ਕਾਲਾਂਵਾਲੀ/ਸਿਰਸਾ, 3 ਦਸੰਬਰ (ਭੁਪਿੰਦਰ ਪੰਨੀਵਾਲੀਆ)- ਖੇਤਰ ਦੇ ਪਿੰਡ ਰੋੜੀ ਤੋਂ ਹਰਿਆਣਾ ਰਾਜ ਨਾਰਕੋਟਿਕਸ ਕੰਟਰੋਲ ਬਿਊਰੋ (ਐਨਬੀਸੀ) ਯੂਨਿਟ ਨੇ ਇੱਕ ਡਰੱਗ ਤਸਕਰ ਨੂੰ 1.830 ਕਿਲੋਗ੍ਰਾਮ ਭੁੱਕੀ ਅਤੇ 32,700 ਰੁਪਏ ਦੀ ਡਰੱਗ ਮਨੀ ਸਮੇਤ ਗਿ੍ਫ਼ਤਾਰ ਕੀਤਾ ਹੈ |ਇਹ ਜਾਣਕਾਰੀ ਦਿੰਦੇ ਹੋਏ ਯੂਨਿਟ ਦੇ ਇੰਚਾਰਜ ਵੀਰੇਂਦਰ ਸਿੰਘ ਨੇ ਦੱਸਿਆ ਕਿ ਬਿਊਰੋ ਮੁਖੀ ਅਤੇ ਪੁਲਿਸ ਡਾਇਰੈਕਟਰ ਜਨਰਲ ਓ.ਪੀ. ਸਿੰਘ ਦੇ ਨਿਰਦੇਸ਼ਾਂ ਹੇਠ ਰਾਜ ਭਰ ਵਿੱਚ ਨਸ਼ਾ ਤਸਕਰਾਂ ਵਿਰੁੱਧ ਨਿਰੰਤਰ ਮੁਹਿੰਮ ਚਲਾਈ ਜਾ ਰਹੀ ਹੈ | ਇਸ ਸੰਬੰਧ ਵਿੱਚ ਇਹ ਕਾਰਵਾਈ ਪੁਲਿਸ ਸੁਪਰਡੈਂਟ ਮੋਹਿਤ ਹਾਂਡਾ ਦੀ ਅਗਵਾਈ ਹੇਠ ਕੀਤੀ ਗਈ | ਉਨ੍ਹਾਂ ਦੱਸਿਆ ਕਿ ਯੂਨਿਟ ਦੀ ਇੱਕ ਟੀਮ ਸਬ-ਇੰਸਪੈਕਟਰ ਬਨਵਾਰੀ ਲਾਲ ਦੇ ਨਾਲ, ਸਿਰਸਾ ਦੇ ਥਾਣਾ ਰੋੜੀ ਦੇ ਖੇਤਰ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਨੂੰ ਰੋਕਣ ਲਈ ਮੌਜੂਦ ਸੀ | ਸਬ-ਇੰਸਪੈਕਟਰ ਬਨਵਾਰੀ ਲਾਲ ਦੀ ਟੀਮ ਨੂੰ ਰੋੜੀ ਪਿੰਡ ਦੇ ਬਾਂਦਰ ਪੱਤੀ ਖੇਤਰ ਵਿੱਚ ਇੱਕ ਨਸ਼ੀਲੇ ਪਦਾਰਥਾਂ ਦੇ ਤਸਕਰ ਦੀ ਮੌਜੂਦਗੀ ਬਾਰੇ ਸੂਚਨਾ ਮਿਲੀ | ਜਾਣਕਾਰੀ ਦੀ ਪੁਸ਼ਟੀ ਕਰਨ ਤੋਂ ਬਾਅਦ ਟੀਮ ਨੇ ਤੁਰੰਤ ਇਲਾਕੇ ਨੂੰ ਘੇਰ ਲਿਆ ਅਤੇ ਇੱਕ ਸ਼ੱਕੀ ਵਿਅਕਤੀ ਨੂੰ ਗਿ੍ਫ਼ਤਾਰ ਕਰ ਲਿਆ |ਗਿ੍ਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਸਵਰਨ ਸਿੰਘ ਵਜੋਂ ਹੋਈ ਹੈ, ਜੋ ਕਿ ਬਾਂਦਰਪੱਤੀ ਰੋੜੀ ਦਾ ਰਹਿਣ ਵਾਲਾ ਹੈ | ਇੱਕ ਗਜ਼ਟਿਡ ਅਧਿਕਾਰੀ ਦੀ ਮੌਜੂਦਗੀ ਵਿੱਚ ਨਿਯਮਾਂ ਅਨੁਸਾਰ ਤਲਾਸ਼ੀ ਲੈਣ 'ਤੇ ਮੁਲਜ਼ਮ ਤੋਂ 1.830 ਕਿਲੋਗ੍ਰਾਮ ਭੁੱਕੀ ਬਰਾਮਦ ਕੀਤੀ ਗਈ | ਇਸ ਤੋਂ ਇਲਾਵਾ ਉਸ ਤੋਂ 32,700 ਰੁਪਏ ਡਰੱਗ ਮਨੀ ਅਤੇ ਇੱਕ ਮੋਬਾਈਲ ਫੋਨ ਬਰਾਮਦ ਕੀਤਾ ਗਿਆ, ਜਿਸ ਨੂੰ ਪੁਲਿਸ ਨੇ ਜ਼ਬਤ ਕਰ ਲਿਆ | ਮੁਲਜ਼ਮ ਵਿਰੁੱਧ ਥਾਣਾ ਰੋੜੀ ਵਿੱਚ ਐਨ.ਡੀ.ਪੀ.ਐਸ. ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ |