20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਬਰੇਟਾ ਖੇਤਰ 'ਚ ਨਹਿਰੀ ਪਾਣੀ ਦੀ ਕਟੌਤੀ ਦੇ ਰੋਸ ਵਜੋਂ ਸੰਗਤਪੁਰਾ ਵਿਖੇ ਕਿਸਾਨਾਂ ਦਾ ਧਰਨਾ ਜਾਰੀ <br/>

ਅਜੀਤ ਡੈਸਕ 31-12-2025

ਬਰੇਟਾ, 30 ਦਸੰਬਰ (ਜੀਵਨ ਸ਼ਰਮਾ)-ਬਰੇਟਾ ਖੇਤਰ ਦੇ ਪਿੰਡ ਕਿਸ਼ਨਗੜ੍ਹ, ਬਹਾਦਰਪੁਰ, ਸਿਰਸੀਵਾਲਾ, ਦਿਆਲਪੁਰਾ ਨੂੰ ਮਿਲਣ ਵਾਲੇ ਨਹਿਰੀ ਪਾਣੀ 'ਚ ਹੋਣ ਜਾ ਰਹੀ ਕਟੌਤੀ ਦੇ ਰੋਸ ਵਜੋਂ ਪਿੰਡ ਸੰਗਤਪੁਰਾ (ਸੰਗਰੂਰ) ਨਹਿਰ 'ਤੇ ਚੱਲ ਰਹੇ ਰੋਸ ਧਰਨੇ 'ਚ ਕਿਸਾਨ ਲਗਾਤਾਰ ਪੁੱਜ ਰਹੇ ਹਨ | ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਸੂਬਾਈ ਆਗੂ ਕੁਲਵੰਤ ਸਿੰਘ ਕਿਸ਼ਨਗੜ੍ਹ ਨੇ ਦੱਸਿਆ ਕਿ ਇਸ ਖੇਤਰ ਨੂੰ ਵੱਖ ਵੱਖ ਬਰਾਂਚਾਂ ਰਾਹੀਂ ਸੁਨਾਮ ਰਜਬਾਹੇ ਤੋਂ ਮਿਲਣ ਵਾਲੇ ਪਾਣੀ ਵਿਚ ਪਿੰਡ ਸੰਗਤਪੁਰਾ ਵਿਖੇ ਨਹਿਰ 'ਚ ਠੱਲ ਲਗਾ ਕੇ ਪਾਣੀ ਨੂੰ ਘਟਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ | ਭਾਵੇਂ ਲੋਕਾਂ ਵਲੋਂ ਪਿਛਲੇ ਕਈ ਦਿਨਾਂ ਤੋਂ ਕੀਤੇ ਜਾ ਰਹੇ ਸੰਘਰਸ਼ ਦੇ ਚੱਲਦਿਆਂ ਕੁਝ ਹੱਦ ਤੱਕ ਠੱਲ ਨੂੰ ਖ਼ਤਮ ਕੀਤਾ ਗਿਆ ਹੈ ਪਰ ਜਦੋਂ ਤੱਕ ਨਹਿਰ ਨੂੰ ਪੁਰਾਣੀ ਸਥਿਤੀ ਵਿਚ ਨਹੀਂ ਲਿਆਇਆ ਜਾਂਦਾ ਉਸ ਸਮੇਂ ਤੱਕ ਸੰਘਰਸ਼ ਜਾਰੀ ਰਹੇਗਾ | ਆਗੂ ਨੇ ਦੱਸਿਆ ਕਿ ਬਰੇਟਾ ਖੇਤਰ ਦੇ ਪਿੰਡਾਂ ਦੇ ਨਾਲ-ਨਾਲ ਲਹਿਰਾ ਗਾਗਾ ਦੇ ਪਿੰਡ ਗਿਦੜਿਆਣੀ, ਸੰਗਤਪੁਰਾ, ਲਦਾਲ ਆਦਿ ਨੂੰ ਨਹਿਰੀ ਪਾਣੀ ਵੀ ਘੱਟ ਮਿਲੇਗਾ | ਉਨ੍ਹਾਂ ਦੱਸਿਆ ਕਿ ਪ੍ਰਭਾਵਿਤ ਹੋਣ ਵਾਲੇ ਪਿੰਡਾਂ ਦੀ ਸਾਂਝੀ ਸੰਘਰਸ਼ ਕਮੇਟੀ ਬਣਾਈ ਗਈ ਹੈ, ਜਿਸ ਅਨੁਸਾਰ ਅਗਲੇ ਪ੍ਰੋਗਰਾਮ ਉਲੀਕੇ ਜਾਣੇ ਹਨ | ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਇਸ ਸੰਘਰਸ਼ 'ਚ ਜ਼ਰੂਰ ਭਾਗ ਲੈਣ |
ਰਜਬਾਹੇ ਦੀ ਹਾਲਤ ਮਾੜੀ
ਇਸ ਖੇਤਰ ਨੂੰ ਵੱਖ-ਵੱਖ ਬਰਾਂਚਾਂ ਰਾਹੀਂ ਨਹਿਰੀ ਪਾਣੀ ਦੇਣ ਵਾਲੇ ਸੁਨਾਮ ਰਜਵਾਹੇ ਦੀ ਹਾਲਤ ਪੁਰਾਣਾ ਹੋਣ ਕਰ ਕੇ ਬਹੁਤ ਹੀ ਖਸਤਾ ਹੋ ਚੁੱਕੀ ਹੈ | ਕਿਸਾਨ ਆਗੂ ਬੁੱਧ ਸਿੰਘ ਬਹਾਦਰਪੁਰ, ਕਰਮਜੀਤ ਸਿੰਘ ਕਿਸ਼ਨਗੜ੍ਹ ਨੇ ਦੱਸਿਆ ਕਿ ਲੰਬੇ ਸਮੇਂ ਤੋਂ ਰਜਬਾਹੇ 'ਚ ਪਾਣੀ ਬੰਦ ਕੀਤਾ ਹੋਇਆ ਹੈ ਜਦਕਿ ਰਜਬਾਹੇ 'ਚ ਚਲਾਏ ਜਾ ਰਹੇ ਨਿਰਮਾਣ ਕਾਰਜ (ਠੱਲ) ਨਾਲ ਉਨ੍ਹਾਂ ਦਾ ਨੁਕਸਾਨ ਹੀ ਹੋ ਰਿਹਾ ਹੈ | ਉਨ੍ਹਾਂ ਦੱਸਿਆ ਕਿ ਇਸ ਖੇਤਰ ਦੇ ਸਾਰੇ ਵਾਟਰ ਵਰਕਸ ਇਸ ਰਜਬਾਹੇ 'ਤੇ ਹੀ ਨਿਰਭਰ ਹਨ ਅਤੇ ਨਹਿਰੀ ਪਾਣੀ ਤੋਂ ਵਾਂਝੇ ਚੱਲ ਰਹੇ ਹਨ | ਲੋਕਾਂ ਨੂੰ ਧਰਤੀ ਹੇਠਲਾ ਮਾੜਾ ਪਾਣੀ ਪੀਣ ਲਈ ਮਜਬੂਰ ਹੋਣਾ ਪੈ ਰਿਹਾ ਹੈ | ਉਨ੍ਹਾਂ ਦੱਸਿਆ ਕਿ ਨਹਿਰੀ ਵਿਭਾਗ ਦੇ ਉੱਚ ਅਧਿਕਾਰੀਆਂ ਦੀ ਦਖ਼ਲ-ਅੰਦਾਜ਼ੀ ਦੇ ਚੱਲਦਿਆਂ ਰਜਬਾਹੇ ਵਿਚੋਂ ਠੱਲ ਨੂੰ ਘਟਾਇਆ ਗਿਆ ਹੈ ਪਰ ਉਨ੍ਹਾਂ ਦੀ ਮੰਗ ਹੈ ਕਿ ਇਸ ਠੱਲ ਨੂੰ ਪੂਰੀ ਤਰ੍ਹਾਂ ਹਟਾ ਕੇ ਰਜਬਾਹੇ ਦੀ ਪੁਰਾਣੀ ਸਥਿਤੀ ਬਹਾਲ ਕੀਤੀ ਜਾਵੇ | ਇਸ ਮੌਕੇ ਬਲਦੇਵ ਸਿੰਘ, ਗੁਰਮੀਤ ਸਿੰਘ, ਅਮਰਜੀਤ ਸਿੰਘ, ਪਰਗਟ ਸਿੰਘ ਬਹਾਦਰਪੁਰ, ਸੁਖਵਿੰਦਰ ਸਿੰਘ ਬਹਾਦਰਪੁਰ, ਲੀਲਾ ਸਿੰਘ ਕਿਸ਼ਨਗੜ੍ਹ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਪਿੱਕਅਪ ਗੱਡੀ ਤੇ ਆਲਟੋ ਕਾਰ 'ਚ ਟੱਕਰ, ਪਿਕਅੱਪ ਨਹਿਰ 'ਚ ਡਿੱਗੀ <br/> ਅਗਲੀ ਖ਼ਬਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।