03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਪਿੰਡ ਵੰਗਲ ਵਾਸੀ ਸੁਖਦੇਵ ਸਿੰਘ ਦੀ ਮੌਤ ਦੇ ਮਾਮਲੇ 'ਚ ਇਨਸਾਫ਼ ਲਈ ਲਗਾਇਆ ਧਰਨਾ

ਅਜੀਤ ਡੈਸਕ 22-10-2025
• ਮਿ੍ਤਕ ਦੇ ਸਪੁੱਤਰ ਸ਼ਮਿੰਦਰ ਸਿੰਘ ਨੇ ਕੁੱਟਮਾਰ ਦੇ ਲਗਾਏ ਦੋਸ਼
ਸ੍ਰੀ ਮੁਕਤਸਰ ਸਾਹਿਬ, 21 ਅਕਤੂਬਰ (ਰਣਜੀਤ ਸਿੰਘ ਢਿੱਲੋਂ)-ਪਿਛਲੇ ਦਿਨੀਂ 14 ਅਕਤੂਬਰ ਨੂੰ ਪਿੰਡ ਵੰਗਲ ਵਿਖੇ ਕਿਸਾਨ ਸੁਖਦੇਵ ਸਿੰਘ ਦੇ ਖੇਤ ਵਿਚ ਪਿੰਡ ਲੁਬਾਣਿਆਂਵਾਲੀ ਦੇ ਵਿਅਕਤੀ ਬਾਸਮਤੀ ਝੋਨਾ ਵੱਢਣ ਲਈ ਗਏ ਅਤੇ ਜਦੋਂ ਸੁਖਦੇਵ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦੌਰਾਨ ਝਗੜਾ ਹੋ ਗਿਆ | ਸੁਖਦੇਵ ਸਿੰਘ ਦੇ ਸਪੁੱਤਰ ਸ਼ਮਿੰਦਰ ਸਿੰਘ ਸੰਧੂ ਸੂਬਾ ਡੈਲੀਗੇਟ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਨੇ ਕਿਹਾ ਕਿ ਜਿਸ 5 ਕਨਾਲਾਂ 16 ਮਰਲਿਆਂ ਵਿਚ ਲੁਬਾਣਿਆਂਵਾਲੀ ਦੇ ਵਿਅਕਤੀ ਝੋਨਾ ਵੱਢਣ ਆਏ ਸਨ, ਉਹ ਜ਼ਮੀਨ ਸਾਡੀ ਹੈ ਅਤੇ ਉਸ ਦੀ ਰਜਿਸਟਰੀ ਤੇ ਗਿਰਦਾਵਰੀ ਸਾਡੇ ਪਰਿਵਾਰ ਦੇ ਨਾਂਅ ਹੈ | ਸਾਡੀ ਸਾਰੀ ਜ਼ਮੀਨ ਚਾਚੇ-ਤਾਇਆਂ ਨਾਲ ਸਾਂਝੀ ਪਈ ਹੈ | ਉਨ੍ਹਾਂ ਦੋਸ਼ ਲਾਇਆ ਕਿ ਇਸ ਝਗੜੇ ਵਿਚ ਮੇਰੇ ਪਿਤਾ ਸੁਖਦੇਵ ਸਿੰਘ, ਮਾਤਾ ਪਰਮਜੀਤ ਕੌਰ, ਭਰਾ ਸੁਰਿੰਦਰ ਸਿੰਘ ਤੇ ਮੇਰੀ ਕੁੱਟਮਾਰ ਅਤੇ ਖਿੱਚ-ਧੂਹ ਕੀਤੀ | ਮੇਰੀ ਮਾਤਾ ਅੰਮਿ੍ਤਧਾਰੀ ਹੈ ਅਤੇ ਉਸ ਦੇ ਕਥਿਤ ਤੌਰ 'ਤੇ ਕੇਸਾਂ ਦੀ ਖਿੱਚ-ਧੂਹ ਕੀਤੀ ਗਈ | ਮੇਰੇ ਪਿਤਾ ਦੇ ਗੁੱਝੀਆਂ ਸੱਟਾਂ ਸਨ ਅਤੇ ਉਸ ਨੂੰ ਘਰ ਛੱਡ ਕੇ ਤੇ ਮੈਨੂੰ ਸਰਕਾਰੀ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਵਿਖੇ ਦਾਖ਼ਲ ਕਰਵਾਇਆ ਸੀ | ਉਨ੍ਹਾਂ ਕਿਹਾ ਕਿ ਪੁਲਿਸ ਵਲੋਂ ਧੱਕੇਸ਼ਾਹੀ ਕਰਨ ਵਾਲਿਆਂ ਖ਼ਿਲਾਫ਼ ਕਈ ਦਿਨ ਲੰਘ ਜਾਣ 'ਤੇ ਵੀ ਜਦੋਂ ਮਾਮਲਾ ਦਰਜ ਨਾ ਕੀਤਾ ਗਿਆ ਤਾਂ ਮਜ਼ਬੂਰਨ ਸ੍ਰੀ ਮੁਕਤਸਰ ਸਾਹਿਬ ਤੋਂ ਬਠਿੰਡਾ ਰੋਡ ਸੜਕ 'ਤੇ ਧਰਨਾ ਦੇਣਾ ਪਿਆ | ਇਸ ਧਰਨੇ ਵਿਚ ਡੀ.ਐੱਸ.ਪੀ. ਸਮੇਤ ਹੋਰ ਪੁਲਿਸ ਅਧਿਕਾਰੀ ਪਹੁੰਚੇ, ਜਿਸ ਮਗਰੋਂ ਪੁਲਿਸ ਨੇ ਸ਼ਮਿੰਦਰ ਸਿੰਘ ਦੇ ਬਿਆਨ ਦਰਜ ਕਰਕੇ ਮਾਮਲਾ ਦਰਜ ਕੀਤਾ ਅਤੇ ਧਰਨਾ ਸਮਾਪਤ ਹੋਇਆ | ਇਸ ਧਰਨੇ ਵਿਚ ਭਾਜਪਾ ਦੀ ਸਾਬਕਾ ਜ਼ਿਲ੍ਹਾ ਪ੍ਰਧਾਨ ਤੇ ਸੀਨੀਅਰ ਆਗੂ ਰਾਜੇਸ਼ ਗੋਰਾ ਪਠੇਲਾ, ਸੀਨੀਅਰ ਆਗੂ ਪੁਸ਼ਪਿੰਦਰ ਸਿੰਘ ਭੰਡਾਰੀ, ਭਾਜਪਾ ਦੇ ਸਾਬਕਾ ਮੰਡਲ ਪ੍ਰਧਾਨ ਰਾਜ ਕੁਮਾਰ ਮੇਲੂ ਭਟੇਜਾ, ਮੰਡਲ ਪ੍ਰਧਾਨ ਪੂਜਾ ਕੱਕੜ, ਸਮਾਜ ਸੇਵਕ ਅਸ਼ੋਕ ਕੁਮਾਰ ਚੁੱਘ, ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਜ਼ਿਲ੍ਹਾ ਆਗੂ ਰਜਿੰਦਰ ਸਿੰਘ ਰਾਜਾ, ਫਰੀਡਮ ਫਾਈਟਰ ਉਤਰਾਧਿਕਾਰੀ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਨਿਰਮਲ ਸਿੰਘ ਮਲੋਟ ਅਤੇ ਹੋਰ ਅਹੁਦੇਦਾਰ, ਪੰਜਾਬ ਸਟੂਡੈਂਟ ਯੂਨੀਅਨ ਦੇ ਆਗੂ ਨੌ ਨਿਹਾਲ ਸਿੰਘ, ਮਮਤਾ ਰਾਣੀ, ਹੋਰ ਕਿਸਾਨ, ਪਿੰਡ ਵਾਸੀ ਅਤੇ ਪਰਿਵਾਰਿਕ ਮੈਂਬਰ ਸ਼ਾਮਿਲ ਸਨ | ਪੁਲਿਸ ਵਲੋਂ ਮਾਮਲਾ ਦਰਜ ਕਰਨ ਮਗਰੋਂ ਧਰਨਾ ਚੁੱਕਿਆ ਗਿਆ | ਇਸ ਮਾਮਲੇ ਵਿਚ ਹਰਜਿੰਦਰ ਸਿੰਘ ਲੁਬਾਣਿਆਂਵਾਲੀ ਪੁੱਤਰ ਪਿ੍ਥੀ ਸਿੰਘ, ਸੁਖਜਿੰਦਰ ਸਿੰਘ ਪੁੱਤਰ ਪਿ੍ਥੀ ਸਿੰਘ, ਜੋਗਿੰਦਰ ਸਿੰਘ ਪੁੱਤਰ ਗੁਰਦਿੱਤਾ ਸਿੰਘ, ਗੁਰਮੀਤ ਸਿੰਘ ਪੁੱਤਰ ਮੱਖਣ ਸਿੰਘ ਵਾਸੀ ਪਿੰਡ ਲੁਬਾਣਿਆਂਵਾਲੀ ਅਤੇ ਇਕ ਅਣਪਛਾਤੇ ਵਿਅਕਤੀ 'ਤੇ ਥਾਣਾ ਬਰੀਵਾਲਾ ਵਿਖੇ ਧਾਰਾ ਬੀ.ਐੱਨ.ਐੱਸ. 105, 298, 324, 191(3), 190 ਤਹਿਤ ਮਾਮਲਾ ਦਰਜ ਕੀਤਾ ਗਿਆ | ਇਸ ਮੌਕੇ ਨਿਰਮਲ ਸਿੰਘ ਮਲੋਟ ਨੇ ਕਿਹਾ ਕਿ ਇਸ ਸੁਤੰਤਰਤਾ ਸੰਗਰਾਮੀ ਪਰਿਵਾਰ ਹੈ ਅਤੇ ਇਸ ਪਰਿਵਾਰ ਨੂੰ ਧੱਕੇਸ਼ਾਹੀ ਦੇ ਮਾਮਲੇ ਵਿਚ ਪੂਰਾ ਇਨਸਾਫ਼ ਮਿਲਣਾ ਚਾਹੀਦਾ ਹੈ | ਮਿ੍ਤਕ ਦੇ ਸਪੁੱਤਰ ਸ਼ਮਿੰਦਰ ਸਿੰਘ ਸੰਧੂ ਨੇ ਕਿਹਾ ਕਿ ਜਿਨ੍ਹਾਂ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਹੋਇਆ ਹੈ, ਜਦੋਂ ਤੱਕ ਗਿ੍ਫ਼ਤਾਰ ਨਹੀਂ ਕੀਤੇ ਜਾਂਦੇ, ਉਸ ਸਮੇਂ ਤੱਕ ਪਿਤਾ ਸੁਖਦੇਵ ਸਿੰਘ ਦਾ ਪੋਸਟਮਾਰਟਮ ਨਹੀਂ ਕਰਵਾਇਆ ਜਾਵੇਗਾ ਅਤੇ ਉਨ੍ਹਾਂ ਦੀ ਲਾਸ਼ ਮੋਰਚਰੀ ਵਿਚ ਹੀ ਪਈ ਹੈ | ਉਨ੍ਹਾਂ ਕਿਹਾ ਕਿ ਹਰਜਿੰਦਰ ਸਿੰਘ ਲੁਬਾਣਿਆਂਵਾਲੀ ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਵਿਚ ਸਰਗਰਮ ਹਨ ਅਤੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਦੇ ਦਾਮਾਦ ਹਨ | ਇਸ ਦੌਰਾਨ ਹੀ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਸਾਬਕਾ ਕਾਰਜਕਾਰੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਇਸ ਘਟਨਾ ਦੀ ਸਖ਼ਤ ਨਿਖੇਧੀ ਕੀਤੀ ਹੈ | ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਜਿਨ੍ਹਾਂ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ, ਉਨ੍ਹਾਂ ਨੂੰ ਤੁਰੰਤ ਗਿ੍ਫ਼ਤਾਰ ਕੀਤਾ ਜਾਵੇ | ਉਨ੍ਹਾਂ ਕਿਹਾ ਕਿ ਉਹ ਵੀ ਜਲਦੀ ਪਰਿਵਾਰ ਨੂੰ ਮਿਲਣ ਲਈ ਆ ਰਹੇ ਹਨ | ਦੂਜੇ ਪਾਸੇ ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਦੇ ਆਗੂ ਵੀ ਪੁਲਿਸ ਅਧਿਕਾਰੀਆਂ ਨੂੰ ਮਿਲੇ ਅਤੇ ਇਸ ਮਾਮਲੇ ਵਿਚ ਨਿਰਪੱਖ ਪੜਤਾਲ ਦੀ ਮੰਗ ਕੀਤੀ | ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਬਲਾਕ ਬਰੀਵਾਲਾ ਦੇ ਪ੍ਰੈੱਸ ਸਕੱਤਰ ਗੁਰਪ੍ਰੀਤ ਸਿੰਘ ਜੰਮੂਆਣਾ ਨੇ ਕਿਹਾ ਕਿ ਇਸ ਮਾਮਲੇ ਵਿਚ ਨਿਰਪੱਖ ਪੜਤਾਲ ਹੋਵੇ ਤੇ ਕਿਸੇ ਨਾਲ ਵੀ ਪੱਖਪਾਤ ਨਾ ਹੋਵੇ | ਉਨ੍ਹਾਂ ਕਿਹਾ ਕਿ ਇਹ ਝਗੜਾ ਕੁਝ ਦਿਨ ਪਹਿਲਾਂ ਹੋਇਆ ਸੀ, ਪਰ ਸੁਖਦੇਵ ਸਿੰਘ ਦੀ ਮੌਤ ਕਈ ਦਿਨਾਂ ਬਾਅਦ ਹੋਈ ਹੈ | ਗੁਰਪ੍ਰੀਤ ਸਿੰਘ ਨੇ ਕਿਹਾ ਕਿ ਇਹ ਵੀ ਪਤਾ ਲੱਗਿਆ ਹੈ ਕਿ ਸੁਖਦੇਵ ਸਿੰਘ ਸ਼ੂਗਰ ਆਦਿ ਬਿਮਾਰੀਆਂ ਤੋਂ ਪੀੜਤ ਸਨ, ਮੌਤ ਦੇ ਕਾਰਨਾਂ ਦੀ ਸਹੀ ਜਾਂਚ ਹੋਵੇ ਅਤੇ ਸਹੀ ਨਿਆਂ ਹੋਵੇ | ਜ਼ਿਕਰਯੋਗ ਹੈ ਕਿ ਲੁਬਾਣਿਆਂਵਾਲੀ ਧਿਰ ਦੇ ਵਿਅਕਤੀ ਇਸ ਜ਼ਮੀਨ 'ਤੇ ਆਪਣਾ ਹੱਕ ਜਤਾ ਰਹੇ ਸਨ, ਜਿਸ ਕਾਰਨ ਇਹ ਝਗੜਾ ਹੋਇਆ | ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ |
ਪਿਛਲੀ ਖ਼ਬਰ ਬਿਨਾਂ ਲਾਇਸੰਸ ਤੋਂ ਪਟਾਕੇ ਵੇਚਣ ਵਾਲੇ ਵਿਅਕਤੀ ਨੂੰ ਕੀਤਾ ਕਾਬੂ ਅਗਲੀ ਖ਼ਬਰ ਮੋਗਾ ਵਿਖੇ ਪੁਲਿਸ ਸ਼ਹੀਦੀ ਸ਼ੋਕ ਦਿਵਸ ਮੌਕੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।