ਜਲੰਧਰ, 4 ਦਸੰਬਰ (ਜਸਪਾਲ ਸਿੰਘ)-ਸਿੱਖਿਆ ਅਤੇ ਰਾਜਨੀਤੀ ਦੇ ਖੇਤਰ 'ਚ ਸ਼ਲਾਘਾਯੋਗ ਸੇਵਾਵਾਂ ਦੇਣ ਵਾਲੇ ਬਲਬੀਰ ਸਿੰਘ ਇੱਕ ਅਜਿਹੀ ਸੁਹਿਰਦ ਸ਼ਖ਼ਸੀਅਤ ਸਨ ਜਿਨ੍ਹਾਂ ਨੇ ਆਪਣਾ ਪੂਰਾ ਜੀਵਨ ਹੀ ਸਮਾਜ ਸੇਵਾ ਅਤੇ ਸਿੱਖਿਆ ਖੇਤਰ ਦੀ ਬਿਹਤਰੀ ਲਈ ਲਗਾ ਦਿੱਤਾ | ਉਨਾਂ ਨੇ ਬਤੌਰ ਮੈਂਬਰ ਪਾਰਲੀਮੈਂਟ ਅਤੇ ਬਤੌਰ ਕੈਬਨਿਟ ਮੰਤਰੀ ਪੰਜਾਬ ਸਰਕਾਰ 'ਚ ਲੋਕਾਂ ਦੀ ਆਵਾਜ਼ ਬਣ ਕੇ ਅਗਵਾਈ ਕੀਤੀ | ਆਪਣੀ ਦੂਰ ਅੰਦੇਸ਼ੀ ਸੋਚ ਸਦਕਾ ਸਿੱਖਿਆ ਦੇ ਖੇਤਰ ਵਿੱਚ ਵੱਡੇ ਕਾਰਜ ਕਰਕੇ ਉਹਨਾਂ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਨੂੰ ਉੱਤਰੀ ਭਾਰਤ ਦੀ ਸਿਰਮੌਰ ਵਿੱਦਿਅਕ ਸੰਸਥਾ ਬਣਾਉਣ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ | ਸਰਦਾਰ ਬਲਬੀਰ ਸਿੰਘ ਇੱਕ ਉੱਘੇ ਸਿੱਖਿਆ ਸ਼ਾਸਤਰੀ, ਨਿਪੁੰਨ ਰਾਜਨੇਤਾ, ਇੱਕ ਸੁਲਝੇ ਹੋਏ ਪ੍ਰਸ਼ਾਸਕ ਅਤੇ ਇੱਕ ਸੁਹਿਰਦ ਇਨਸਾਨ ਸਨ | ਲਾਇਲਪੁਰ ਖ਼ਾਲਸਾ ਕਾਲਜ ਦੀ ਗਵਰਨਿੰਗ ਕੌਂਸਲ ਦੇ ਪ੍ਰਧਾਨ ਵਜੋਂ ਉਨ੍ਹਾਂ ਨੇ 35 ਸਾਲ ਤੱਕ ਸਮਰਪਿਤ ਭਾਵਨਾ ਨਾਲ ਉਚੇਰੀ ਸਿੱਖਿਆ ਦੀ ਬਿਹਤਰੀ ਲਈ ਆਪਣੀਆਂ ਸ਼ਾਨਦਾਰ ਸੇਵਾਵਾਂ ਦਿੱਤੀਆਂ | ਭਾਰਤ ਅਤੇ ਪੰਜਾਬ ਰਾਜ ਦੀ ਰਾਜਨੀਤੀ ਵਿੱਚ ਸਰਦਾਰ ਬਲਬੀਰ ਸਿੰਘ ਦੀ ਵਿਸ਼ੇਸ਼ ਭੂਮਿਕਾ ਰਹੀ ਹੈ | ਉੱਤਰੀ ਭਾਰਤ ਵਿੱਚ ਨਾਮਵਰ ਲਾਇਲਪੁਰ ਖਾਲਸਾ ਸੰਸਥਾਵਾਂ ਖੋਲ੍ਹ ਕੇ ਸਮਾਜ ਨੂੰ ਰਵਾਇਤੀ ਸਿੱਖਿਆ, ਕਾਨੂੰਨੀ ਸਿੱਖਿਆ, ਤਕਨੀਕੀ ਸਿੱਖਿਆ ਤੇ ਬੀ.ਐਡ. ਆਦਿ ਕਾਲਜ ਦਿੱਤੇ | ਉਨ੍ਹਾਂ ਦੀਆਂ ਪਾਈਆਂ ਲੀਹਾਂ 'ਤੇ ਚੱਲ ਕੇ ਲਾਇਲਪੁਰ ਖਾਲਸਾ ਕਾਲਜ ਜਲੰਧਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਤੇਜਾ ਸਿੰਘ ਸਮੁੰਦਰੀ ਖੇਡ ਟਰਾਫੀ 24 ਵਾਰ ਜਿੱਤ ਚੁੱਕਾ ਹੈ | ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਯੁਵਕ ਮੇਲਿਆਂ ਅਤੇ ਹੋਰ ਕਲਾ ਮੰਚਾਂ ਤੇ ਵਿਦਿਆਰਥੀਆਂ ਦੀ ਭਾਗੀਦਾਰੀ ਨੂੰ ਉਹਨਾਂ ਬਹੁਤ ਮਹੱਤਵ ਦਿੱਤਾ ਜਿਸ ਸਦਕਾ ਕਾਲਜ ਨੇ ਕਲਚਰਲ ਖੇਤਰ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਚਾਰ ਵਾਰ ਜੋਨਲ ਟਰਾਫੀ ਅਤੇ ਤਿੰਨ ਵਾਰ ਅੰਤਰ ਜ਼ੋਨਲ ਟਰਾਫੀ ਜਿੱਤੀ | 5 ਦਸੰਬਰ ਨੂੰ ਸਰਦਾਰ ਬਲਬੀਰ ਸਿੰਘ ਦਾ ਜਨਮ ਦਿਨ ਹੈ ਇਸ ਦਿਨ ਨੂੰ ਕਾਲਜ ਵਿਖੇ ਪੁਰਾਣੇ ਵਿਦਿਆਰਥੀਆਂ ਦੀ ਮਿਲਣੀ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ | ਇਸ ਸਾਲ ਵੀ 5 ਦਸੰਬਰ 2025 ਨੂੰ ਕਾਲਜ ਵਿੱਚ ਸ਼ਾਮ 2.30 ਵਜੇ ਇੱਕ ਪ੍ਰਭਾਵਸ਼ਾਲੀ ਸਮਾਗਮ ਰੱਖਿਆ ਗਿਆ ਹੈ |