09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਕਲਰਕ ਪਾਸ਼ਾ

ਅਜੀਤ ਡੈਸਕ 01-06-2025

ਹਾਸ-ਵਿਅੰਗ

ਇਸ ਵਿਚ ਕੋਈ ਦੋ ਰਾਵਾਂ ਨਹੀਂ ਤੁਸੀਂ ਮੰਨੋ ਨਾ, ਪਰ ਇਹ ਸੋਲ੍ਹਾਂ ਆਨੇ ਯਾਨੀ ਸੌ ਪੈਸੇ ਸੱਚ ਹੈ | ਸੱਚ ਹਮੇਸ਼ਾ ਕੌੜਾ ਹੁੰਦਾ ਹੈ | ਫਿਰ ਕੌੜਾ ਘੁਟ ਭਰਨ ਦੀ ਕੀ ਲੋੜ, ਤੁਸੀਂ ਇਹੋ ਸੋਚੋਗੇ? ਪਰ ਇਸ ਤੋਂ ਸਿਵਾਏ ਕੋਈ ਹੋਰ ਚਾਰਾ ਵੀ ਤਾਂ ਨਹੀਂ ਸਾਡੇ ਕੋਲ | ਜਿਵੇਂ ਕੁੱਤੇ ਨੂੰ ਇਕ'ਕਾਫ਼' ਲਗਦਾ ਹੈ ਤੇ 'ਕਲਰਕ' ਨੂੰ ਦੋ | ਜੇਕਰ ਇਕ ਕਾਫ਼ ਵਾਲਾ ਦਰਵੇਸ਼ ਹੋ ਸਕਦਾ ਹੈ ਤਾਂ ਫਿਰ ਆਹ ਦੋ ਕਾਫ਼ਾਂ ਵਾਲਾ 'ਕਲਰਕ-ਪਾਤਸ਼ਾਹ' ਕਿਉਂ ਨਹੀਂ ਹੋ ਸਕਦਾ?
ਖ਼ੈਰ! ਇਨ੍ਹਾਂ ਫਜ਼ੂਲ ਗੱਲਾਂ ਵਿਚ ਕੀ ਰੱਖਿਆ ਏ | ਪਰ ਇਕ ਗੱਲ ਜ਼ਰੂਰ ਯਾਦ ਰੱਖਣਾ, ਜਿਵੇਂ ਇੰਜਣ ਰੇਲ ਦੀ ਪਟੜੀ 'ਤੇ, ਇਕ ਹੀ ਸਮੇਂ ਸਿੱਧਾ ਜਾਂ ਪੁੱਠਾ ਵੀ ਚੱਲ ਸਕਦਾ ਹੈ | ਸੋ, ਏਹੀ ਹਾਲ 'ਕਲਰਕ-ਪਾਸ਼ਾ' ਦਾ ਹੈ | ਪਰ ਹਿ ਇੰਜਣ ਵਾਂਗੂੰ ਅੰਦਰੋਂ-ਬਾਹਰੋਂ ਕਾਲਾ ਨਹੀਂ ਹੁੰਦਾ | ਮੇਰਾ ਨਹੀਂ, ਸਗੋਂ ਆਮ ਲੋਕਾਂ ਦਾ ਵਿਚਾਰ ਹੈ ਕਿ ਇਹ ਗੋਰੇ ਦੇ ਕਾਲੇ ਦਿਲ ਵਾਂਗੂੰ ਹੈ ਪਰ ਮੈਂ ਨਹੀਂ ਮੰਨਦਾ | ਇਹ ਸਾਊ ਬੰਦਾ ਦਿਲ ਦਾ ਮਾੜਾ ਨਹੀਂ ਹੁੰਦਾ, ਸਗੋਂ ਉਸ ਬੇਵਫ਼ਾ ਪ੍ਰੇਮਿਕਾ ਵਾਂਗੂੰ ਤੁਹਾਡੀ ਜੇਬ 'ਤੇ ਮੋਹਿਤ ਤਾਂ ਜ਼ਰੂਰ ਹੋ ਜਾਵੇਗਾ, ਜਿਸ ਨੂੰ ਤੁਹਾਡੇ ਨਾਲ ਨਹੀਂ ਸਗੋਂ ਤੁਹਾਡੀ ਜੇਬ ਨਾਲ ਮੁਹੱਬਤ ਹੈ |
ਜੇਕਰ ਤੁਸੀਂ ਇਸ ਦੇ ਮਨ ਦੀ ਭਾਵਨਾ ਸਮਝ ਲਈ ਅਤੇ ਉਸ 'ਤੇ ਅਮਲੀ ਤੌਰ 'ਤੇ ਅਮਲ ਕੀਤਾ ਤਾਂ ਇਹ ਇੰਜਣ ਵਾਂਗੂੰ ਸਿੱਧਾ ਚੱਲ ਕੇ ਤੁਹਾਡੇ ਕੰਮ ਨੂੰ ਮੰਜ਼ਿਲ 'ਤੇ ਲਾ ਦੇਵੇਗਾ | ਜੇਕਰ ਤੁਸਾਂ ਸਮਝਣ ਵਿਚ ਕੁਝ ਦੇਰ ਕਰ ਦਿੱਤੀ ਜਾਂ ਤੁਹਾਡੀ ਅਣਗਹਿਲੀ ਤੇ ਚਤੁਰਾਈ ਦਾ ਇਸ ਨੇ ਭਾਵ ਉਲਟ ਕੱਢ ਲਿਆ ਤਾਂ ਇਹ ਇੰਜਾਂ ਵਾਂਗੂੰ ਪੁੱਠਾ ਸ਼ੰਟ ਕਰਦਾ ਅੜੀਅਲ ਘੋੜੇ ਵਾਂਗੂ ਐਸੀ ਦੁਲੱਤੀ ਮਾਰੇਗਾ ਕਿ ਉਮਰ ਭਰ ਬੈਠੇ ਕਿਸਮਤ ਨੂੰ ਕੋਸਦੇ ਕਚਹਿਰੀਆਂ ਵਿਚ ਧੱਕੇ ਖਾਂਦੇ ਗੋਡੇ ਰਗੜਦੇ ਫਿਰੋਗੇ |
ਜੇ ਇੰਜਣ ਪਟੜੀ ਤੋਂ ਲਹਿ ਜਾਵੇ ਤਾਂ ਕਰੇਨ ਉਸ ਨੂੰ ਸਹੀ ਸਲਾਮਤ ਲਾਈਨ 'ਤੇ ਲਿਆ ਸਕਦੀ ਹੈ | ਵਾਹਿਗੁਰੂ ਦੀ ਕਿਰਪਾ ਨਾਲ ਜੇਕਰ 'ਕਲਰਕ-ਪਾਸ਼ਾ' ਇਕ ਵਾਰ ਪਟੜੀ ਤੋਂ ਉੱਤਰ ਜਾਵੇ ਤਾਂ ਉਸ ਨੂੰ ਦੁਨੀਆ ਦੀ ਕੋਈ ਤਾਕਤ ਵੀ ਸਿੱਧਾ ਰਸਤੇ 'ਤੇ ਨਹੀਂ ਲਿਆ ਸਕਦੀ | ਫਿਰ ਤੁਸੀਂ ਭਾਵੇਂ ਲੱਖ ਸਿਫ਼ਾਰਸ਼ਾਂ, ਮਿੰਨਤਾਂ, ਤਰਲੇ ਤੇ ਹਾੜੇ ਕੱਢੀ ਜਾਵੋ | ਇਸ ਦੀ ਕਲਮ ਵਿਚ ਵਿਧਾਤਾ ਦੀ ਕਲਮ ਜਿੰਨੀ ਤਾਕਤ ਹੈ, ਜਿਸ ਦੇ ਲਿਖਿਆਂ ਲੇਖਾਂ ਨੂੰ ਕੋਈ ਮਾਈ ਦਾ ਲਾਲ ਮੋੜ ਨਹੀਂ ਸਕਦਾ | ਇਸ ਕਰਕੇ ਤਾਂ ਸਿਆਣੇ ਆਖਿਆ ਕਰਦੇ ਨੇ, 'ਬਾਈ ਮਹਾਰਾਜ ਨਾਲ ਬੇਸ਼ੱਕ ਵਿਗੜ ਜਾਵੇ, ਪਰ ਕਲਰਕ-ਪਾਸ਼ਾ ਨਾਲ ਰੱਬ ਕਿਸੇ ਦੀ ਨਾ ਵਿਗਾੜੇ |'
ਇਕ ਅਫਸਰ ਬੜਾ ਖੱਬੀ ਖਾਂ ਤੇ ਕਹਿੰਦਾ ਕਹਾਉਂਦਾ ਬੰਦਾ ਸੀ, ਉਹ 'ਕਲਰਕ ਪਾਸ਼ਾ' ਦੀ ਹਰ ਗੱਲ ਨੂੰ ਟਿੱਚ ਸਮਝਦਾ ਤੇ ਉਸ ਦੀ ਜ਼ਰਾ ਪ੍ਰਵਾਹ ਨਾ ਕਰਦਾ | ਆਪਣੀ ਅਫ਼ਸਰੀ ਦੀ ਹੈਾਕੜ 'ਤੇ ਨਾਜ਼ ਕਰਦਾ ਸੀ | ਉਸ ਦੋ ਦੋਸਤਾਂ-ਮਿੱਤਰਾਂ ਨੇ ਉਸ ਨੂੰ ਬਹੁਤ ਸਮਝਾਇਆ, 'ਬਈ ਕਿਹਰ ਸਿਹਾਂ, ਸੱਪ ਦਾ ਡੰਗਿਆ ਬੰਦਾ ਬਚ ਜਾਂਦਾ ਹੈ ਪਰ ਕਲਰਕ ਦੀ ਕਲਮ ਦਾ ਡੰਗਿਆ ਸਾਰੀ ਜ਼ਿੰਦਗੀ ਰਾਸ ਨਹੀਂ ਆਉਂਦਾ |' ਪਰ ਉਨ੍ਹਾਂ ਦੀ ਇਸ ਨਸੀਹਤ ਦਾ ਕਿਹਰ ਸਿੰਘ 'ਤੇ ਕੋਈ ਅਸਰ ਨਾ ਹੋਇਆ ਤੇ ਉਹ ਭੂਤਰੇ ਸਾਨ੍ਹ ਵਾਂਗੂੰ ਫੁੰਕਾਰੇ ਮਾਰਦਾ ਰਹਿੰਦਾ | 'ਕਲਰਕ-ਪਾਸ਼ਾ' ਉਸ ਦੀ ਕੋਝੀ ਹਰਕਤ ਅਤੇ ਹੈਾਕੜ ਤੋਂ ਬਹੁਤ ਤੰਗ ਤੇ ਦੁਖੀ ਸੀ | ਉਹ ਮਨ ਹੀ ਮਨ ਅੰਦਰ ਉਸ ਦੀ ਟੈਂ ਭੰਨ੍ਹਣ ਦੇ ਕਈ ਮਨਸੂਬੇ ਬਣਾਉਣ ਲੱਗਾ |
ਕੁਝ ਦਿਨਾਂ ਬਾਅਦ ਕਿਹਰ ਸਿੰਘ ਚੰਡੀਗੜ੍ਹ ਦੀਆਂ ਖੁੱਲ੍ਹੀਆਂ ਸੜਕਾਂ ਦੀ ਠੰਢੀ ਹਵਾ ਛਕਦਾ ਤੇ ਮਟਰ ਗਸ਼ਤੀ ਕਰਦਾ, ਮੰਤਰੀ ਜੀ ਦੀ ਕੋਠੀ ਤੋਂ ਅਸਤੀਫ਼ਾ ਵਾਪਸ ਕਰਾਉਣ ਲਈ ਸਕੱਤਰ ਸਾਹਿਬ ਨੂੰ ਫੋਨ ਕਰਵਾ ਰਿਹਾ ਸੀ ਅਤੇ ਚੀਕ-ਚੀਕ ਕੇ ਕਹਿ ਰਿਹਾ ਸੀ, ਜਨਾਬ! ਇਸ ਵਿਚ ਮੇਰਾ ਕੋਈ ਕਸੂਰ ਨਹੀਂ | ਇਹ ਅਸਤੀਫ਼ਾ ਮੈਂ ਨਹੀਂ ਦਿੱਤਾ, ਸਗੋਂ ਮੇਰੇ ਕਲਰਕ ਪਾਸ਼ਾ ਦੀ ਚਾਲ ਏ ਚਾਲ |'
ਜੇ ਕਿਸੇ ਰਾਜ਼ ਦਾ ਤੁਹਾਨੂੰ ਪਤਾ ਨਹੀਂ ਤੇ ਉਹ ਰਾਜ਼ ਤੁਹਾਨੂੰ ਚਾਹੀਦਾ ਵੀ ਹੈ ਤਾਂ ਇਸ ਵਿਚ ਘਬਰਾਉਣ ਤੇ ਡਰਨ ਦੀ ਲੋੜ ਨਹੀਂ | ਸਭ ਤੋਂ ਸਸਤਾ ਤੇ ਸੌਖਾ ਤਰੀਕਾ ਹੈ ਕਿ 'ਲਾਲ ਪਰੀ ਦੀ 'ਕਲਰਕ ਪਾਸ਼ਾ' ਨਾਲ ਦੋਸਤੀ ਰਵਾ ਦਿਓ |' ਫਿਰ ਜੋ ਚਾਹੋ ਭੇਤ ਉਸ ਤੋਂ ਪੁੱਛ ਸਕਦੇ ਹੋ ਅਤੇ ਜ਼ਰੂਰੀ ਦਸਤਾਵੇਜ਼ ਵੀ ਹਾਸਿਲ ਕਰ ਸਕਦੇ ਹੋ | ਇਹ ਨਾ ਸਮਝਣਾ ਕਿ ਇਹ 'ਕਲਰਕ ਪਾਸ਼ਾ' ਦੀ ਕਮਜ਼ੋਰੀ ਅਤੇ ਹਾਜ਼ਮਾ ਖਰਾਬ ਹੈ | ਇਹ ਐਡਾ ਕੱਚਾ ਤੇ ਕੂਲਾ ਨਹੀਂ ਜੋ ਪਹਿਲੀ ਵਾਰ ਸਭ ਕੁਝ ਸਹੀ-ਸਹੀ ਦਸ ਦੇਵੇ | ਇਹ ਤਾਂ ਅਲਜ਼ਬਰੇ ਵਾਲਾ ਫਾਰਮੂਲਾ ਹੈ ਜਾਂ ਫਰਜ਼ ਕਰੋ ਮੂਲ ਧਨ ਸੌ... |
ਉਹ ਬੜੇ ਭਲੇ ਸਮੇਂ ਸਨ ਜਦ 'ਕਲਰਕ ਪਾਸ਼ਾ' ਇਕ ਚਾਹ ਦੇ ਕੱਪ 'ਤੇ ਖੁਸ਼ ਹੋ ਜਾਂਦਾ ਹੈ | ਦੇਸ਼ ਦੀ ਤਰੱਕੀ ਨਾਲ ਇਸ ਨੇ ਬੜੀ ਤਰੱਕੀ ਕੀਤੀ ਹੈ | ਫਿਰ ਇਹ ਜ਼ਰੂਰੀ ਨਹੀਂ, ਕੁਇੰਟਲ ਵਿਸਕੀ ਤੇ ਤੰਦੂਰੀ ਮੁਰਗਾ ਆਦਿ ਖਾ ਕੇ ਉਹ ਰਾਜ਼ ਤੁਹਾਨੂੰ ਸਹੀ ਤੇ ਪੂਰਾ ਦਸ ਦੇਵੇ ਜੋ ਤੁਹਾਨੂੰ ਚਾਹੀਦਾ ਹੈ | ਇਹ ਸਰਕਾਰੀ ਮੁਲਾਜ਼ਮ ਹੈ, ਜਿਵੇਂ ਸਰਕਾਰ ਮੁਲਾਜ਼ਮਾਂ ਨੂੰ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ, ਲਮਕਾ-ਲਮਕਾ ਕੇ ਦਿੰਦੀ ਹੈ ਅਤੇ ਉਹ ਵੀ ਜਲਸੇ-ਮੁਜ਼ਾਹਰੇ ਅਤੇ ਜਲੂਸ ਕਢਵਾਉਣ ਤੋਂ ਬਾਅਦ | ਸ਼ਾਇਦ ਇਸ ਤਰ੍ਹਾਂ ਇਹ ਵੀ |
ਮੇਰੀ ਤਾਂ ਸਾਹਿਤਕਾਰ ਸੱਜਣਾਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਜੇ ਉਨ੍ਹਾਂ 'ਝੂਠ ਬੋਲਣ' 'ਤੇ ਥੀਸਿਸ ਲਿਖਣਾ ਹੋਵੇ ਤਾਂ ਉਨ੍ਹਾਂ ਨੂੰ ਕਿਤਾਬਾਂ ਨਾਲ ਮੱਥਾ ਮਾਰਨ ਅਤੇ ਵਿਦਵਾਨਾਂ ਅਤੇ ਵਿਦਵਾਨਣਾਂ ਮਗਰ ਭਟਕਣ, ਸਮਾਂ ਨਸ਼ਟ ਕਰ ਕੇ ਪੈਸੇ ਪਾਣੀ ਵੰਗੂੰ ਰੋੜ੍ਹਨ ਦੀ ਲੋੜ ਨਹੀਂ | ਜੇਕਰ ਪਰਮਾਤਮਾ ਦੀ ਅਪਰ-ਅਪਾਰ ਕਿਰਪਾ ਤੇ ਦਇਆ ਦਿ੍ਸ਼ਟੀ ਨਾਲ ਉਨ੍ਹਾਂ ਦੇ ਆਪਣੇ ਕੰਮ ਲਈ 'ਕਲਰਕ ਪਾਸ਼ਾ' ਨਾਲ ਪੰਗਾ ਪੈ ਜਾਵੇ | ਉਸ ਦੇ ਲਾਰੇ ਤੇ ਲਾਰੇ, ਤੁਹਾਡੇ ਗੇੜੇ ਤੇ ਠਾਹ ਗੇੜੇ 'ਝੂਠ ਬੋਲਣ' ਤੇ ਪੀ.ਐਚ.ਡੀ. ਦੀ ਡਿਗਰੀ ਲੈ ਦੇਣਗੇ | ਫਿਰ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ, ਚਾਤੀ 'ਤੇ ਹੱਥ ਮਾਰ ਕੇ ਬੇਧੜਕ (ਸਵਰਗਵਾਸੀ) ਜਨਰਲ ਜ਼ਿਆ-ਉਲ-ਹੱਕ ਨਾਲ ਆਪਣੀ ਤੁਲਣਾ ਕਰ ਸਕਦੇ ਹੋ | ਫਿਰ ਤੁਸੀਂ ਸਮਝਦਾਰ ਤੇ ਸਿਆਣੇ ਹੋ, ਖੁਦ ਸੋਚੋ ਇਸ ਤੋਂ ਸਸਤਾ ਤੇ ਵਧੀਆ ਤਰੀਕਾ ਹੋਰ ਕਿਹੜਾ ਹੋ ਸਕਦਾ ਹੈ? ਸ਼ਾਇਦ ਤੁਹਾਡੇ ਮਨ 'ਚ ਇਹ ਵਿਚਾਰ ਜ਼ਰੂਰ ਆਇਆ ਹੋਵੇਗਾ ਤੇ ਵਧੀਆ ਤਰੀਕਾ ਹੋਰ ਕਿਹੜਾ ਹੋ ਸਕਦਾ ਹੈ? ਸ਼ਾਇਦ ਤੁਹਾਡੇ ਮਨ 'ਚ ਇਹ ਵਿਚਾਰ ਜ਼ਰੂਰ ਆਇਆ ਹੋਵੇਗਾ ਕਿ ਮੈਂ ਵੀ ਇਕ ਕਲਰਕ ਹੋ ਕੇ ਕਲਰਕ ਦੀ ਵਕਾਲਤ ਕਰ ਰਿਹਾ ਹਾਂ ਜਾਂ 'ਡੱਬੂ ਦਾ ਡੱਬੂ ਵੈਰੀ' ਹੋਣ ਕਾਰਨ ਮੁਖਾਲਫ਼ਤ ਤੇ ਭੰਡੀ ਪ੍ਰਚਾਰ | ਨਹੀਂ ਦੋਸਤੋ! ਐਸਾ ਨਹੀਂ | ਇਹ ਇਕ ਹਕੀਕਤ ਤੇ ਜ਼ਿੰਦਗੀ ਦਾ ਕੌੜਾ ਤਜਰਬਾ ਏ | ਫਿਰ 'ਅੰਨ੍ਹੇ ਦੀਆਂ ਰਮਜ਼ਾਂ ਅੰਨ੍ਹੇ ਦੀ ਮਾਂ-ਭੈਣ ਹੀ ਜਾਣਦੀ ਏ?' ਸੋ... |
ਖ਼ੈਰ! ਸਾਡਾ ਦੋਸਤ ਕੀਮਤੀ ਰਾਮ ਇਕ ਸੁਝਾਅ ਦਿਆ ਕਰਦਾ ਸੀ, ਪਰਮਾਤਮਾ ਨਰਕਾਂ ਵਿਚ ਵਾਸਾ ਕਰੇ ਸੂ | 'ਅਖੇ ਬਾਈ ਤੁਸੀਂ ਮੰਨੋ ਭਾਵੇਂ ਨਾ, ਆਖਰ ਜੋ ਤੁਸੀਂ ਅਖੀਰ ਵਿਚ ਕਰਦੇ ਹੋ ਜੇ ਉਹ ਪਹਿਲਾਂ ਹੀ ਕਰ ਲਵੋ ਤਾਂ ਫਿਰ ਦੁੱਖਾਂ ਵਿਚ ਜ਼ਿੰਦਗੀ ਪਾਉਣ ਅਤੇ ਥਾਂ-ਥਾਂ ਭਟਕਣ ਅਤੇ ਦਫ਼ਤਰਾਂ ਵਿਚ ਰੁਲਣ ਦੀ ਲੋੜ ਨਹੀਂ ਪੈਂਦੀ | ਅਕਸਰ ਸਿਆਣੇ ਆਖਿਆ ਕਰਦੇ ਨੇ, ਜੋ ਕੱਲ੍ਹ ਕਰਨਾ ਏ, ਅੱਜ ਕਰ, ਜੋ ਅੱਜ ਕਰਨਾ ਏ ਅਭੀ ਕਰ |' ਸੋ ਭੋਲੇ ਪਾਤਸ਼ਾਹ ਸਹੀ ਤੇ ਗ਼ਲਤ ਘੁੰਡੀ ਤੁਹਾਨੂੰ ਦੱਸ ਦੇਵੇਗਾ, ਜਿਸ ਨਾਲ ਦੋਵਾਂ ਫ਼ਕੀਰਾਂ ਦਾ ਕੰਮ ਸਰ ਜਾਵੇਗਾ | ਆਪਾਂ ਤਾਂ ਦਿਲ ਵਿਚ ਪ੍ਰਣ ਕੀਤਾ ਹੋਇਆ ਹੈ ਕਿ ਦੋ ਕਾਫ਼ਾਂ ਵਾਲੇ ਨਾਲ ਕਦੇ ਨਹੀਂ ਵਿਗਾੜਨੀ 'ਕਲਰਕ ਪਾਤਸ਼ਾਹ' ਹੁੰਦਾ ਹੈ, ਜਿਸ ਨੇ ਧਰਮ ਰਾਜ ਦਾ ਹੁਕਮ ਵੀ ਮੰਨ ਲਿਆ ਅਤੇ ਰਾਜੇ ਨੂੰ (ਨਾਈ) ਰਾਜਾ ਬਣਾ ਕੇ ਇਸ ਸੰਸਾਰ ਵਿਚ ਭੇਜ ਦਿੱਤਾ | ਜੋ ਵਿਚਾਰਾ ਸਾਰੀ ਜ਼ਿੰਦਗੀ ਰਾਜ ਸਿੰਘਾਸਨ 'ਤੇ ਰਾਜ ਕਰਨ ਦੀ ਬਜਾਏ, ਉਸਤਰੇ ਤੇ ਕੈਂਚੀ ਆਦਿ ਨਾਲ ਮੱਥਾ ਮਾਰਦਾ ਰਿਹਾ ਤੇ... |
ਜਦ ਉਹ ਰਾਜਾ (ਨਾਈ) ਦਰ-ਦਰ ਦੀਆਂ ਠੋਕਰਾਂ ਖਾਂਦਾ ਅਤੇ ਸੰਸਾਰ ਦੀ ਯਾਤਰਾ ਪੂਰੀ ਕਰ ਕੇ ਪ੍ਰਲੋਕ ਸਿਧਾਰ ਗਿਆ ਤਾਂ ਉਸ ਨੇ ਧਰਮ ਰਾਜ ਨੂੰ ਜਾ ਕੇ ਉਜਰ ਕੀਤਾ 'ਧੰਨ ਹੋ ਮਹਾਰਾਜ! ਤੁਸਾਂ ਤਾਂ ਮੈਨੂੰ ਰਾਜਾ ਬਣਾ ਕੇ ਧਰਤੀ 'ਤੇ ਰਾਜ ਕਰਨ ਲਈ ਭੇਜਿਆ ਸੀ, ਪਰ ਮੈਂ ਤਾਂ... |'
ਧਰਮ ਰਾਜ ਇਹ ਸੁਣ ਬਹੁਤ ਹੈਰਾਨ ਹੋਇਆ | ਉਸ ਨੇ ਨਿੱਜੀ ਫਾਈਲ ਮੰਗਵਾਈ ਅਤੇ 'ਕਲਰਕ ਪਾਸ਼ਾ' ਤੋਂ ਇਸ ਦਾ ਕਾਰਨ ਪੁੱਛਿਆ, 'ਕਲਰਕ ਪਾਸ਼ਾ' ਦਾ ਸੰਖੇਪ ਜਿਹਾ ਉੱਤਰ ਸੀ, 'ਸਰ! ਗੁਸਤਾਖ਼ੀ ਮੁਆਫ਼, ਇਹ ਤਾਂ ਕਲੈਰੀਕਲ ਮਿਸਟੇਕ ਏ |' ਧਰਮ ਰਾਜ ਵੀ ਸੰਤੁਸ਼ਟ ਸੀ ਕਲਰਕ ਪਾਸ਼ਾ ਦਾ ਉੱਤਰ ਸੁਣ, ਅੱਜ ਦੀ ਅਫ਼ਸਰਸਾਹੀ ਵਾਂਗੰੂ |'
ਅੱਛਾ! ਅਸਾਂ ਹੈਰਾਨੀ ਪ੍ਰਗਟ ਕੀਤੀ ਤਾਂ ਉਨ੍ਹਾਂ ਆਪਣੀ ਟੁੱਟੀ ਲੜੀ ਫਿਰ ਜੋੜਦਿਆਂ ਕਿਹਾ, 'ਹੁਣ ਤਾਂ ਸਾਡੇ ਜੱਜ ਸਾਹਿਬ ਨੂੰ ਚਾਹੀਦਾ ਹੈ ਕਿ ਉਹ ਧਰਮ ਗ੍ਰੰਥ ਦੀ ਸਹੁੰ ਚੁਕਾਉਣ ਦੀ ਬਜਾਏ ਮੁਜਰਮ ਤੇ ਗਵਾਹਾਂ ਨੂੰ ਕਹਿਣ, 'ਜੇ ਤੁਸੀਂ ਝੂਠ ਬੋਲੋ ਤਾਂ ਤੁਹਾਨੂੰ 'ਕਲਰਕ ਪਾਸ਼ਾ' ਦੀ (ਕਲਮ) ਮਾਰ ਪਾਵੇ |' ਕੀਮਤੀ ਰਾਮ ਹੁਰਾਂ ਦਾ ਕੀਮਤੀ ਸੁਝਾਅ ਸੁਣ ਕੇ ਮੈਂ ਵੀ ਦੰਗ ਸਾਂ ਤੁਹਾਡੇ ਸਭਨਾਂ ਵਾਂਗੰੂ |

-ਸਟਰੀਟ ਆਰ.ਕੇ. ਸ਼ਟਰਿੰਗ ਵਾਲੀ, ਇੱਛੇ ਵਾਲਾ ਰੋਡ, ਫਿਰੋਜ਼ਪੁਰ ਸ਼ਹਿਰ |
ਮੋਬਾਈਲ : 90418-26725

ਪਿਛਲੀ ਖ਼ਬਰ ਮੁੱਲ ਪੈਂਦਾ ਹੈ  ਅਗਲੀ ਖ਼ਬਰ ਮਦਰਜ਼ ਡੇਅ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।