ਕਪੂਰਥਲਾ, 21 ਅਕਤੂਬਰ (ਅਮਰਜੀਤ ਕੋਮਲ)-ਦੇਸ਼ ਦੀ ਏਕਤਾ ਤੇ ਅਖੰਡਤਾ ਦੀ ਰਾਖੀ ਲਈ ਸ਼ਹੀਦੀ ਪ੍ਰਾਪਤ ਕਰਨ ਵਾਲੇ ਸ਼ਹੀਦਾਂ ਸਦਕਾ ਹੀ ਅਸੀਂ ਸਾਜਗਰ ਮਾਹੌਲ ਵਿਚ ਜ਼ਿੰਦਗੀ ਬਸਰ ਕਰ ਰਹੇ ਹਾਂ | ਇਸ ਲਈ ਸਾਡਾ ਫ਼ਰਜ਼ ਬਣਦਾ ਹੈ ਕਿ ਅਸੀਂ ਸ਼ਹੀਦਾਂ ਦਾ ਪਰਿਵਾਰਾਂ ਦਾ ਪੂਰਾ ਮਾਣ ਸਤਿਕਾਰ ਕੀਤਾ ਜਾਵੇ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਗੌਰਵ ਤੂਰਾ ਐੱਸ. ਐੱਸ. ਪੀ. ਕਪੂਰਥਲਾ ਨੇ ਸਥਾਨਕ ਪੁਲਿਸ ਲਾਈਨ ਵਿਚ ਪੁਲਿਸ ਯਾਦਗਾਰੀ ਦਿਵਸ ਮੌਕੇ ਹਾਟ ਸਪਰਿੰਗ ਆਪ੍ਰੇਸ਼ਨ ਦੌਰਾਨ ਲਦਾਖ ਵਿਚ ਤੇ ਹੋਰ ਵੱਖ-ਵੱਖ ਆਪੇ੍ਰਸ਼ਨਾਂ ਵਿਚ ਸ਼ਹੀਦ ਹੋਏ ਪੁਲਿਸ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਸ਼ਰਧਾਂਜਲੀ ਭੇਟ ਕਰਨ ਮੌਕੇ ਸਮਾਗਮ ਨੂੰ ਸੰਬੋਧਨ ਕਰਦਿਆਂ ਕਹੇ | ਉਨ੍ਹਾਂ ਕਿਹਾ ਕਿ ਸ਼ਹੀਦਾਂ ਦੇ ਪਰਿਵਾਰਕ ਮੈਂਬਰਾਂ ਦੀ ਭਲਾਈ ਲਈ ਜ਼ਿਲ੍ਹਾ ਪੁਲਿਸ ਵਚਨਬੱਧ ਹੈ | ਉਨ੍ਹਾਂ ਪੁਲਿਸ ਅਧਿਕਾਰੀਆਂ ਨੂੰ ਕਿਹਾ ਕਿ ਉਹ ਸ਼ਹੀਦ ਪਰਿਵਾਰਾਂ ਦੀਆਂ ਸਮੱਸਿਆਵਾਂ ਦਾ ਪਹਿਲ ਦੇ ਆਧਾਰ 'ਤੇ ਹੱਲ ਕਰਨਾ ਯਕੀਨੀ ਬਣਾਉਣ | ਇਸਤੋਂ ਪਹਿਲਾਂ ਅੱੈਸ.ਐੱਸ.ਪੀ. ਨੇ ਪੁਲਿਸ ਲਾਈਨ ਵਿਚ ਆਈ.ਪੀ.ਐਸ. ਧੀਰੇਂਦਰਾ ਵਰਮਾ ਦੀ ਅਗਵਾਈ ਵਾਲੀ ਪੁਲਿਸ ਟੁੱਕੜੀ ਤੋਂ ਸਲਾਮੀ ਲਈ ਤੇ ਦੋ ਮਿੰਟ ਦਾ ਮੋਨ ਧਾਰਨ ਕਰਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ | ਐੱਸ.ਐੱਸ.ਪੀ. ਨੇ 43 ਸ਼ਹੀਦ ਪਰਿਵਾਰਾਂ ਦੇ ਮੈਂਬਰਾਂ ਨੂੰ ਸਨਮਾਨਿਤ ਕੀਤਾ ਤੇ ਉਨ੍ਹਾਂ ਪਰਿਵਾਰਾਂ ਦੀਆਂ ਮੁਸ਼ਕਿਲਾਂ ਵੀ ਸੁਣੀਆਂ | ਐੱਸ.ਪੀ. ਹੈੱਡ ਕੁਆਟਰ ਗੁਰਪ੍ਰੀਤ ਸਿੰਘ ਨੇ ਹਾਟ ਸਪਰਿੰਗ ਲਦਾਖ ਵਿਚ ਆਪ੍ਰੇਸ਼ਨ ਦੌਰਾਨ ਚੀਨੀ ਟੁੱਕੜੀ ਨਾਲ ਮੁਕਾਬਲੇ ਵਿਚ ਸ਼ਹੀਦ ਹੋਏ ਪੁਲਿਸ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਨਾਂਅ ਵੀ ਪੜ੍ਹੇ | ਸਮਾਗਮ ਵਿਚ ਵਧੀਕ ਸੈਸ਼ਨ ਜੱਜ ਰਾਣਾ ਹਰਕੰਵਲ ਕੌਰ ਚਾਹਲ, ਜੇ.ਐੱਮ.ਆਈ.ਸੀ. ਕਰਨ ਬਤਰਾ, ਵਧੀਕ ਡਿਪਟੀ ਕਮਿਸ਼ਨਰ ਵਰਿੰਦਰਪਾਲ ਸਿੰਘ ਬਾਜਵਾ, ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸਰਬਜੀਤ ਸਿੰਘ ਲੁਬਾਣਾ, ਆਪ ਦੇ ਕਿਸਾਨ ਵਿੰਗ ਦੇ ਆਗੂ ਸੁਖਵੰਤ ਸਿੰਘ ਪੱਡਾ, ਐੱਸ.ਪੀ. ਡੀ. ਪ੍ਰਭਜੋਤ ਸਿੰਘ ਵਿਰਕ, ਐਸ.ਪੀ. ਗੁਰਮੀਤ ਕੌਰ, ਐਸ.ਪੀ. ਮਾਧਵੀ ਸ਼ਰਮਾ ਤੋਂ ਇਲਾਵਾ ਵੱਖ-ਵੱਖ ਸਬ ਡਵੀਜ਼ਨ ਦੇ ਡੀ.ਐੱਸ.ਪੀਜ਼, ਵੱਖ-ਵੱਖ ਥਾਣਿਆਂ ਦੇ ਐੱਸ.ਐੱਚ.ਓਜ਼ ਤੇ ਸ਼ਹੀਦ ਪਰਿਵਾਰਾਂ ਦੇ ਮੈਂਬਰ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |