ਬੁਢਲਾਡਾ, 9 ਦਸੰਬਰ (ਸਵਰਨ ਸਿੰਘ ਰਾਹੀ)-ਪਿਛਲੇ ਦਿਨੀਂ ਯੁਵਕ ਸੇਵਾਵਾਂ ਵਿਭਾਗ ਪੰਜਾਬ ਵਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਵਿਖੇ ਕਰਵਾਏ ਗਏ ਅੰਤਰ-ਵਰਸਿਟੀ ਯੁਵਕ ਮੇਲੇ 'ਚ ਗੁਰੂ ਨਾਨਕ ਕਾਲਜ ਬੁਢਲਾਡਾ ਦੇ ਵਿਦਿਆਰਥੀ ਕਲਾਕਾਰਾਂ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਸਦਕਾ ਮੱਲਾ ਮਾਰੀਆਂ ਹਨ | ਪਿ੍ੰਸੀਪਲ ਡਾ. ਨਰਿੰਦਰ ਸਿੰਘ ਨੇ ਦੱਸਿਆ ਕਿ ਇਸ ਯੁਵਕ ਮੇਲੇ ਵਿਚ ਸੰਸਥਾ ਦੀਆਂ 8 ਟੀਮਾਂ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਪ੍ਰਤੀਨਿਧਤਾ ਕੀਤੀ, ਜਿਨ੍ਹਾਂ 'ਚੋਂ ਭੰਡ, ਰੰਗੋਲੀ ਅਤੇ ਗਤਕਾ ਮੁਕਾਬਲੇ ਵਿਚ ਦੂਜਾ ਸਥਾਨ ਅਤੇ 4 ਆਈਟਮਾਂ 'ਚ ਤੀਜਾ ਸਥਾਨ ਹਾਸਲ ਕੀਤਾ ਹੈ | ਉਨ੍ਹਾਂ ਇਸ ਪ੍ਰਾਪਤੀ ਲਈ ਕਾਲਜ ਦੇ ਕੋਆਰਡੀਨੇਟਰ, ਕਨਵੀਨਰ ਸਾਹਿਬਾਨ, ਕਮੇਟੀ ਮੈਂਬਰ ਅਤੇ ਵਿਦਿਆਰਥੀਆਂ ਨੂੰ ਵਧਾਈਆਂ ਦਿੱਤੀਆਂ | ਯੁਵਕ ਭਲਾਈ ਵਿਭਾਗ ਦੇ ਕੋਆਰਡੀਨੇਟਰ ਗੁਰਦੀਪ ਸਿੰਘ ਨੇ ਦੱਸਿਆ ਕਿ ਅੰਤਰ ਖੇਤਰੀ ਯੁਵਕ ਤੇ ਲੋਕ ਮੇਲੇ 'ਚ ਚੈਂਪੀਅਨ ਰਹੀ ਕਾਲਜ ਦੀ ਭੰਗੜਾ ਟੀਮ ਨੇ ਪਹਿਲੀ ਵਾਰ ਪੰਜਾਬ ਰਾਜ ਅੰਤਰ ਵਰਸਿਟੀ ਯੁਵਕ ਮੇਲੇ 'ਚ ਪੰਜਾਬੀ ਯੂਨੀਵਰਸਿਟੀ ਦੀ ਪ੍ਰਤੀਨਿਧਤਾ ਕੀਤੀ ਸੀ | ਇਸੇ ਤਰ੍ਹਾਂ ਪੰਜਾਬੀ 'ਵਰਸਿਟੀ ਪਟਿਆਲਾ ਦੀ ਗਤਕਾ ਟੀਮ 'ਚ ਸੰਸਥਾ ਦੇ 6 ਵਿਦਿਆਰਥੀ ਹਰਮਨਪ੍ਰੀਤ ਸਿੰਘ, ਹਰਮਨਦੀਪ ਸਿੰਘ, ਜਪਨੀਤ ਸਿੰਘ, ਲਵਪ੍ਰੀਤ ਸਿੰਘ, ਜਸ਼ਨਪ੍ਰੀਤ ਸਿੰਘ ਅਤੇ ਮੋਹਿਤ ਸਿੰਘ ਸ਼ਾਮਲ ਸਨ | ਅੰਤਰ ਵਰਸਿਟੀ ਯੁਵਕ ਮੇਲੇ 'ਚ ਕਾਲਜ ਸਟਾਫ਼ ਦੇ ਅਮਨਪ੍ਰੀਤ ਸਿੰਘ, ਪ੍ਰੋ. ਨੀਲਮ ਰਾਣੀ, ਪ੍ਰੋ. ਰੇਣੂਕਾ, ਪ੍ਰੋ. ਜਗਪ੍ਰੀਤ , ਪ੍ਰੋ. ਗੁਰਵਿੰਦਰ ਸਿੰਘ, ਪ੍ਰੋ. ਕੁਲਦੀਪ ਕੌਰ ਅਤੇ ਪ੍ਰੋ. ਸਾਜਨ ਸਿੰਘ ਦਾ ਵਡਮੁੱਲਾ ਯੋਗਦਾਨ ਰਿਹਾ |