20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਲਗਾਤਾਰ ਹੋਈ ਬਾਰਿਸ਼ ਕਾਰਨ ਸ੍ਰੀ ਮੁਕਤਸਰ ਸਾਹਿਬ ਇਲਾਕੇ ਦੇ ਕਈ ਪਿੰਡ ਪਾਣੀ ਦੀ ਮਾਰ ਹੇਠ ਆਏ <br/>

ਅਜੀਤ ਡੈਸਕ 01-09-2025

ਸ੍ਰੀ ਮੁਕਤਸਰ ਸਾਹਿਬ, 31 ਅਗਸਤ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਇਲਾਕੇ ਵਿਚ ਲਗਾਤਾਰ ਹੋਈ ਵਰਖਾ ਕਾਰਨ ਕਈ ਪਿੰਡ ਪਾਣੀ ਦੀ ਮਾਰ ਹੇਠ ਆ ਗਏ ਹਨ | ਕੁਝ ਪਿੰਡਾਂ ਦੀਆਂ ਗਲੀਆਂ ਵਿਚ ਪਾਣੀ ਭਰਨ ਕਰਕੇ ਲੋਕਾਂ ਨੂੰ ਲੰਘਣਾ ਮੁਸ਼ਕਿਲ ਹੋ ਗਿਆ ਹੈ | ਲਗਾਤਾਰ ਖਰਾਬ ਮੌਸਮ ਨੂੰ ਲੈ ਕੇ ਕਿਸਾਨ ਚਿੰਤਾ ਵਿਚ ਡੁੱਬੇ ਹੋਏ ਹਨ | ਇਥੋਂ ਨੇੜਲੇ ਪਿੰਡ ਉਦੇਕਰਨ, ਵੰਗਲ, ਲੁਬਾਣਿਆਂਵਾਲੀ, ਲੰਡੇ ਰੋਡੇ, ਅਟਾਰੀ, ਗੁਲਾਬੇਵਾਲਾ, ਮੜਮੱਲੂ, ਜੱਸੇਆਣਾ ਆਦਿ ਪਿੰਡਾਂ ਵਿਚ ਬਾਰਿਸ਼ਾਂ ਦਾ ਪਾਣੀ ਖੇਤਾਂ ਵਿਚ ਭਾਰੀ ਮਾਤਰਾ ਵਿਚ ਜਮ੍ਹਾਂ ਹੋ ਗਿਆ ਹੈ | ਇਸ ਤੋਂ ਇਲਾਵਾ ਨੇੜੇ ਲੰਘਦੇ ਸੇਮ ਨਾਲਿਆਂ ਦਾ ਪਾਣੀ ਓਵਰਫਲੋ ਹੋ ਕੇ ਖੇਤਾਂ ਵਿਚ ਜਾ ਰਿਹਾ ਹੈ, ਜਿਸ ਕਰਕੇ ਹਜ਼ਾਰਾਂ ਏਕੜ ਰਕਬਾ ਪਾਣੀ ਦੀ ਮਾਰ ਹੇਠ ਆਇਆ ਹੋਇਆ ਹੈ | ਜੇਕਰ ਸਹੀ ਤਰੀਕੇ ਨਾਲ ਨਿਕਾਸੀ ਨਾ ਹੋਈ ਤਾਂ ਕਿਸਾਨਾਂ ਨੂੰ ਫ਼ਸਲ ਮਰਨ ਦਾ ਡਰ ਸਤਾ ਰਿਹਾ ਹੈ | ਸੇਮ ਨਾਲਿਆਂ ਵਿਚੋਂ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਮੀਂਹ ਜ਼ਿਆਦਾ ਕਰਕੇ ਸੇਮ ਨਾਲੇ ਦੀ ਓਵਰਫਲੋ ਹੋ ਰਹੇ ਹਨ | ਜੇਕਰ ਮੌਸਮ ਵਿਭਾਗ ਦੀ ਗੱਲ ਕਰੀਏ ਤਾਂ ਉਨ੍ਹਾਂ ਵਲੋਂ ਆਉਣ ਵਾਲੇ ਦੋ ਤਿੰਨ ਦਿਨਾਂ ਵਿਚ ਵੀ ਭਾਰੀ ਬਾਰਿਸ਼ ਦੀ ਭਵਿੱਖਬਾਣੀ ਕੀਤੀ ਗਈ ਹੈ | ਜਿਸ ਕਾਰਨ ਕਿਸਾਨ ਚਿੰਤਾ ਵਿਚ ਡੁੱਬੇ ਹੋਏ ਹਨ | ਜੇਕਰ ਬਾਰਿਸ਼ ਦੁਬਾਰਾ ਫਿਰ ਸ਼ੁਰੂ ਹੁੰਦੀ ਹੈ ਤਾਂ ਇਸ ਇਲਾਕੇ ਦੇ ਕਈ ਪਿੰਡਾਂ ਵਿਚ ਫ਼ਸਲਾਂ ਅਤੇ ਘਰਾਂ ਦਾ ਨੁਕਸਾਨ ਹੋਣ ਦਾ ਡਰ ਹੈ | ਪਿਛਲੇ ਦਿਨਾਂ ਵਿਚ ਲਗਾਤਾਰ ਬਾਰਿਸ਼ ਨਾਲ ਬਹੁਤ ਗਰੀਬ ਪਰਿਵਾਰਾਂ ਦੇ ਘਰ ਢਹਿ ਗਏ ਹਨ ਅਤੇ ਛੱਤਾਂ ਡਿੱਗ ਪਈਆਂ ਹਨ | ਬਾਰਿਸ਼ ਦਾ ਪਾਣੀ ਜਿਆਦਾ ਹੈ ਅਤੇ ਉਹ ਖੇਤਾਂ ਵਿਚੋਂ ਓਵਰਫਲੋ ਹੋ ਕੇ ਸੜਕਾਂ 'ਤੇ ਆ ਗਿਆ ਹੈ | ਪਿੰਡ ਗੁਲਾਬੇਵਾਲਾ ਵਿਖੇ ਗਲੀਆਂ ਵਿਚ ਪਾਣੀ ਭਰਨ ਕਰਕੇ ਘਰਾਂ ਵਿਚ ਵੀ ਦਾਖਲ ਹੋ ਗਿਆ ਹੈ | ਸ਼ਹਿਰ ਦੇ ਕਈ ਖੇਤਰਾਂ ਵਿਚ ਵੀ ਅਜੇ ਬਾਰਿਸ਼ ਦਾ ਪਾਣੀ ਖੜ੍ਹਾ ਹੈ | ਪਿੰਡ ਵੰਗਲ ਦੇ ਕਿਸਾਨ ਸ਼ਮਿੰਦਰ ਸਿੰਘ, ਪਿੰਡ ਲੰਡੇ ਰੋਡੇ ਦੇ ਕਿਸਾਨ ਬਲਜੀਤ ਸਿੰਘ, ਪਿੰਡ ਜੱਸੇਆਣਾ ਦੇ ਕਿਸਾਨ ਗੁਰਲਾਲ ਸਿੰਘ ਨੰਬਰਦਾਰ, ਪਿੰਡ ਮੜਮੱਲੂ ਦੇ ਕਿਸਾਨ ਗੁਰਬਾਜ ਸਿੰਘ ਸਾਬਕਾ ਸਰਪੰਚ, ਗੁਲਾਬੇਵਾਲਾ ਦੇ ਕਿਸਾਨ ਬਲਰਾਜ ਸਿੰਘ ਸਾਬਕਾ ਸਰਪੰਚ ਆਦਿ ਨੇ ਦੱਸਿਆ ਕਿ ਵੱਖ ਵੱਖ ਪਿੰਡਾਂ ਦਾ ਹਜ਼ਾਰਾਂ ਏਕੜ ਰਕਬਾ ਪਾਣੀ ਦੀ ਮਾਰ ਹੇਠ ਚੱਲ ਰਿਹਾ ਹੈ | ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਫਸਲਾਂ ਨੂੰ ਬਚਾਉਣ ਲਈ ਪਾਣੀ ਦੇ ਨਿਕਾਸ ਲਈ ਉਚੇਚੇ ਪ੍ਰਬੰਧ ਕੀਤੇ ਜਾਣ |

ਪਿਛਲੀ ਖ਼ਬਰ ਕੁਦਰਤੀ ਕਰੋਪੀ ਦੇ ਨਾਲ-ਨਾਲ ਪੰਜਾਬ ਦੀ ਤਬਾਹੀ ਲਈ ਸੂਬਾ ਸਰਕਾਰ ਜ਼ਿੰਮੇਵਾਰ-ਜਗਜੀਤ ਸਿੰਘ ਡੱਲੇਵਾਲ ਅਗਲੀ ਖ਼ਬਰ ਭਾਰੀ ਮੀਂਹ ਪੈਣ ਕਰਕੇ ਪਸ਼ੂਆਂ ਦਾ ਸ਼ੈੱਡ ਡਿਗਿਆ, 40 ਬੱਕਰੀਆਂ ਦੀ ਮੌਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।