ਡਡਵਿੰਡੀ, 2 ਦਸੰਬਰ (ਦਿਲਬਾਗ ਸਿੰਘ ਝੰਡ)-ਇਥੋਂ ਥੋੜ੍ਹੀ ਦੂਰੀ 'ਤੇ ਸਥਿਤ ਪਿੰਡ ਪਾਜੀਆਂ ਵਿਖੇ ਸੋਮਵਾਰ ਅਤੇ ਮੰਗਲਵਾਰ ਦੀ ਦਰਮਿਆਨੀ ਰਾਤ ਨੂੰ ਇੱਕ ਦਰਜਨ ਦੇ ਕਰੀਬ ਮੋਟਰਾਂ ਦੀਆਂ ਤਾਰਾਂ ਚੋਰੀ ਹੋ ਗਈਆਂ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਮਲਜੀਤ ਸਿੰਘ ਵਾਸੀ ਮੱਲੀਆਂ ਕਲਾਂ ਨੇ ਦੱਸਿਆ ਕਿ ਉਨ੍ਹਾਂ ਦੀ ਇੱਕ ਮੋਟਰ ਪਾਜੀਆਂ ਨੇੜੇ ਸਥਿਤ ਹੈ ਅਤੇ ਬੀਤੇ ਕੱਲ੍ਹ ਉਹ ਆਪਣੀ ਮੋਟਰ ਨੂੰ ਠੀਕ ਠਾਕ ਚੱਲਦੀ ਹੋਈ ਛੱਡ ਕੇ ਗਏ ਸਨ ਪਰੰਤੂ ਰਾਤ ਚੋਰਾਂ ਵੱਲੋਂ ਉਸ ਦੀ ਮੋਟਰ ਦੀ ਤਾਰ ਵੱਢਣ ਦੀ ਕੋਸ਼ਿਸ਼ ਕੀਤੀ ਗਈ ਪਰ ਅਸਫਲ ਰਹੇ | ਉਨ੍ਹਾਂ ਦੱਸਿਆ ਕਿ ਨੇੜਲੇ ਗੁਆਂਢੀ ਕਿਸਾਨ ਕੁਲਦੀਪ ਸਿੰਘ ਵਾਸੀ ਪਾਜੀਆਂ ਦੀਆਂ ਚਾਰ ਮੋਟਰਾਂ ਦੀਆਂ ਤਾਰਾਂ ਚੋਰ ਚੋਰੀ ਕਰਕੇ ਲੈ ਗਏ ਹਨ | ਇਸੇ ਤਰ੍ਹਾਂ ਹੀ ਗੁਰਵਿੰਦਰ ਸਿੰਘ ਦੀਆਂ ਤਿੰਨ ਮੋਟਰਾਂ ਦੀਆਂ ਤਾਰਾਂ ਬੀਤੀ ਰਾਤ ਚੋਰੀ ਹੋ ਗਈਆਂ | ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਹੀ ਪਾਜੀਆਂ ਦੇ ਵਸਨੀਕ ਕਿਸਾਨ ਅਵਤਾਰ ਸਿੰਘ, ਗੁਲਜਾਰ ਸਿੰਘ, ਸਵਰਨ ਸਿੰਘ ਅਤੇ ਸੂਬਾ ਸਿੰਘ ਦੀਆਂ ਵੀ ਮੋਟਰਾਂ ਦੀਆਂ ਤਾਰਾਂ ਚੋਰੀ ਹੋਈਆਂ ਹਨ | ਉਨ੍ਹਾਂ ਪੁਲਿਸ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਕਿ ਇਲਾਕੇ ਵਿਚ ਸਰਗਰਮ ਇਸ ਚੋਰ ਗਰੋਹ ਨੂੰ ਤੁਰੰਤ ਕਾਬੂ ਕੀਤਾ ਜਾਵੇ ਤਾਂ ਜੋ ਲੋਕਾਂ ਦੇ ਹੋ ਰਹੇ ਲਗਾਤਾਰ ਨੁਕਸਾਨ ਤੋਂ ਬਚਿਆ ਜਾ ਸਕੇ |