ਸਿਰਸਾ, 3 ਦਸੰਬਰ (ਪੰਨੀਵਾਲੀਆ) - ਸੂਚਨਾ ਅਤੇ ਪ੍ਰਸਾਰਣ ਮੰਤਰਾਲੇ, ਭਾਰਤ ਸਰਕਾਰ ਦੇ ਪ੍ਰੈੱਸ ਇਨਫਰਮੇਸ਼ਨ ਬਿਊਰੋ (ਪੀਆਈਪੀ), ਚੰਡੀਗੜ੍ਹ ਦੁਆਰਾ ਐਡੀਸ਼ਨਲ ਡਾਇਰੈਕਟਰ ਜਨਰਲ ਵਿਵੇਕ ਵੈਭਵ ਦੀ ਅਗਵਾਈ ਹੇਠ 4 ਦਸੰਬਰ ਨੂੰ ਸਥਾਨਕ ਮੀਡੀਆ ਕਰਮੀਆਂ ਲਈ ਬਰਨਾਲਾ ਰੋਡ ਸਥਿਤ ਪੀਡਬਲਿਊਡੀ ਰੈਸਟ ਹਾਊਸ ਵਿਖੇ ਮੀਡੀਆ ਵਰਕਸ਼ਾਪ 'ਵਾਰਤਾ' ਦਾ ਆਯੋਜਨ ਕੀਤਾ ਜਾਵੇਗਾ | ਪੀਆਈਬੀ ਚੰਡੀਗੜ੍ਹ ਦੇ ਮੀਡੀਆ ਅਤੇ ਸੰਚਾਰ ਅਧਿਕਾਰੀ ਅਹਿਮਦ ਖਾਨ ਨੇ ਦੱਸਿਆ ਕਿ ਮੀਡੀਆ ਵਰਕਸ਼ਾਪ 'ਵਾਰਤਾ' ਵਿੱਚ ਡਿਪਟੀ ਕਮਿਸ਼ਨਰ ਸ਼ਾਂਤਨੂ ਸ਼ਰਮਾ, ਐਡੀਸ਼ਨਲ ਡਿਪਟੀ ਕਮਿਸ਼ਨਰ ਵੀਰੇਂਦਰ ਸਹਿਰਾਵਤ, ਪੁਲਿਸ ਸੁਪਰਡੈਂਟ ਸਿਰਸਾ ਦੀਪਕ ਸਹਾਰਣ, ਪੁਲਿਸ ਸੁਪਰਡੈਂਟ, ਡੱਬਵਾਲੀ ਨਿਕਿਤਾ ਖੱਟਰ ਤੋਂ ਇਲਾਵਾ ਵਿਸ਼ਾ-ਮਾਹਿਰ ਵੀ ਸ਼ਾਮਲ ਹੋਣਗੇ | 'ਵਾਰਤਾ' ਦਾ ਉਦੇਸ਼ ਸਥਾਨਕ ਮੀਡੀਆ ਅਤੇ ਸਰਕਾਰ ਵਿਚਕਾਰ ਤਾਲਮੇਲ ਸਥਾਪਿਤ ਕਰਨਾ ਹੈ, ਜਿਸ ਨਾਲ ਸਰਕਾਰੀ ਯੋਜਨਾਵਾਂ ਬਾਰੇ ਜਾਣਕਾਰੀ ਦੇ ਪ੍ਰਭਾਵਸ਼ਾਲੀ ਸੰਚਾਰ ਨੂੰ ਯਕੀਨੀ ਬਣਾਇਆ ਜਾ ਸਕੇ | ਉਨ੍ਹਾਂ ਕਿਹਾ ਕਿ ਇਸ ਵਾਰਤਾ ਵਿੱਚ ਨਸ਼ੀਲੇ ਪਦਾਰਥਾਂ ਅਤੇ ਤੰਬਾਕੂ ਦੇ ਖਾਤਮੇ, ਵਾਤਾਵਰਣ ਅਤੇ ਹੋਰ ਵਿਸ਼ਿਆਂ 'ਤੇ ਮਾਹਿਰਾਂ ਅਤੇ ਅਧਿਕਾਰੀਆਂ ਨਾਲ ਵਿਚਾਰ-ਵਟਾਂਦਰਾ ਕੀਤਾ ਜਾਵੇਗਾ | ਇਸ ਮੌਕੇ ਕੇਂਦਰ ਅਤੇ ਰਾਜ ਸਰਕਾਰਾਂ ਦੀਆਂ ਲੋਕ ਭਲਾਈ ਯੋਜਨਾਵਾਂ ਬਾਰੇ ਜਾਣਕਾਰੀ ਪ੍ਰਦਾਨ ਕੀਤੀ ਜਾਵੇਗੀ |