ਸ੍ਰੀ ਮੁਕਤਸਰ ਸਾਹਿਬ, 9 ਦਸੰਬਰ (ਰਣਜੀਤ ਸਿੰਘ ਢਿੱਲੋਂ)-ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਦੀ ਜ਼ਿਲ੍ਹਾ ਇਕਾਈ ਵਲੋਂ ਵਿਸ਼ੇਸ਼ ਮੀਟਿੰਗ ਅੱਜ ਨਵੇਂ ਬਣੇ ਪੈਨਸ਼ਨਰ ਭਵਨ ਵਿਖੇ ਜ਼ਿਲ੍ਹਾ ਪ੍ਰਧਾਨ ਕਰਮਜੀਤ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ 'ਚ ਸੀਨੀਅਰ ਆਗੂ ਬਲਦੇਵ ਸਿੰਘ ਬੇਦੀ, ਹਰਦੇਵ ਸਿੰਘ, ਨਛੱਤਰ ਸਿੰਘ ਤੇ ਬਲਵੰਤ ਸਿੰਘ ਅਟਵਾਲ ਵੀ ਪ੍ਰਧਾਨਗੀ ਮੰਡਲ 'ਚ ਮੌਜੂਦ ਸਨ | ਇਸ ਦੌਰਾਨ ਪੰਜਾਬ ਰੋਡਵੇਜ਼ ਪੈਨਸ਼ਨਰਜ਼ ਵੈੱਲਫ਼ੇਅਰ ਐਸੋਸੀਏਸ਼ਨ ਸਮੇਤ ਹੋਰਨਾਂ ਵਿਭਾਗਾਂ ਦੀਆਂ ਵੱਖ-ਵੱਖ ਪੈਨਸ਼ਨਰਜ਼ ਜਥੇਬੰਦੀਆਂ ਦੇ ਮੁਖੀਆਂ ਤੇ ਮੈਂਬਰਾਂ ਨੇ ਵੱਡੀ ਗਿਣਤੀ ਵਿਚ ਭਾਗ ਲਿਆ | ਸਟੇਜ ਸਕੱਤਰ ਦੀ ਕਾਰਵਾਈ ਜ਼ਿਲ੍ਹਾ ਜਨਰਲ ਸਕੱਤਰ ਬਲਵੰਤ ਸਿੰਘ ਅਟਵਾਲ ਨੇ ਨਿਭਾਈ | ਮੀਟਿੰਗ ਦੇ ਸ਼ੁਰੂ ਵਿਚ ਕਰਨੈਲ ਸਿੰਘ ਬੇਦੀ, ਕਰਨੈਲ ਸਿੰਘ ਬਰਾੜ, ਨਾਜਰ ਸਿੰਘ ਬਰਾੜ, ਪ੍ਰਦੀਪ ਨਾਰੰਗ ਤੇ ਚੌ. ਬਲਬੀਰ ਸਿੰਘ ਦੀ ਸਪੁੱਤਰੀ ਮੀਨਾ ਰਾਣੀ ਦੇ ਅਕਾਲ ਚਲਾਣੇ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਤੇ ਦੋ ਮਿੰਟ ਦਾ ਮੋਨ ਧਾਰਨ ਕਰਕੇ ਸ਼ਰਧਾਂਜਲੀ ਭੇਟ ਕੀਤੀ ਗਈ | ਸਮੂਹ ਬੁਲਾਰਿਆਂ ਨੇ ਭਵਨ ਦੀ ਉਸਾਰੀ 'ਚ ਵਿਸ਼ੇਸ਼ ਸਹਿਯੋਗ ਦੇਣ ਲਈ ਜ਼ਿਲ੍ਹਾ ਸਿੱਖਿਆ ਅਫ਼ਸਰ ਜਸਪਾਲ ਮੋਂਗਾ ਦਾ ਧੰਨਵਾਦ ਕੀਤਾ | ਇਸ ਤੋਂ ਇਲਾਵਾ ਜ਼ਿਲ੍ਹਾ ਪ੍ਰਧਾਨ ਕਰਮਜੀਤ ਸ਼ਰਮਾ ਤੇ ਭਵਨ ਦੀ ਸ਼ਾਨਦਾਰ ਉਸਾਰੀ ਕਰਵਾਉਣ ਵਾਲੀ ਟੀਮ ਦੀ ਵੀ ਪ੍ਰਸ਼ੰਸਾ ਕੀਤੀ ਗਈ | ਮੀਟਿੰਗ ਦੌਰਾਨ ਚੌ. ਬਲਬੀਰ ਸਿੰਘ, ਗੁਰਟੇਕ ਸਿੰਘ ਬਰਾੜ, ਇੰਦਰਪਾਲ ਸਿੰਘ ਤੇ ਨਛੱਤਰ ਸਿੰਘ ਮਧੀਰ ਸਮੇਤ ਸਮੂਹ ਬੁਲਾਰਿਆਂ ਨੇ ਪੰਜਾਬ ਸਰਕਾਰ ਵਲੋਂ ਪੈਨਸ਼ਨਰਾਂ ਦੀਆਂ ਹੱਕੀ ਮੰਗਾਂ ਲਈ ਅਪਣਾਈ ਜਾ ਰਹੀ ਟਾਲ-ਮਟੋਲ ਵਾਲੀ ਨੀਤੀ ਦੀ ਨਿਖੇਧੀ ਕੀਤੀ | ਜ਼ਿਲ੍ਹਾ ਪ੍ਰੈੱਸ ਸਕੱਤਰ ਜਗਦੀਸ਼ ਰਾਏ ਢੋਸੀਵਾਲ ਨੇ ਦੱਸਿਆ ਕਿ ਮੀਟਿੰਗ ਦੌਰਾਨ ਪੈਨਸ਼ਨਰ ਦਿਵਸ ਮਨਾਉਣ ਦਾ ਫ਼ੈਸਲਾ ਕੀਤਾ ਗਿਆ | ਇਸ ਸੰਬੰਧੀ ਵਿਸ਼ੇਸ਼ ਸਮਾਗਮ 17 ਦਸੰਬਰ ਬੁੱਧਵਾਰ ਨੂੰ ਸਥਾਨਕ ਮਲੋਟ ਰੋਡ ਸਥਿਤ ਤਾਜ ਪੈਲੇਸ ਵਿਖੇ ਸਵੇਰੇ 11 ਵਜੇ ਕੀਤਾ ਜਾਵੇਗਾ | ਮੀਟਿੰਗ ਦੌਰਾਨ ਇਸ ਮਹੀਨੇ ਆਪਣਾ ਜਨਮ ਦਿਨ ਮਨਾਉਣ ਵਾਲੇ ਅਸ਼ੋਕ ਕੁਮਾਰ ਸ਼ਰਮਾ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਗਈ | ਇਸ ਮੌਕੇ ਸੁੰਦਰ ਸਿੰਘ ਡਿਪਟੀ, ਨਛੱਤਰ ਸਿੰਘ ਜੈਤੋ, ਗਿਆਨ ਚੰਦ, ਸ਼ਾਮ ਲਾਲ ਡਰਾਈਵਰ, ਇੰਦਰਾਜ, ਜੱਗਾ ਸਿੰਘ, ਬਲਜੀਤ ਸਿੰਘ ਕੋਆਪ੍ਰੇਟਿਵ, ਰਜਿੰਦਰਪਾਲ ਸਿੰਘ, ਸੁਖਮੰਦਰ ਸਿੰਘ ਬੇਦੀ, ਰਾਮ ਪਾਲ, ਅਸ਼ੋਕ ਕੁਮਾਰ, ਕਾਲਾ ਸਿੰਘ ਬੇਦੀ, ਭੁਪਿੰਦਰ ਸਿੰਘ, ਰਾਜਿੰਦਰ ਸਿੰਘ, ਅੰਤ ਕੁਮਾਰ, ਮਲਕੀਤ ਸਿੰਘ ਅਤੇ ਬਲਰਾਮ ਆਦਿ ਮੌਜੂਦ ਸਨ |