ਸ੍ਰੀ ਮੁਕਤਸਰ ਸਾਹਿਬ, 31 ਅਗਸਤ (ਰਣਜੀਤ ਸਿੰਘ ਢਿੱਲੋਂ)-ਬੀਤੀ ਅੱਧੀ ਰਾਤ ਨੂੰ ਹੋਈ ਤੇਜ਼ ਬਾਰਿਸ਼ ਮਗਰੋਂ ਪਿੰਡ ਝਬੇਲਵਾਲੀ ਵਿਖੇ ਸ਼ੈਡ ਡਿੱਗਣ ਕਾਰਨ 40 ਬੱਕਰੀਆਂ ਦੀ ਮੌਤ ਹੋ ਗਈ | ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਝਬੇਲਵਾਲੀ ਦੇ ਕਿਸਾਨ ਹਰਬੰਸ ਸਿੰਘ ਦੀਆਂ 40 ਦੇ ਕਰੀਬ ਬੱਕਰੀਆਂ ਭਾਰੀਂ ਮੀਹ ਪੈਣ ਕਰਕੇ ਸ਼ੈੱਡ ਡਿੱਗਣ ਕਾਰਨ ਮਾਰੀਆਂ ਗਈਆਂ ਅਤੇ ਬਹੁਤ ਸਾਰੀਆਂ ਬੱਕਰੀਆਂ ਭੇਡਾਂ ਗੰਭੀਰ ਸੱਟਾਂ ਲੱਗਣ ਕਾਰਨ ਨਾਜ਼ਕ ਹਾਲਤ ਵਿਚ ਪਈਆਂ ਤੜਫ਼ ਰਹੀਆਂ ਹਨ | ਜ਼ਿਕਰਯੋਗ ਹੈ ਕਿ ਨੰਬਰਦਾਰ ਹਰਬੰਸ ਸਿੰਘ ਬਹੁਤ ਗ਼ਰੀਬ ਕਿਸਾਨ ਹੈ, ਜੋ ਭੇਡਾਂ ਬੱਕਰੀਆਂ ਪਾਲ ਕੇ ਹੀ ਬੜੀ ਮੁਸ਼ਿਕਲ ਨਾਲ ਆਪਣੇ ਪਰਿਵਾਰ ਦੀ ਰੋਜ਼ੀ ਰੋਟੀ ਚਲਾ ਰਿਹਾ ਹੈ, ਰਾਤ ਵਾਪਰੀ ਮੰਦਭਾਗੀ ਘਟਨਾ ਤੋਂ ਬਾਅਦ ਸਮੁੱਚਾ ਪਰਿਵਾਰ ਸਦਮੇ ਵਿਚ ਹੈ | ਘਟਨਾ ਵਾਪਰਨ ਤੋਂ ਤੁਰੰਤ ਬਾਅਦ ਮੌਕੇ 'ਤੇ ਪਹੁੰਚੇ ਕਿਰਤੀ ਕਿਸਾਨ ਯੂਨੀਅਨ ਸੂਬਾ ਵਿਤ ਸਕੱਤਰ ਜਸਵਿੰਦਰ ਸਿੰਘ ਝਬੇਲਵਾਲੀ ਅਤੇ ਜ਼ਿਲ੍ਹਾ ਸਕੱਤਰ ਜਥੇਦਾਰ ਹਰਪ੍ਰੀਤ ਸਿੰਘ ਝਬੇਲਵਾਲੀ ਨੇ ਦੱਸਿਆ ਕਿ ਜਿਉਂ ਹੀ ਇਸ ਘਟਨਾ ਦਾ ਪਿੰਡ ਵਾਸੀਆਂ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਤੁਰੰਤ ਇਕੱਠੇ ਹੋ ਕੇ ਮਲਬੇ ਹੇਠੋਂ ਕੁਝ ਭੇਡਾਂ ਬੱਕਰੀਆਂ ਨੂੰ ਕੱਢ ਕੇ ਬਚਾ ਲਿਆ | ਇਸ ਦੇ ਬਾਵਜੂਦ ਵੱਡੇ ਪੱਧਰ 'ਤੇ ਬੱਕਰੀਆਂ ਮਰ ਜਾਣ ਕਾਰਨ ਪਰਿਵਾਰ ਦਾ 15 ਲੱਖ ਰੁਪਏ ਤੋਂ ਵੱਧ ਦਾ ਨੁਕਸਾਨ ਹੋ ਗਿਆ | ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪਰਿਵਾਰ ਨੂੰ ਫੌਰੀ ਮੁਆਵਜ਼ਾ ਦੇ ਕੇ ਨੁਕਸਾਨ ਦੀ ਭਰਪਾਈ ਕੀਤੀ ਜਾਵੇ | ਇਸ ਸਬੰਧੀ ਪਰਿਵਾਰ ਨੂੰ ਲੈ ਕੇ ਕੱਲ੍ਹ ਜਥੇਬੰਦੀ ਦਾ ਵਫ਼ਦ ਡਿਪਟੀ ਕਮਿਸ਼ਨਰ ਨੂੰ ਵੀ ਮਿਲੇਗਾ | ਆਗੂਆਂ ਨੇ ਕਿਹਾ ਕਿ ਪੰਜਾਬ ਦਾ ਮੁੱਖ ਮੰਤਰੀ ਲਗਾਤਾਰ ਕਹਿੰਦਾ ਰਿਹਾ ਕਿ ਕੁਦਰਤੀ ਆਫ਼ਤਾਂ ਕਾਰਨ ਜੇ ਕਿਸੇ ਦੀ ਮੁਰਗੀ ਜਾਂ ਬੱਕਰੀ ਦਾ ਨੁਕਸਾਨ ਹੁੰਦਾ ਹੈ ਤਾਂ ਉਨ੍ਹਾਂ ਨੂੰ ਤੁਰੰਤ ਬਣਦੀ ਮੁਆਵਜੇ ਦੀ ਰਾਸ਼ੀ ਜਾਰੀ ਕੀਤੀ ਜਾਵੇਗੀ | ਪਰ ਅੱਜ ਪੰਜਾਬ ਦੀ ਸਥਿਤੀ ਹੜ੍ਹਾਂ ਕਰਨ ਬੇਹੱਦ ਗੰਭੀਰ ਬਣੀ ਹੋਈ ਹੈ | ਲੱਖਾਂ ਏਕੜ ਫ਼ਸਲ ਤਬਾਹ ਹੋ ਗਈ, ਪਸ਼ੂ ਡੰਗਰ ਪਾਣੀ ਵਿਚ ਰੁੜ੍ਹ ਗਏ | ਇਸ ਦੁੱਖ ਦੀ ਘੜੀ ਦੇ ਵਿਚ ਹੜ ਪੀੜ੍ਹਤ ਲੋਕਾਂ ਦੀ ਬਾਂਹ ਫੜ੍ਹਨ ਦੀ ਬਜਾਏ ਪੰਜਾਬ ਸਰਕਾਰ ਮੂਕ ਦਰਸ਼ਕ ਬਣੀ ਬੈਠੀ ਹੈ | ਉਨ੍ਹਾਂ ਕਿਹਾ ਕਿ ਜੇਕਰ ਪੀੜ੍ਹਤ ਲੋਕਾਂ ਦੀ ਸਰਕਾਰ ਨੇ ਜਲਦ ਸਾਰ ਨਾ ਲਈ ਤੇ ਬਣਦਾ ਮੁਆਵਜਾ ਫੌਰੀ ਜਾਰੀ ਨਾ ਕੀਤਾ ਤਾਂ ਕਿਰਤੀ ਕਿਸਾਨ ਯੂਨੀਅਨ ਤਿੱਖਾ ਸੰਘਰਸ਼ ਵਿੱਢੇਗੀ |