ਭੁਲੱਥ, 3 ਦਸੰਬਰ (ਮਨਜੀਤ ਸਿੰਘ ਰਤਨ)-ਅਲਪਾਈਨ ਪਬਲਿਕ ਹਾਈ ਸਕੂਲ ਭਟਨੂਰਾ ਕਲਾਂ ਵਿਚ ਵਿਦਿਆਰਥੀਆਂ ਅਤੇ ਮਾਪਿਆਂ ਲਈ ਮੇਲਾ ਲਗਾਇਆ ਗਿਆ | ਇਹ ਮੇਲਾ ਜੋ ਕਿ ਮਨੋਰੰਜਨ ਨਾਲ ਭਰਪੂਰ ਸੀ ਵਿਚ ਤੀਰ ਅੰਦਾਜ਼ੀ, ਗੰਨ ਸ਼ੂਟਿੰਗ ਅਤੇ ਹੋਰ ਕਈ ਤਰਾਂ ਦੀਆਂ ਗੇਮਾਂ ਕਰਵਾਈਆਂ ਗਈਆਂ ਜਿਸ ਵਿਚ ਸਕੂਲ ਦੇ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ | ਇਸ ਮੌਕੇ 'ਤੇ ਮਾਪਿਆਂ ਅਤੇ ਵਿਦਿਆਰਥੀਆਂ ਲਈ ਖ਼ਾਸ ਗੇਮਾਂ ਕਰਵਾਈਆਂ ਗਈਆਂ, ਜਿਨਾਂ ਦੇ ਜੇਤੂਆਂ ਨੂੰ ਤੁਰੰਤ ਤੋਹਫ਼ੇ ਦਿੱਤੇ ਗਏ | ਇਸ ਮੌਕੇ 'ਤੇ ਵਿਦਿਆਰਥੀਆਂ ਵੱਲੋਂ ਪੇਸ਼ ਕੀਤੀਆਂ ਸੁੰਦਰ ਸਭਿਆਚਾਰਕ ਪ੍ਰਸਤੁਤੀਆਂ ਨੇ ਸਮਾਗਮ ਨੂੰ ਹੋਰ ਸੁਹਾਵਣਾ ਬਣਾ ਦਿੱਤਾ | ਇਸ ਮੇਲੇ ਵਿਚ ਲੱਕੀ ਡਰਾਅ ਵੀ ਕੱਢੇ ਗਏ ਜਿਨਾਂ ਵਿਚ ਜੇਤੂਆਂ ਨੂੰ ਪਹਿਲਾ ਇਨਾਮ ਫ਼ਰਿਜ, ਦੂਜਾ ਇਨਾਮ ਮਾਈਕਰੋਵੇਵ ਓਵਨ, ਤੀਜਾ ਇਨਾਮ, ਏਅਰ ਫਰਾਇਰ ਦਿੱਤਾ ਗਿਆ | ਇਹਨਾਂ ਤੋਂ ਇਲਾਵਾ ਮਾਪਿਆਂ ਨੂੰ 100 ਹੋਰ ਤੋਹਫ਼ੇ ਵੀ ਦਿੱਤੇ ਗਏ | ਇਸ ਮੌਕੇ 'ਤੇ ਸਕੂਲ ਦੇ ਪ੍ਰਧਾਨ ਕੁਲਵੰਤ ਸਿੰਘ ਨੇ ਸਾਰੇ ਮਾਪਿਆਂ ਦਾ ਇਸ ਮੇਲੇ ਵਿਚ ਆਉਣ ਲਈ ਧੰਨਵਾਦ ਕੀਤਾ ਅਤੇ ਪਿ੍ੰਸੀਪਲ ਡਾ. ਸੰਗੀਤ ਕੁਮਾਰ ਨੇ ਹਰੇਕ ਵਿਦਿਆਰਥੀ ਦੀ ਮਿਹਨਤ ਅਤੇ ਭਾਗੀਦਾਰੀ ਦੀ ਸਰਾਹਨਾ ਕੀਤੀ | ਇਸ ਮੌਕੇ ਤੇ ਸਮੂਹ ਸਕੂਲ ਸਟਾਫ਼ ਵਿਦਿਆਰਥੀ ਅਤੇ ਉਨਾਂ ਦੇ ਮਾਪੇ ਹਾਜ਼ਰ ਸਨ |