ਬੋਹਾ, 31 ਅਗਸਤ (ਰਮੇਸ਼ ਤਾਂਗੜੀ)- ਲੰਘੀ 23 ਅਗਸਤ ਤੋਂ ਕਸਬਾ ਬੋਹਾ ਵਿਚ ਪਈ ਭਾਰੀ ਬਾਰਿਸ਼ ਨਾਲ ਕਸਬੇ ਵਿਚ ਵੱਡੇ ਪੱਧਰ 'ਤੇ ਪਾਣੀ ਖੜ੍ਹਾ ਹੋ ਗਿਆ ਸੀ ਪਰ ਦੂਜੇ ਪਾਸੇ ਨਿਕਾਸੀ ਵਾਲੇ ਚੈਂਬਰ ਅਤੇ ਮੋਟਰਾਂ ਬੰਦ ਪਏ ਹੋਣ ਕਾਰਨ ਵਾਰਡ ਨੰ: 1, 9, 10, 11 ਵਿਚ ਅਥਾਹ ਪਾਣੀ ਖੜ ਜਾਣ ਨਾਲ ਇਨ੍ਹਾਂ ਵਾਰਡਾਂ ਦੇ ਸਾਰੇ ਰਸਤੇ ਬੰਦ ਹੋ ਗਏ ਅਤੇ ਲੋਕ ਆਪਣੇ ਘਰਾਂ ਵਿਚ ਹੀ ਦੁਬਕ ਕੇ ਰਹਿ ਗਏ | ਕਸਬੇ ਅੰਦਰ ਸੀਵਰੇਜ ਤੇ ਸਫ਼ਾਈ ਕਾਮਿਆਂ ਦੀ ਹੜਤਾਲ ਹੋਣ ਕਾਰਨ ਨਿਕਾਸੀ ਮੋਟਰਾਂ ਬੰਦ ਰਹੀਆਂ | ਵਾਰਡ ਨੰ: 11 ਦੇ ਇਕੱਠੇ ਹੋਏ ਲੋਕਾਂ ਨੇ ਪਾਣੀ ਕੱਢੇ ਜਾਣ ਦੀ ਗੁਹਾਰ ਲਗਾਈ ਤਾਂ ਨਗਰ ਪੰਚਾਇਤ ਵਲੋਂ ਕਮਲਦੀਪ ਸਿੰਘ ਬਾਵਾ ਅਤੇ ਆਮ ਆਦਮੀ ਪਾਰਟੀ ਦੇ ਆਗੂ ਦਰਸ਼ਨ ਸਿੰਘ ਘਾਰੂ ਅਤੇ ਰਾਜਵਿੰਦਰ ਸਿੰਘ ਦੀ ਅਗਵਾਈ ਹੇਠ ਸ਼ੇਰਖਾਂ ਸੜਕ 'ਤੇ ਪੈਂਦੇ ਚੈਂਬਰ ਨੂੰ ਖੋਲ੍ਹ ਕੇ ਮੋਟਰਾਂ ਚਲਾਈਆਂ ਗਈਆਂ ਪਰ ਮੋਟਰਾਂ ਦੇ ਫਿਲਟਰ ਬੰਦ ਹੋਣ ਕਾਰਨ ਪਾਣੀ ਨਿਕਲ ਨਾ ਸਕਿਆ | ਅਖੀਰ ਗੰਦੇ ਪਾਣੀ ਵਿਚ ਖੜਕੇ ਆਗੂਆਂ ਨੇ ਵਾਰ ਵਾਰ ਫਿਲਟਰ ਸਾਫ਼ ਕਰਕੇ ਪਾਣੀ ਕੱਢਿਆ | ਅੱਜ ਪਾਣੀ ਦੀ ਸਮੱਸਿਆ ਜਿਉਂ ਦੀ ਤਿਉਂ ਬਣੀ ਹੋਣ ਕਰਕੇ ਉਕਤ ਵਾਰਡਾਂ ਦੇ ਸੈਂਕੜੇ ਲੋਕਾਂ ਨੇ ਧਰਮਸ਼ਾਲਾ ਬੋਹਾ 'ਚ ਵਿਸ਼ੇਸ਼ ਬੈਠਕ ਕਰਕੇ ਨਗਰ ਸੁਧਾਰ ਸਭਾ ਦਾ ਆਯੋਜਨ ਕੀਤਾ ਗਿਆ | ਇਸ ਮੌਕੇ ਤਰਸੇਮ ਚੰਦ, ਗਿਆਨ ਚੰਦ, ਨਿਰਜੰਣ ਬੋਹਾ, ਰਮੇਸ਼ ਤਾਂਗੜੀ, ਮਾ. ਗੁਰਜੰਟ ਸਿੰਘ, ਰਾਜਵਿੰਦਰ ਸਿੰਘ ਬਾਵਾ, ਦਰਸ਼ਨ ਸਿੰਘ ਘਾਰੂ ਆਦਿ ਨੇ ਸ਼ਹਿਰ ਦੀ ਸਮੱਸਿਆ ਬਾਰੇ ਗੱਲਬਾਤ ਕੀਤੀ ਅਤੇ ਮਸਲੇ ਦੇ ਹੱਲ ਲਈ 10 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ, ਜਿਸ ਵਿਚ ਤਰਸੇਮ ਚੰਦ, ਜਗਨ ਨਾਥ, ਗਿਆਨ ਚੰਦ, ਕ੍ਰਿਸ਼ਨ ਕੁਮਾਰ, ਸਾਉਣ ਸਿੰਘ, ਸਤੀਸ਼ ਕੁਮਾਰ, ਅਨਮੋਲ ਸਿੰਗਲਾ, ਮਨੀਸ਼ ਕੁਮਾਰ, ਗੁਰਦੀਪ ਸਿੰਘ ਫ਼ੌਜੀ, ਭੂਸ਼ਨ ਕੁਮਾਰ ਨੂੰ ਚੁਣਿਆ ਗਿਆ | ਇਸ ਮੌਕੇ ਬੁਲਾਰਿਆਂ ਨੇ ਸੀਵਰੇਜ ਤੇ ਵਾਟਰ ਸਪਲਾਈ ਵਲੋਂ ਲੋਕਾਂ ਦਾ ਸਾਥ ਨਾ ਦਿੱਤੇ ਜਾਣ 'ਤੇ ਸਖ਼ਤ ਰੋਸ ਪ੍ਰਗਟ ਕੀਤਾ ਗਿਆ | ਭਵਿੱਖ ਵਿਚ ਪਾਣੀ ਕੱਢਣ ਦੇ ਮਾਮਲੇ ਨੂੰ ਲੈ ਕੇ ਨਵਾਂ ਸੰਘਰਸ਼ ਉਲੀਕਣ ਦਾ ਫ਼ੈਸਲਾ ਕੀਤਾ ਗਿਆ |
ਮੀਂਹ ਦੇ ਪਾਣੀ ਤੋਂ ਅੱਕੇ ਬੋਹਾ ਵਾਸੀਆਂ ਨੇ ਨਗਰ ਸੁਧਾਰ ਸਭਾ ਦਾ ਕੀਤਾ ਗਠਨ <br/>
ਅਜੀਤ ਡੈਸਕ
01-09-2025