ਮਾਨਸਾ, 8 ਦਸੰਬਰ (ਬਲਵਿੰਦਰ ਸਿੰਘ ਧਾਲੀਵਾਲ)-ਬੀ.ਐੱਡ. ਅਧਿਆਪਕ ਫ਼ਰੰਟ ਇਕਾਈ ਮਾਨਸਾ ਨੇ ਸਰਕਾਰੀ ਕਰਮਚਾਰੀਆਂ ਦੀ ਨਵੰਬਰ ਮਹੀਨੇ ਦੀ ਤਨਖ਼ਾਹਾਂ ਨਾ ਜਾਰੀ ਕਰਨ ਕਰ ਕੇ ਪੰਜਾਬ ਸਰਕਾਰ ਦੀ ਨਿੰਦਾ ਕੀਤੀ ਹੈ | ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਇੱਕ ਪਾਸੇ ਸਰਕਾਰ ਇਸ਼ਤਿਹਾਰਬਾਜ਼ੀ 'ਤੇ ਅੰਨ੍ਹਾ ਪੈਸਾ ਬਰਬਾਦ ਕਰ ਰਹੀ ਹੈ ਜਦਕਿ ਦੂਜੇ ਪਾਸੇ ਮੁਲਾਜ਼ਮਾਂ ਦੀਆਂ ਤਨਖ਼ਾਹਾਂ 'ਤੇ ਜ਼ੁਬਾਨੀ ਕੱਟ ਲਗਾ ਰਹੀ ਹੈ | ਉਨ੍ਹਾਂ ਕਿਹਾ ਤਨਖਾਹ ਸਮੇਂ ਸਿਰ ਨਾ ਪੈਣ ਕਰ ਕੇ ਬੈਂਕਾਂ ਦੀਆਂ ਦੇਣਦਾਰੀਆਂ 'ਚ ਦੇਰ ਹੋ ਰਹੀ ਹੈ, ਜਿਸ ਕਾਰਨ ਬੇਲੋੜੇ ਜੁਰਮਾਨੇ ਭਰਨੇ ਪੈ ਰਹੇ ਹਨ | ਅਧਿਆਪਕ ਆਗੂ ਨਿਤਿਨ ਸੋਢੀ, ਦਰਸ਼ਨ ਸਿੰਘ ਅਲੀਸ਼ੇਰ, ਬੇਅੰਤ ਸਿੰਘ ਰੜ੍ਹ, ਜਨਕ ਸਿੰਘ ਸਮਾਓਾ ਨੇ ਦੋਸ਼ ਲਗਾਇਆ ਕਿ ਆਪ ਸਰਕਾਰ ਮੁਲਾਜ਼ਮਾਂ ਦੀਆਂ ਅਨੇਕਾਂ ਪ੍ਰਕਾਰ ਦੀਆਂ ਮੰਗਾਂ ਨੂੰ ਅਣਗੌਲਿਆ ਕਰ ਰਹੀ ਹੈ ਅਤੇ ਹੱਕ ਦੇਣ ਦੀ ਬਜਾਏ ਮੁਲਾਜ਼ਮਾਂ 'ਤੇ ਅਮਨ ਕਾਨੂੰਨ ਦੇ ਨਾਂਅ 'ਤੇ ਪਰਚੇ ਦਰਜ ਕੀਤੇ ਜਾ ਰਹੇ ਹਨ | ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਤੁਰੰਤ ਤਨਖ਼ਾਹਾਂ ਤੁਰੰਤ ਜਾਰੀ ਨਾ ਹੋਈਆਂ ਤਾਂ ਮਜਬੂਰਨ ਸੜਕਾਂ 'ਤੇ ਆਉਣਗੇ |