾ ਹੈ ਕਿ ਪੁਲਿਸ ਉਨ੍ਹਾਂ ਨੂੰ ਇਨਸਾਫ਼ ਦਿਵਾਏਗੀ |