ਜਲੰਧਰ, 4 ਦਸੰਬਰ (ਹਰਵਿੰਦਰ ਸਿੰਘ ਫੁੱਲ)-ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਦਿਹਾੜੇ ਨੂੰ ਸਮਰਪਿਤ ਸਜਾਇਆ ਜਾ ਰਿਹਾ ਮਹੱਲਾ ਨਿਹੰਗ ਸਿੰਘਾਂ ਜੋ ਰਾਣੀ ਬਾਗ ਨਜ਼ਦੀਕ ਬਸਤੀ ਪੀਰ ਦਾਦ ਤੋਂ ਆਰੰਭ ਹੋ ਕੇ ਬਰਲਟਨ ਪਾਰਕ ਵਿਖੇ ਸਮਾਪਤ ਹੋਵੇਗਾ ਦੀਆਂ ਤਿਆਰੀਆਂ ਦਾ ਨਗਰ ਨਿਗਮ ਦੇ ਮੇਅਰ ਵਨੀਤ ਧੀਰ ਅਤੇ ਸੈਂਟਰਲ ਹਲਕਾ ਇੰਚਾਰਜ ਨਿਤਿਨ ਕੋਹਲੀ ਨੇ ਜਾਇਜ਼ਾ ਲਿਆ | ਇਸ ਮੌਕੇ ਬਾਬਾ ਭਵਨ ਜੀਤ ਸਿੰਘ ਮਿਸਲ ਸ਼ਹੀਦਾਂ ਤਰਨਾ ਦਲ ਅਤੇ ਬਾਬਾ ਸ਼ੇਰ ਸਿੰਘ ਵੀ ਉਨ੍ਹਾਂ ਦੇ ਨਾਲ ਸਨ | ਇਹ ਮਹੱਲਾ ਸੰਤ ਸਿਪਾਹੀ ਗਤਕਾ ਅਖਾੜਾ ਮਿਸਲ ਸ਼ਹੀਦਾਂ ਤਰਨਾ ਦਲ ਹਰੀਆਂ ਬੇਲਾਂ ਅਤੇ ਬਾਬਾ ਫ਼ਤਿਹ ਸਿੰਘ ਫਾਉਂਡੇਸ਼ਨ ਵਲੋਂ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਮੁਖੀ ਬੁੱਢਾ ਦਲ ਅਤੇ ਜਥੇਦਾਰ ਬਾਬਾ ਨਾਗਰ ਸਿੰਘ ( ਮਿਸਲ ਸ਼ਹੀਦਾਂ ਤਰਨਾ ਦਲ ਹਰੀਆਂ ਬੇਲਾਂ) ਦੀ ਅਗਵਾਈ ਅਤੇ ਬਾਬਾ ਭਵਨ ਜੀਤ ਸਿੰਘ ਅਤੇ ਬਾਬਾ ਸ਼ੇਰ ਸਿੰਘ ਦੀ ਦੇਖ -ਰੇਖ ਹੇਠ ਬੜੀ ਸ਼ਾਨੋ-ਸ਼ੌਕਤ ਨਾਲ 7 ਦਸੰਬਰ ਨੂੰ ਸਜਾਇਆ ਜਾ ਰਿਹਾ ਹੈ | ਇਸ ਤੋਂ ਪਹਿਲਾ 6 ਦਸੰਬਰ ਨੂੰ ਰਾਤ ਦੇ ਦੀਵਾਨ ਸਜਾਏ ਜਾਣਗੇ | ਇਸ ਮੌਕੇ ਮੇਅਰ ਵਨੀਤ ਧੀਰ ਨੇ ਕਿਹਾ ਕਿ ਇਨ੍ਹਾਂ ਦੋ ਦਿਨਾਂ ਸਮਾਗਮਾਂ ਦੌਰਾਨ ਨਗਰ ਨਿਗਮ ਵਲੋਂ ਪੂਰਨ ਸਹਿਯੋਗ ਕੀਤਾ ਜਾਵੇਗਾ | ਇਸ ਮੌਕੇ ਬਾਬਾ ਭਵਨ ਜੀਤ ਸਿੰਘ ਨੇ ਕਿਹਾ ਕਿ ਸਮਾਗਮਾਂ ਦੀਆਂ ਤਿਆਰੀਆਂ ਪੂਰੀਆਂ ਹੋ ਚੁੱਕੀਆਂ ਹਨ | ਇਸ ਮੌਕੇ ਬਾਬਾ ਸ਼ੇਰ ਸਿੰਘ ਨੇ ਕਿਹਾ ਕਿ ਸਮਾਗਮਾਂ 'ਚ ਵੱਡੀ ਗਿਣਤੀ 'ਚ ਸੰਤ ਸਮਾਜ ਤੋਂ ਮਹਾਂਪੁਰਸ਼ ਸ਼ਾਮਿਲ ਹੋਣਗੇ |