ਯਮੁਨਾਨਗਰ, 3 ਦਸੰਬਰ (ਗੁਰਦਿਆਲ ਸਿੰਘ ਨਿਮਰ)-ਸਥਾਨਕ ਗੁਰੂ ਨਾਨਕ ਖਾਲਸਾ ਕਾਲਜ ਦੇ ਵਪਾਰ ਵਿਭਾਗ ਵਲੋਂ 'ਪ੍ਰੀਖਿਆ ਲਈ ਤਿਆਰ : ਫਾਈਨਲ ਪ੍ਰੀਖਿਆਵਾਂ 'ਚ ਕਿਵੇਂ ਉੱਤਮ ਹੋਣਾ ਹੈ' ਵਿਸ਼ੇ 'ਤੇ ਇਕ ਇੰਟਰਐਕਟਿਵ ਸੈਸ਼ਨ ਕਰਵਾਇਆ ਗਿਆ | ਵਿਦਿਆਰਥੀਆਂ ਨੂੰ ਪ੍ਰਭਾਵਸ਼ਾਲੀ ਤਿਆਰੀ ਰਣਨੀਤੀਆਂ ਬਾਰੇ ਮਾਰਗਦਰਸ਼ਨ ਪ੍ਰਦਾਨ ਕਰਨ ਅਤੇ ਆਉਣ ਵਾਲੀਆਂ ਫਾਈਨਲ ਪ੍ਰੀਖਿਆਵਾਂ 'ਚ ਆਪਣਾ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕਰਨ ਦੇ ਉਦੇਸ਼ ਨਾਲ ਕਰਵਾਏ ਗਏ ਇਸ ਸੈਸ਼ਨ ਨੂੰ ਸੰਬੋਧਨ ਕਰਦਿਆਂ ਕਾਲਜ ਪਿ੍ੰ. ਡਾ. ਅਰਵਿੰਦਰ ਸਿੰਘ ਭੱਲਾ ਨੇ ਵਿਭਾਗ ਦੇ ਯਤਨਾਂ ਦੀ ਸ਼ਲਾਘਾ ਕੀਤੀ | ਉਨ੍ਹਾਂ ਨੇ ਵਿਦਿਆਰਥੀਆਂ ਨੂੰ ਅਨੁਸ਼ਾਸਿਤ ਅਧਿਐਨ ਆਦਤਾਂ ਅਪਨਾਉਣ ਅਤੇ ਕਾਲਜ ਵਲੋਂ ਪ੍ਰਦਾਨ ਕੀਤੀ ਜਾ ਰਹੀ ਅਕਾਦਮਿਕ ਸਹਾਇਤਾ ਦੀ ਪੂਰੀ ਵਰਤੋਂ ਕਰਨ ਲਈ ਉਤਸ਼ਾਹਿਤ ਕੀਤਾ | ਉਨ੍ਹਾਂ ਕਿਹਾ ਕਿ ਅਜਿਹੇ ਸੈਸ਼ਨ ਵਿਦਿਆਰਥੀਆਂ ਦੀ ਸਫ਼ਲਤਾ ਨੂੰ ਅਕਾਰ ਦੇਣ 'ਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ | ਇਸੇ ਦੌਰਾਨ ਵਪਾਰ ਵਿਭਾਗ ਦੇ ਮੁਖੀ ਡਾ. ਜਸਵਿੰਦਰ ਕੌਰ, ਪ੍ਰੋ. (ਡਾ.) ਅਸ਼ੋਕ ਖੁਰਾਨਾ ਅਤੇ ਡਾ. ਰਾਜਿੰਦਰ ਸਿੰਘ ਵੋਹਰਾ ਨੇ ਪ੍ਰੀਖਿਆ ਦੀ ਤਿਆਰੀ ਦੀ ਮਹੱਤਤਾ 'ਤੇ ਚਾਨਣਾ ਪਾਇਆ ਅਤੇ ਸਮੇਂ, ਤਣਾਅ ਅਤੇ ਅਕਾਦਮਿਕ ਯੋਜਨਾਬੰਦੀ ਦੇ ਪ੍ਰਬੰਧਨ ਬਾਰੇ ਕੀਮਤੀ ਸੁਝਾਅ ਦਿੱਤੇ | ਇਸ ਸੈਸ਼ਨ ਦੇ ਸੁਚੱਜੇ ਸੰਚਾਲਨ ਦੌਰਾਨ ਸਹਿ-ਕਨਵੀਨਰਾਂ ਪੂਜਾ ਰਾਣੀ, ਨਿਸ਼ੀ, ਸੋਨਮ ਸੈਣੀ, ਨਵਦੀਪ ਸਿੰਘ, ਪੂਨਮ ਭਸੀਨ, ਸੀਮਾ, ਸ਼ਿਲਪੀ, ਜਸਪ੍ਰੀਤ ਸਿੰਘ ਅਤੇ ਮਨਗੀਤ ਕੌਰ ਵਲੋਂ ਭਰਪੂਰ ਸਹਿਯੋਗ ਦਿੱਤਾ ਗਿਆ | ਇਸੇ ਦੌਰਾਨ ਕਾਲਜ ਦੀ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਰਣਦੀਪ ਸਿੰਘ ਜੌਹਰ ਨੇ ਆਪਣੇ ਸੰਦੇਸ਼ 'ਚ ਵਪਾਰ ਵਿਭਾਗ ਦੇ ਸਮਰਪਣ ਦੀ ਸ਼ਲਾਘਾ ਕਰਦਿਆਂ ਵਿਦਿਆਰਥੀਆਂ ਨੂੰ ਆਪਣੇ ਅਕਾਦਮਿਕ ਟੀਚਿਆਂ 'ਤੇ ਧਿਆਨ ਕੇਂਦਰਿਤ ਕਰਨ ਲਈ ਉਤਸ਼ਾਹਿਤ ਕੀਤਾ | ਇਹ ਇੰਟਰਐਕਟਿਵ ਸੈਸ਼ਨ ਪ੍ਰਸ਼ਨ-ਉੱਤਰਾਂ ਦੀ ਗਤੀਵਿਧੀ ਨਾਲ ਸਮਾਪਤ ਹੋਇਆ, ਜਿਸ ਦੌਰਾਨ ਵਿਦਿਆਰਥੀਆਂ ਨੇ ਵਿਵਹਾਰਕ ਸੁਝਾਵਾਂ ਅਤੇ ਮਾਰਗਦਰਸ਼ਨ ਲਈ ਵਿਭਾਗ ਦਾ ਧੰਨਵਾਦ ਕੀਤਾ |