ਜਲੰਧਰ, 30 ਅਗਸਤ (ਐੱਮ.ਐੱਸ. ਲੋਹੀਆ) - ਆਯੂਸ਼ਮਾਨ ਕਾਰਡ ਧਾਰਕਾਂ ਅਤੇ ਗੰਭੀਰ ਬਿਮਾਰੀਆਂ ਤੋਂ ਪੀੜਤ ਮਰੀਜ਼ਾਂ ਦੇ ਲਈ ਇਹ ਵੱਡੀ ਰਾਹਤ ਦੀ ਗੱਲ ਹੈ, ਸਥਾਨਕ ਸ਼ਹੀਦ ਉੱਧਮ ਸਿੰਘ ਨਗਰ ਵਿਚ ਚੱਲ ਰਹੇ ਰਤਨ ਹਸਪਤਾਲ ਵਿਖੇ 28 ਅਗਸਤ ਤੱਕ ਚੱਲਣ ਵਾਲੇ ਮੁਫ਼ਤ ਜਾਂਚ ਕੈਂਪ ਨੂੰ ਹੁਣ 31 ਅਗਸਤ ਤੱਕ ਵਧਾ ਦਿੱਤਾ ਗਿਆ ਹੈ | ਦਿਲ ਦੇ ਰੋਗਾਂ ਦੇ ਮਾਹਿਰ ਡਾ. ਬਲਰਾਜ ਗੁਪਤਾ ਨੇ ਜਾਣਕਾਰੀ ਦਿੱਤੀ ਕਿ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਚੱਲਣ ਵਾਲੇ ਇਸ ਕੈਂਪ ਦੌਰਾਨ ਦਿਲ, ਸ਼ੂਗਰ ਅਤੇ ਗੁਰਦੇ ਦੀਆਂ ਬਿਮਾਰੀਆਂ ਦੀ ਮੁਫ਼ਤ ਜਾਂਚ ਹੋਵੇਗੀ | ਉਨ੍ਹਾਂ ਕਿਹਾ ਕਿ ਕੈਂਪ 'ਚ ਆਉਣ ਵਾਲੇ ਵਿਅਕਤੀਆਂ ਨੂੰ ਈ.ਸੀ.ਜੀ., ਈਕੋ, ਬਲੱਡ ਸ਼ੂਗਰ, ਬਲੱਡ ਯੂਰੀਆ ਦੇ ਮੁਫ਼ਤ ਟੈੱਸਟਾਂ ਦੀ ਸਹੂਲਤ ਮਿਲੇਗੀ ਤੇ ਇਸ ਦੇ ਨਾਲ ਹੀ ਦਿਲ, ਸ਼ੂਗਰ ਤੇ ਗੁਰਦੇ ਦੇ ਰੋਗੀਆਂ ਨੂੰ ਮੁਫ਼ਤ ਸਲਾਹ ਦਿੱਤੀ ਜਾਵੇਗੀ | ਡਾ. ਬਲਰਾਜ ਗੁਪਤਾ ਨੇ ਕਿਹਾ ਕਿ ਜਿਹੜੇ ਵਿਅਕਤੀਆਂ ਨੂੰ ਛਾਤੀ 'ਚ ਦਰਦ, ਸਾਹ ਲੈਣ 'ਚ ਪ੍ਰੇਸ਼ਾਨੀ, ਚੱਕਰ ਆਉਣ, ਬਲੱਡ ਪ੍ਰੈਸ਼ਰ ਜਾਂ ਸ਼ੂਗਰ ਦੀ ਸਮੱਸਿਆ ਹੈ, ਉਹ ਮਰੀਜ਼ ਇਸ ਕੈਂਪ ਦਾ ਲਾਭ ਲੈ ਸਕਦੇ ਹਨ | ਕੈਂਪ ਦੌਰਾਨ ਉਨ੍ਹਾਂ ਦੀ ਟੀਮ ਮਰੀਜ਼ ਦੀਆਂ ਰਿਪੋਰਟਾਂ ਅਨੁਸਾਰ ਉਸ ਨੂੰ ਇਲਾਜ ਸੰਬੰਧੀ ਜਾਣਕਾਰੀ ਦਵੇਗੀ | ਉਨ੍ਹਾਂ ਕਿਹਾ ਕਿ ਸਮੇਂ 'ਤੇ ਹਸਪਤਾਲ ਪਹੁੰਚ ਕੇ ਕੈਂਪ ਦਾ ਪੂਰਾ ਲਾਭ ਲਿਆ ਜਾ ਸਕਦਾ ਹੈ |