26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-12-2025

ਆਲ ਇੰਡੀਆ ਕਿਸਾਨ ਸਭਾ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਹੋਈ ਨਵੇਂ ਬੀਜ ਬਿੱਲ ਅਤੇ ਕਿਰਤ ਸ਼ਕਤੀ ਨੀਤੀ ਦੀ ਸਖ਼ਤ ਸ਼ਬਦਾਂ 'ਚ ਕੀਤੀ ਨਿਖੇਧੀ

ਅਜੀਤ ਡੈਸਕ 04-12-2025

ਯਮੁਨਾਨਗਰ, 3 ਦਸੰਬਰ (ਗੁਰਦਿਆਲ ਸਿੰਘ ਨਿਮਰ)-ਆਲ ਇੰਡੀਆ ਕਿਸਾਨ ਸਭਾ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਸਥਾਨਕ ਦੁਸਹਿਰਾ ਗਰਾਊਾਡ ਵਿਖੇ ਜ਼ਿਲ੍ਹਾ ਪ੍ਰਧਾਨ ਜਰਨੈਲ ਸਿੰਘ ਸਾਂਗਵਾਨ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਦੌਰਾਨ ਨਵੇਂ ਬੀਜ ਬਿੱਲ-2025 ਅਤੇ ਕਿਰਤ ਸ਼ਕਤੀ ਨੀਤੀ-2025 ਦੀ ਸਖ਼ਤ ਸ਼ਬਦਾਂ 'ਚ ਨਿਖੇਧੀ ਕੀਤੀ ਗਈ | ਇਸ ਮੌਕੇ ਆਗੂਆਂ ਨੇ ਮੰਗ ਕੀਤੀ ਕਿ ਸੰਸਦ ਸਮੇਤ ਸਾਰੀਆਂ ਰਾਜ ਵਿਧਾਨ ਸਭਾਵਾਂ 'ਚ ਸਾਰੀਆਂ ਫਸਲਾਂ ਦੀ ਖ਼ਰੀਦ ਦੀ ਗਰੰਟੀ ਲਈ ਤੁਰੰਤ ਕਾਨੂੰਨ ਪਾਸ ਕੀਤੇ ਜਾਣ ਤਾਂ ਜੋ ਘੱਟੋ-ਘੱਟ ਸਮਰਥਨ ਮੁੱਲ ਸੀ-2+50 ਫ਼ੀਸਦੀ 'ਤੇ ਤੈਅ ਕੀਤੀ ਜਾ ਸਕੇ, ਬੇਮੌਸਮੀ ਬਾਰਿਸ਼ ਅਤੇ ਖੇਤਾਂ 'ਚ ਹੜ੍ਹ ਆਉਣ ਦੇ ਮੱਦੇਨਜ਼ਰ 17 ਫ਼ੀਸਦੀ ਦੀ ਬਜਾਏ ਨਮੀ ਦੀ ਸੀਮਾ 22 ਫ਼ੀਸਦੀ ਤੱਕ ਵਧਾਈ ਜਾਵੇ, ਗੰਨੇ ਲਈ ਰਾਜ ਸਲਾਹਕਾਰੀ ਕੀਮਤ 500 ਰੁ. ਪ੍ਰਤੀ ਕੁਇੰਟਲ ਤੱਕ ਵਧਾਈ ਜਾਵੇ, ਵਿਆਜ ਸਮੇਤ ਸਾਰੇ ਬਕਾਇਆ ਭੁਗਤਾਨਾਂ ਦਾ ਤੁਰੰਤ ਨਿਪਟਾਰਾ ਕੀਤਾ ਜਾਵੇ, 2025 ਬਿਜਲੀ ਬਿੱਲ ਤੁਰੰਤ ਵਾਪਸ ਲਿਆ ਜਾਵੇ, ਸਮਾਰਟ ਮੀਟਰਾਂ 'ਤੇ ਪਾਬੰਦੀ ਲਗਾਈ ਜਾਵੇ ਅਤੇ ਸਾਰੇ ਪਰਿਵਾਰਾਂ ਨੂੰ ਪ੍ਰਤੀ ਮਹੀਨਾ 300 ਯੂਨਿਟ ਬਿਜਲੀ ਅਤੇ ਖੇਤੀਬਾੜੀ ਸੈਕਟਰ ਲਈ ਮੁਫ਼ਤ ਬਿਜਲੀ ਦੀ ਸਹੂਲਤ ਪ੍ਰਦਾਨ ਕੀਤੀ ਜਾਵੇ |
ਇਸੇ ਦੌਰਾਨ ਜ਼ਿਲ੍ਹਾ ਸਕੱਤਰ ਮਹੀਪਾਲ ਚਮਰੌਦੀ ਨੇ ਟਰੈਕਟਰ ਨਵੀਨੀਕਰਨ ਫ਼ੀਸ 1 ਹਜ਼ਾਰ ਰੁ. ਤੋਂ ਵਧਾ ਕੇ 10 ਹਜ਼ਾਰ ਰੁ. ਕਰਨ ਦੀ ਸਖ਼ਤ ਸ਼ਬਦਾਂ 'ਚ ਨਿਖੇਧੀ ਕਰਦਿਆਂ ਕਿਹਾ ਕਿ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਪ੍ਰਧਾਨ ਮੰਤਰੀ ਦਾ ਦਾਅਵਾ ਖੋਖਲਾ ਸਾਬਿਤ ਹੋਇਆ ਹੈ | ਉਨ੍ਹਾਂ ਮੰਗ ਕੀਤੀ ਕਿ 84 ਹਜ਼ਾਰ ਕਰੋੜ ਰੁ. ਦੀ ਖਾਦ ਸਬਸਿਡੀ ਬਹਾਲ ਕੀਤੀ ਜਾਵੇ, ਡੀ. ਏ. ਪੀ. ਅਤੇ ਯੂਰੀਆ ਦੀ ਢੁਕਵੀਂ ਉਪਲੱਬਧਤਾ ਯਕੀਨੀ ਬਣਾਈ ਜਾਵੇ, ਆਨਲਾਈਨ ਪੋਰਟਲ ਦੀ ਜ਼ਰੂਰਤ ਨੂੰ ਖ਼ਤਮ ਕੀਤਾ ਜਾਵੇ, ਕਿਸਾਨਾਂ 'ਤੇ ਨੈਨੋ ਯੂਰੀਆ ਅਤੇ ਨੈਨੋ ਡੀ. ਏ. ਪੀ. ਲਗਾਉਣਾ ਬੰਦ ਕੀਤਾ ਜਾਵੇ, ਬੀਮਾ ਕੰਪਨੀਆਂ ਦੀਆਂ ਮਨਮਾਨੀਆਂ ਨੂੰ ਠੱਲ੍ਹ ਪਾਈ ਜਾਵੇ, ਨਿੱਜੀ ਬੀਮਾ ਕੰਪਨੀਆਂ ਦੀ ਬਜਾਏ ਸਰਕਾਰੀ ਕੰਪਨੀਆਂ ਨੂੰ ਫ਼ਸਲ ਬੀਮਾ ਯੋਜਨਾ 'ਚ ਸ਼ਾਮਿਲ ਕੀਤਾ ਜਾਵੇ, ਵਿਦਿਆਰਥੀਆਂ ਤੇ ਬਜ਼ੁਰਗਾਂ ਲਈ ਬੱਸ ਪਾਸ ਸਵੀਕਾਰ ਨਾ ਕਰਨ ਵਾਲੇ ਜਾਂ ਉਨ੍ਹਾਂ ਨੂੰ ਛੋਟ ਦੇਣ ਤੋਂ ਇਨਕਾਰ ਕਰਨ ਵਾਲੇ ਨਿੱਜੀ ਬੱਸ ਆਪ੍ਰੇਟਰਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ, ਪਰਾਲੀ ਸਾੜਨ ਦੇ ਨਾਂਅ 'ਤੇ ਕਿਸਾਨਾਂ ਵਿਰੁੱਧ ਦਰਜ ਕੀਤੇ ਜਾ ਰਹੇ ਮਾਮਲੇ ਖਾਰਜ ਕੀਤੇ ਜਾਣ, ਪਿਛਲੇ ਸਾਲ ਅਤੇ ਇਸ ਸਾਲ ਪਰਾਲੀ ਪ੍ਰਬੰਧਨ ਲਈ ਕਿਸਾਨਾਂ ਦੇ ਪ੍ਰਤੀ ਏਕੜ 1,200 ਰੁ. ਅਤੇ ਝੋਨੇ ਦੀ ਸਿੱਧੀ ਬਿਜਾਈ ਲਈ ਪ੍ਰਤੀ ਏਕੜ 4,500 ਰੁ. ਦੇ ਬਕਾਏ ਦਾ ਤੁਰੰਤ ਭੁਗਤਾਨ ਕੀਤਾ ਜਾਵੇ, ਕਿਸਾਨਾਂ ਤੇ ਮਜ਼ਦੂਰਾਂ ਦੇ ਕਰਜ਼ੇ ਮੁਆਫ਼ ਕੀਤੇ ਜਾਣ, ਭੂਮੀ ਪ੍ਰਾਪਤੀ, ਪੁਨਰਵਾਸ ਤੇ ਹਰਿਆਣਾ ਸੋਧ ਬਿੱਲ 2021 ਨੂੰ ਰੱਦ ਕੀਤਾ ਜਾਵੇ, ਆਵਾਰਾ ਪਸ਼ੂਆਂ 'ਤੇ ਪਾਬੰਦੀ ਲਗਾਈ ਜਾਵੇ, ਪੜ੍ਹੇ-ਲਿਖੇ ਨੌਜਵਾਨਾਂ ਨੂੰ ਸਥਾਈ ਰੁਜ਼ਗਾਰ ਦਿੱਤਾ ਜਾਵੇ ਅਤੇ ਸਰਕਾਰੀ ਸਿੱਖਿਆ ਪ੍ਰਣਾਲੀ ਨੂੰ ਮਜ਼ਬੂਤ ਬਣਾਇਆ ਜਾਵੇ |
ਇਸ ਮੌਕੇ ਸਭਾ ਦੇ ਉਪ ਪ੍ਰਧਾਨ ਮਾਨ ਸਿੰਘ ਪੰਜੇਟਾ, ਉਪ ਪ੍ਰਧਾਨ ਨਾਇਬ ਸਿੰਘ, ਖਜ਼ਾਨਚੀ ਪਿਆਰੇ ਲਾਲ ਤੰਵਰ, ਸੰਗਠਨ ਸਕੱਤਰ ਸੰਜੇ ਚਮਰੌਦੀ, ਸੰਯੁਕਤ ਸਕੱਤਰ ਰਮੇਸ਼ ਕੁਮਾਰ ਖੁਰਦੀ ਅਤੇ ਅਜਮੇਰ ਸਿੰਘ ਸੰਧੂ ਕੜਕੌਲੀ ਨੇ ਵੀ ਮੀਟਿੰਗ ਨੂੰ ਸੰਬੋਧਨ ਕੀਤਾ |

ਪਿਛਲੀ ਖ਼ਬਰ ਪ੍ਰਾਪਰਟੀ ਡੀਲਰ ਨਾਲ ਜੁੜੇ ਧੋਖਾਧੜੀ ਦੇ ਮਾਮਲੇ ਵਿਚ ਦੋ ਮੁਲਜ਼ਮ ਗਿ੍ਫ਼ਤਾਰ ਅਗਲੀ ਖ਼ਬਰ ਗੁਰੂ ਨਾਨਕ ਖ਼ਾਲਸਾ ਕਾਲਜ ਵਿਖੇ ਵਿਦਿਆਰਥੀਆਂ ਨੂੰ ਪ੍ਰੀਖਿਆ 'ਚ ਸਫ਼ਲ ਹੋਣ ਦੀਆਂ ਰਣਨੀਤੀਆਂ ਬਾਰੇ ਕੀਤਾ ਜਾਗਰੂਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।