ਜਲੰਧਰ, 30 ਅਗਸਤ (ਡਾ.ਜਤਿੰਦਰ ਸਾਬੀ)- ਆਸਟ੍ਰੇਲੀਆ ਦੀ ਹਾਕੀ ਵਿਕਟੋਰੀਆ ਟੀਮ ਦਾ ਵਫ਼ਦ ਅੱਜ ਜਲੰਧਰ ਸਥਿਤ ਐਨ.ਆਰ.ਆਈ. ਸਭਾ ਦੇ ਦਫ਼ਤਰ ਪਹੁੰਚਿਆ ਉੱਥੇ ਪਹੁੰਚਣ 'ਤੇ ਜਲੰਧਰ ਤੋਂ ਸੈਂਟਰਲ ਹਲਕਾ ਇੰਚਾਰਜ ਅਤੇ ਹਾਕੀ ਪੰਜਾਬ ਦੇ ਪ੍ਰਧਾਨ ਤੇ ਹਾਕੀ ਇੰਡੀਆ ਦੇ ਉਪ ਪ੍ਰਧਾਨ ਨਿਤਿਨ ਕੋਹਲੀ, ਜਲੰਧਰ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਅਤੇ ਪੰਜਾਬ ਐਨ.ਆਰ.ਆਈ. ਸਭਾ ਦੀ ਪ੍ਰਧਾਨ ਪਰਵਿੰਦਰ ਕੌਰ ਬੰਗਾ ਨੇ ਉਨ੍ਹਾਂ ਦਾ ਸਵਾਗਤ ਕੀਤਾ | ਹਾਕੀ ਵਿਕਟੋਰੀਆ (ਆਸਟ੍ਰੇਲੀਆ) ਦੇ ਸੀ.ਈ.ਓ. ਐਂਡਰਿਊ ਜੌਨ ਸਕਿੱਲਰਨ, ਪ੍ਰੋਜੈਕਟ ਮੈਨੇਜਰ ਬ੍ਰੈਡ ਵੈਂਡਰਵਰਟ, ਅਵਤਾਰ ਸਿੰਘ, ਹਾਕੀ ਪੰਜਾਬ ਦੇ ਪ੍ਰਧਾਨ ਤੇ ਹਾਕੀ ਇੰਡੀਆ ਦੇ ਉਪ ਪ੍ਰਧਾਨ ਨਿਤਿਨ ਕੋਹਲੀ, ਸੁਰਜੀਤ ਹਾਕੀ ਤੋਂ ਇਕਬਾਲ ਸਿੰਘ ਸੰਧੂ, ਲੇਖ ਰਾਜ ਨਾਇਰ, ਸੁਰਿੰਦਰ ਸਿੰਘ ਭਾਪਾ ਨੇ ਹਾਕੀ ਲੀਗ ਸ਼ੁਰੂ ਕਰਨ ਦੇ ਵਿਚਾਰ 'ਤੇ ਚਰਚਾ ਕੀਤੀ | ਇਹ ਲੀਗ ਨਾ ਸਿਰਫ਼ ਦੋਵਾਂ ਦੇਸ਼ਾਂ ਦੇ ਸਬੰਧਾਂ ਨੂੰ ਮਜ਼ਬੂਤ ਕਰੇਗੀ, ਸਗੋਂ ਪੰਜਾਬ ਦੇ ਜੂਨੀਅਰ ਹਾਕੀ ਖਿਡਾਰੀਆਂ ਨੂੰ ਵੀ ਆਸਟ੍ਰੇਲੀਆ 'ਚ ਖੇਡਣ ਦਾ ਮÏਕਾ ਮਿਲੇਗਾ | ਇਸ ਨਾਲ ਖਿਡਾਰੀ ਪੰਜਾਬ ਤੋਂ ਆਸਟ੍ਰੇਲੀਆ ਤੇ ਆਸਟ੍ਰੇਲੀਆ ਤੋਂ ਪੰਜਾਬ ਜਾ ਕੇ ਹਾਕੀ ਖੇਡ ਸਕਣਗੇ | ਇਹ ਖੇਡ ਜਗਤ ਵਿੱਚ ਇੱਕ ਮੀਲ ਪੱਥਰ ਸਾਬਤ ਹੋਵੇਗਾ | ਹਾਕੀ ਵਿਕਟੋਰੀਆ ਅਤੇ ਹਾਕੀ ਪੰਜਾਬ ਐਸੋਸੀਏਸ਼ਨ ਨੇ ਇਸ ਮੀਟਿੰਗ ਲਈ ਪਰਵਿੰਦਰ ਕੌਰ ਬੰਗਾ ਦਾ ਧੰਨਵਾਦ ਕੀਤਾ | ਨਿਤਿਨ ਕੋਹਲੀ ਨੇ ਕਿਹਾ ਕਿ ਪੰਜਾਬ ਹਮੇਸ਼ਾ ਹਾਕੀ ਚੈਂਪੀਅਨਾਂ ਦੀ ਧਰਤੀ ਰਿਹਾ ਹੈ ਤੇ ਹੁਣ ਅੰਤਰਰਾਸ਼ਟਰੀ ਸਹਿਯੋਗ ਨਾਲ, ਨੌਜਵਾਨ ਖਿਡਾਰੀਆਂ ਨੂੰ ਵਿਸ਼ਵ ਪੱਧਰੀ ਸਿਖਲਾਈ ਤੇ ਮੁਕਾਬਲੇ ਦਾ ਅਨੁਭਵ ਮਿਲੇਗਾ, ਉਨ੍ਹਾਂ ਵਿਸ਼ਵਾਸ ਪ੍ਰਗਟ ਕੀਤਾ ਕਿ ਪੰਜਾਬ ਇੱਕ ਵਾਰ ਫਿਰ ਭਾਰਤੀ ਹਾਕੀ ਦੀ ਤਾਕਤ ਵਜੋਂ ਉਭਰੇਗਾ | ਇਸ ਮੌਕੇ ਹਾਕੀ ਪੰਜਾਬ ਦੇ ਪ੍ਰਧਾਨ ਤੇ ਹਾਕੀ ਇੰਡੀਆ ਦੇ ਉਪ ਪ੍ਰਧਾਨ ਨਿਤਿਨ ਕੋਹਲੀ, ਬ੍ਰੈਡ ਵੈਂਡਰਵਰਟ ਪ੍ਰੋਜੈਕਟ ਮੈਨੇਜਰ, ਹਾਕੀ ਵਿਕਟੋਰੀਆ, ਐਂਡਰਿਊ ਜੌਨ ਸਕਿੱਲਰਨ ਸੀ.ਈ.ਓ. ਹਾਕੀ ਵਿਕਟੋਰੀਆ, ਅਵਤਾਰ ਸਿੰਘ ਹਾਕੀ ਵਿਕਟੋਰੀਆ, ਮੈਡਮ ਧਨਪ੍ਰੀਤ ਕੌਰ ਪੁਲਿਸ ਕਮਿਸ਼ਨਰ ਜਲੰਧਰ, ਇਕਬਾਲ ਸਿੰਘ ਸੰਧੂ, ਸੁਰਜੀਤ ਹਾਕੀ ਜਲੰਧਰ, ਲੇਖ ਰਾਜ ਨਈਅਰ, ਸੁਰਿੰਦਰ ਸਿੰਘ ਭਾਪਾ, ਹਰਿੰਦਰ ਸਿੰਘ, ਨਿਤਿਨ ਮਹਾਜਨ ਅਲਫ਼ਾ ਹਾਕੀ ਮੌਜੂਦ ਸਨ |