ਫ਼ਤਿਹਾਬਾਦ, 9 ਦਸੰਬਰ (ਹਰਬੰਸ ਸਿੰਘ ਮੰਡੇਰ)- ਡਿਪਟੀ ਕਮਿਸ਼ਨਰ ਡਾ. ਵਿਵੇਕ ਭਾਰਤੀ ਦੀ ਅਗਵਾਈ ਹੇਠ ਲੋੜਵੰਦਾਂ ਅਤੇ ਬੇਘਰਾਂ ਨੂੰ ਠੰਢ ਤੋਂ ਬਚਾਉਣ ਲਈ ਨਾਈਟ ਸ਼ੈਲਟਰਾਂ ਵਿਚ ਸਾਰੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ | ਐਸ.ਡੀ.ਐਮ. ਫ਼ਤਿਹਾਬਾਦ ਰਾਜੇਸ਼ ਕੁਮਾਰ ਨੇ ਨਵੇਂ ਬੱਸ ਸਟੈਂਡ 'ਤੇ ਸਥਿਤ ਨਾਈਟ ਸ਼ੈਲਟਰਾਂ ਦਾ ਨਿਰੀਖਣ ਕੀਤਾ | ਨਿਰੀਖਣ ਦੌਰਾਨ ਐਸ.ਡੀ.ਐਮ. ਨੇ ਉੱਥੇ ਉਪਲਬਧ ਸਹੂਲਤਾਂ ਬਾਰੇ ਪੁੱਛਗਿੱਛ ਕੀਤੀ ਅਤੇ ਠੰਢ ਤੋਂ ਬਚਾਅ ਲਈ ਕੀਤੇ ਗਏ ਪ੍ਰਬੰਧਾਂ ਦੀ ਸ਼ਲਾਘਾ ਕੀਤੀ | ਐਸ.ਡੀ.ਐਮ. ਨੇ ਮੌਕੇ 'ਤੇ ਮੌਜੂਦ ਸਟਾਫ਼ ਨੂੰ ਹਦਾਇਤ ਕੀਤੀ ਕਿ ਉਹ ਰੈਣ ਬਸੇਰੇ ਵਿਚ ਆਉਣ ਵਾਲਿਆਂ ਲਈ ਗਰਮ ਬਿਸਤਰੇ, ਕੰਬਲ, ਸਾਫ਼ ਵਾਤਾਵਰਨ ਅਤੇ ਸੁਰੱਖਿਅਤ ਰਿਹਾਇਸ਼ ਦੇ ਢੁਕਵੇਂ ਪ੍ਰਬੰਧ ਯਕੀਨੀ ਬਣਾਉਣ | ਉਨ੍ਹਾਂ ਕਿਹਾ ਕਿ ਇਹ ਠੰਢ ਦਾ ਮੌਸਮ ਲੋੜਵੰਦਾਂ ਲਈ ਚੁਣੌਤੀਪੂਰਨ ਹੋ ਸਕਦਾ ਹੈ ਇਸ ਲਈ ਪ੍ਰਸ਼ਾਸਨ ਦੁਆਰਾ ਚਲਾਏ ਜਾ ਰਹੇ ਰੈਣ ਬਸੇਰਿਆਂ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਕੋਈ ਵੀ ਵਿਅਕਤੀ ਖੁੱਲ੍ਹੇ ਵਿਚ ਰਾਤ ਬਿਤਾਉਣ ਲਈ ਮਜਬੂਰ ਨਾ ਹੋਵੇ | ਨਿਰੀਖਣ ਦੌਰਾਨ ਫ਼ਤਿਹਾਬਾਦ ਬੱਸ ਸਟੈਂਡ 'ਤੇ ਇਕ ਲੋੜਵੰਦ ਵਿਅਕਤੀ ਮਿਲਿਆ, ਜਿਸ ਨੰੂ ਰੈੱਡ ਕਰਾਸ ਸੋਸਾਇਟੀ ਵਲੋਂ ਇਕ ਕੰਬਲ ਮੁਹੱਈਆ ਕਰਵਾਇਆ ਗਿਆ | ਐਸ. ਡੀ.ਐਮ. ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਰਾਤ ਨੂੰ ਬੱਸ ਸਟੈਂਡ, ਮੁੱਖ ਬਾਜ਼ਾਰ, ਰੇਲਵੇ ਸਟੇਸ਼ਨ ਅਤੇ ਮਹੱਤਵਪੂਰਨ ਥਾਵਾਂ 'ਤੇ ਵਿਸ਼ੇਸ਼ ਚੌਕਸੀ ਰੱਖਣ, ਤਾਂ ਜੋ ਅਜਿਹੇ ਲੋਕਾਂ ਦੀ ਪਛਾਣ ਕਰ ਕੇ ਉਨ੍ਹਾਂ ਨੂੰ ਰੈਣ ਬਸੇਰਿਆਂ ਵਿਚ ਲਿਜਾਇਆ ਜਾ ਸਕੇ | ਐਸ.ਡੀ.ਐਮ. ਰਾਜੇਸ਼ ਕੁਮਾਰ ਨੇ ਜੀ. ਟੀ. ਰੋਡ ਖੇਤਰ ਦਾ ਵੀ ਨਿਰੀਖਣ ਕੀਤਾ ਅਤੇ ਮੌਕੇ 'ਤੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਕਿਸੇ ਵੀ ਲੋੜਵੰਦ ਵਿਅਕਤੀ ਨੂੰ ਠੰਢ ਵਿਚ ਪ੍ਰੇਸ਼ਾਨੀ ਨਾ ਹੋਵੇ | ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਪੂਰੀ ਤਰ੍ਹਾਂ ਸੰਵੇਦਨਸ਼ੀਲ ਹੈ ਅਤੇ ਜਨਤਾ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਬੇਘਰ ਜਾਂ ਲੋੜਵੰਦ ਵਿਅਕਤੀ ਬਾਰੇ ਨਗਰ ਕੌਂਸਲ ਜਾਂ ਪ੍ਰਸ਼ਾਸਨ ਨੂੰ ਤੁਰੰਤ ਸੂਚਿਤ ਕਰਨ ਤਾਂ ਜੋ ਉਨ੍ਹਾਂ ਨੂੰ ਸੁਰੱਖਿਅਤ ਰਿਹਾਇਸ਼ ਪ੍ਰਦਾਨ ਕੀਤੀ ਜਾ ਸਕੇ | ਇਸ ਮੌਕੇ ਰੈੱਡ ਕਰਾਸ ਦੇ ਸਕੱਤਰ ਰਾਮਜੀ ਲਾਲ, ਸੂਚਨਾ ਅਤੇ ਲੋਕ ਸੰਪਰਕ ਵਿਭਾਗ ਦੇ ਡਿਪਟੀ ਡਾਇਰੈਕਟਰ ਅਮਿਤ ਪੰਵਾਰ ਅਤੇ ਹੋਰ ਸਬੰਧਿਤ ਅਧਿਕਾਰੀ ਮੌਜੂਦ ਸਨ |