ਬਿ੍ਸਬੇਨ, 8 ਦਸੰਬਰ (ਮਹਿੰਦਰ ਪਾਲ ਸਿੰਘ ਕਾਹਲੋਂ)-ਆਸਟ੍ਰੇਲੀਆ ਦੇ ਸੂਬੇ ਕੁਈਨਸਲੈਂਡ ਦੇ ਸ਼ਹਿਰ ਕੇਨਸ ਦੀ ਅਦਾਲਤ ਵਿਚ ਰਾਜਵਿੰਦਰ ਸਿੰਘ ਉੱਪਰ 21 ਅਕਤੂਬਰ 2018 ਵਿਚ ਬੀਚ ਉੱਪਰ ਦੱਬੀ ਮਿ੍ਤਕ ਮਿਲੀ ਤੋਯਾਹ ਉਮਰ 24 ਸਾਲ ਦੇ ਕੇਸ ਦੀ ਸੁਣਵਾਈ ਹੋਈ ਅਤੇ ਜਿਊਰੀ ਨੇ ਸਹਿਮਤੀ ਨਾਲ ਰਾਜਵਿੰਦਰ ਸਿੰਘ ਨੂੰ ਦੋਸ਼ੀ ਕਰਾਰ ਦਿੱਤਾ ਹੈ | ਇੱਥੇ ਵਰਨਣਯੋਗ ਹੈ ਕਿ ਦੋਸ਼ੀ ਕਰਾਰ ਰਾਜਵਿੰਦਰ ਸਿੰਘ ਕਤਲ ਵਾਲੇ ਦਿਨ ਤੋਂ ਬਾਅਦ ਤੁਰੰਤ ਬਾਅਦ ਭਾਰਤ ਚਲਾ ਗਿਆ ਸੀ | ਆਸਟ੍ਰੇਲੀਅਨ ਪੁਲਿਸ ਨੇ ਇੱਕ ਸੂਚਨਾ ਦੇ ਆਧਾਰ ਉੱਪਰ 25 ਨਵੰਬਰ 2022 ਨੂੰ ਦਿੱਲੀ ਤੋਂ ਗਿ੍ਫ਼ਤਾਰ ਕੀਤਾ ਅਤੇ 10 ਜਨਵਰੀ 2023 ਨੂੰ ਆਸਟ੍ਰੇਲੀਆ ਲੈਕੇ ਆਈ ਸੀ | ਇਸ ਕੇਸ ਦੀ ਸੁਣਵਾਈ ਲਗਭਗ ਚਾਰ ਹਫ਼ਤੇ ਚੱਲੀ | ਰਾਜਵਿੰਦਰ ਸਿੰਘ ਨੇ ਆਪਣੇ ਉੱਪਰ ਲੱਗੇ ਦੋਸ਼ਾਂ ਨੂੰ ਰੱਦ ਕਰਦਿਆਂ ਬੇਬੁਨਿਆਦ ਦੱਸਿਆ ਸੀ ਪਰ ਉਹ ਪੁਲਿਸ ਵਲੋਂ ਪੇਸ਼ ਕੀਤੇ ਸਬੂਤਾਂ ਬਾਰੇ ਉਸ ਦੇ ਵਕੀਲ ਜਿਊਰੀ ਨੂੰ ਸੰਤੁਸ਼ਟ ਕਰਨ ਵਿਚ ਨਾਕਾਮ ਰਹੇ | ਰਾਜਵਿੰਦਰ ਸਿੰਘ ਪੇਸ਼ੇ ਤੋਂ ਨਰਸ ਵਜੋਂ ਕੰਮ ਕਰ ਰਿਹਾ ਸੀ | ਮਿ੍ਤਕ ਲੜਕੀ ਦਾ ਗਲਾ ਅਤੇ ਜੀਭ ਕੱਟਣ ਨਾਲ ਮੌਤ ਹੋਈ ਸੀ | ਮਿ੍ਤਕ ਲੜਕੀ ਦੀ ਲਾਸ਼ ਉਸ ਦੇ ਪਿਓ ਨੂੰ ਸਵੇਰੇ ਬੀਚ ਕੰਢੇ ਦੱਬੀ ਮਿਲੀ ਅਤੇ ਉਸ ਦਾ ਕੁੱਤਾ ਲਾਗੇ ਦਰੱਖਤ ਨਾਲ ਬੰਨਿਆਂ ਮਿਲਿਆ ਸੀ | ਸਰਕਾਰੀ ਵਕੀਲ ਨੇ ਜੱਜ ਪਾਸੋਂ ਰਾਜਵਿੰਦਰ ਸਿੰਘ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਜਾਣ ਦੀ ਮੰਗ ਕੀਤੀ ਹੈ |