ਕੋਟਕਪੂਰਾ, 4 ਦਸੰਬਰ (ਮੋਹਰ ਸਿੰਘ ਗਿੱਲ)-ਪ੍ਰਧਾਨ ਹਰੀਸ਼ ਸੇਤੀਆਂ ਦੀ ਪ੍ਰਧਾਨਗੀ ਹੇਠ ਮੈਰਿਜ ਪੈਲੇਸ ਐਸੋਸੀਏਸ਼ਨ ਕੋਟਕਪੂਰਾ ਦੀ ਜ਼ਰੂਰੀ ਮੀਟਿੰਗ ਹੋਈ | ਮੀਟਿੰਗ 'ਚ ਮੈਰਿਜ ਪੈਲੇਸਾਂ 'ਚ ਹਥਿਆਰ ਨਾ ਲੈ ਕੇ ਆਉਣ ਸਬੰਧੀ ਸਰਕਾਰੀ ਹਦਾਇਤਾਂ ਦੀ ਪਾਲਣਾ ਕਰਵਾਉਣ ਨੂੰ ਲੈ ਕੇ ਵਿਚਾਰ-ਵਟਾਂਦਰਾ ਕੀਤਾ ਗਿਆ | ਪ੍ਰਧਾਨ ਹਰੀਸ਼ ਸੇਤੀਆ ਨੇ ਸਮੂਹ ਮੈਰਿਜ ਪੈਲੇਸ ਮਾਲਕਾਂ ਵਲੋਂ ਵਿਆਹ-ਸ਼ਾਦੀ ਦੇ ਪ੍ਰੋਗਰਾਮ ਵਾਲੇ ਪਰਿਵਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਿਸੇ ਵੀ ਪ੍ਰੋਗਰਾਮ ਦੌਰਾਨ ਉਨ੍ਹਾਂ ਦੇ ਪਰਿਵਾਰ ਮੈਂਬਰਾਂ, ਰਿਸ਼ਤੇਦਾਰਾਂ ਜਾਂ ਦੋਸਤਾਂ-ਮਿੱਤਰਾਂ ਵਲੋਂ ਮੈਰਿਜ ਪੈਲੇਸ ਅੰਦਰ ਹਥਿਆਰ ਨਾ ਲੈ ਕੇ ਆਉਣਾ ਯਕੀਨੀ ਬਣਾਉਣ ਤਾਂ ਜੋ ਪ੍ਰੋਗਰਾਮ 'ਚ ਹਾਜ਼ਰ ਸਾਰੇ ਲੋਕਾਂ ਦੇ ਜਾਨ-ਮਾਲ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ | ਉਨ੍ਹਾਂ ਕਿਹਾ ਕਿ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਵਲੋਂ ਪੈਲੇਸਾਂ ਵਿਚ ਹਥਿਆਰ ਨਾ ਲੈ ਕੇ ਆਉਣ ਸਬੰਧੀ ਸਖ਼ਤ ਹਦਾਇਤਾਂ ਕੀਤੀਆਂ ਗਈਆਂ ਹਨ, ਜਿਨ੍ਹਾਂ ਦੀ ਪਾਲਣਾ ਕਰਨਾ ਸਾਡਾ ਸਾਰਿਆਂ ਦਾ ਮੁੱਢਲਾ ਫ਼ਰਜ਼ ਬਣਦਾ ਹੈ | ਉਨ੍ਹਾਂ ਕਿਹਾ ਕਿ ਵਿਆਹ-ਸ਼ਾਦੀ ਦੇ ਪ੍ਰੋਗਰਾਮ ਦੌਰਾਨ ਕਈ ਲੋਕ ਡੱਬ ਵਿਚ ਜਾਂ ਕਿਸੇ ਹੋਰ ਜਗਾ 'ਤੇ ਰੱਖ ਕੇ ਅਸਲਾ ਲੈ ਆਉਂਦੇ ਹਨ, ਜਿਸ ਦੀ ਜਾਂਚ ਲਈ ਮੈਰਿਜ ਪੈਲੇਸ ਵਾਲਿਆਂ ਵਲੋਂ ਕੋਈ ਤਲਾਸ਼ੀ ਆਦਿ ਨਹੀਂ ਲਈ ਜਾ ਸਕਦੀ | ਮੀਟਿੰਗ 'ਚ ਫ਼ੈਸਲਾ ਲਿਆ ਗਿਆ ਕਿ ਜੇਕਰ ਕਿਸੇ ਪ੍ਰੋਗਰਾਮ ਦੌਰਾਨ ਕਿਸੇ ਵਿਅਕਤੀ ਵਲੋਂ ਪੈਲੇਸ ਅੰਦਰ ਹਥਿਆਰ ਲੈ ਕੇ ਆਉਣ ਸਬੰਧੀ ਪਤਾ ਲੱਗੇ ਤਾਂ ਇਸ ਦੀ ਸੂਚਨਾ ਤੁਰੰਤ ਸਬੰਧਿਤ ਪੁਲਿਸ ਸਟੇਸ਼ਨ ਨੂੰ ਦਿੱਤੀ ਜਾਵੇ | ਉਨ੍ਹਾਂ ਸਰਕਾਰ ਵਲੋਂ ਨਿਰਧਾਰਤ ਕੀਤੇ ਗਏ ਸਮੇਂ ਵਿਚ ਹੀ ਡੀ.ਜੇ. ਚਲਾਉਣ ਦੀ ਲੋਕਾਂ ਨੂੰ ਅਪੀਲ ਕੀਤੀ | ਇਸ ਮੌਕੇ ਕੁਲਦੀਪ ਸਿੰਘ ਕਲੇਰ, ਰਣਜੀਤ ਸਿੰਘ ਰਾਣਾ ਮੌੜ, ਅੰਮਿ੍ਤਪਾਲ ਸੇਤੀਆ ਰਾਜੂ, ਕੁਲਜੀਤ ਸਿੰਘ ਕਲੇਰ, ਸੰਦੀਪ ਸੇਤੀਆ, ਹੈਪੀ ਸਿੰਘ ਤੇ ਸ਼ਸ਼ੀ ਚੋਪੜਾ ਹਾਜ਼ਰ ਸਨ |