ਬੰਗਾਲ ਦੇ ਪ੍ਰਸਿੱਧ ਕਵੀ ਅਤੇ ਨਾਵਲ ਨਵੀਸ ਬੰਕਿਮ ਚੰਦਰ ਚੈਟਰਜੀ ਨੇ ਅੰਗਰੇਜ਼ੀ ਪ੍ਰਸ਼ਾਸਨ ਸਮੇਂ ਸਾਲ 1870ਵਿਆਂ ਵਿਚ 'ਵੰਦੇ ਮਾਤਰਮ' ਨਾਂਅ ਦਾ ਇਕ ਗੀਤ ਲਿਖਿਆ ਸੀ ਅਤੇ ਬਾਅਦ ਵਿਚ ਉਸ ਨੇ ਬੰਗਾਲੀ ਵਿਚ ਲਿਖੇ ਇਸ ਗੀਤ ਨੂੰ ਆਪਣੇ ਪ੍ਰਸਿੱਧ ਨਾਵਲ 'ਆਨੰਦ ਮੱਠ' ਵਿਚ ਸਾਲ 1882 ਨੂੰ ਸ਼ਾਮਿਲ ਕੀਤਾ ਸੀ। 1857 ਦੇ ਗ਼ਦਰ ਤੋਂ ਬਾਅਦ ਭਾਰਤੀਆਂ ਦੇ ਮਨ ਵਿਚ ਅੰਗਰੇਜ਼ਾਂ ਪ੍ਰਤੀ ਬੇਹੱਦ ਗੁੱਸਾ ਸੀ। ਜਿਸਦਾ ਇਜ਼ਹਾਰ ਉਹ ਕਿਸੇ ਨਾ ਕਿਸੇ ਤਰ੍ਹਾਂ ਕਰਦੇ ਰਹਿੰਦੇ ਸਨ। ਵੰਦੇ ਮਾਤਰਮ ਵਿਚ ਭਾਰਤ ਨੂੰ ਮਾਤਾ ਦੇ ਰੂਪ ਵਿਚ ਚਿੱਤਰ ਕੇ ਇਸ ਦੀ ਸੁਤੰਤਰਤਾ ਦੀ ਗੱਲ ਛੋਹੀ ਗਈ ਸੀ। ਆਜ਼ਾਦੀ ਪ੍ਰਤੀ ਵਧਦੀ ਚੇਤੰਨਤਾ ਵਿਚ ਇਹ ਗੀਤ ਲੋਕਾਂ ਵਿਚ ਹਰਮਨ ਪਿਆਰਾ ਹੋਇਆ। ਕਾਂਗਰਸ ਉਸ ਸਮੇਂ ਚੇਤਨ ਰੂਪ ਵਿਚ ਸੰਗਠਿਤ ਹੋ ਰਹੀ ਸੀ। ਇਸ ਲਈ ਇਹ ਗੀਤ ਵੀ ਉਸ ਦੇ ਸੰਮੇਲਨਾਂ ਵਿਚ ਗਾਇਆ ਜਾਣ ਲੱਗਾ ਸੀ। 'ਆਨੰਦ ਮੱਠ' ਨਾਵਲ ਵਿਚ ਇਕ ਭਾਵੁਕ ਮਾਂ ਨੂੰ ਪ੍ਰਣਾਏ ਸਾਧੂਆਂ ਦੇ ਸੰਗਠਨ ਨੇ ਲੁਕਵੇਂ ਰੂਪ ਵਿਚ ਲੋਕ ਮਨਾਂ ਵਿਚ ਆਜ਼ਾਦੀ ਲਈ ਚੇਤਨਾ ਪੈਦਾ ਕਰਨ ਲਈ ਲਾਮਬੰਦੀ ਕੀਤੀ ਸੀ ਅਤੇ ਉਹ ਵੰਦੇ ਮਾਤਰਮ ਨੂੰ ਲੋਕਾਂ ਵਿਚ ਵਿਚਰਦੇ ਹੋਏ ਪੂਰੀ ਧੁਨ ਵਿਚ ਗਾਇਆ ਕਰਦੇ ਸਨ। ਇਸ ਤਰ੍ਹਾਂ ਭਾਰਤੀ ਆਜ਼ਾਦੀ ਦੇ ਸੰਘਰਸ਼ ਵਿਚ ਇਹ ਗੀਤ ਬੇਹੱਦ ਲੋਕ ਪਿਆਰਾ ਹੋ ਚੁੱਕਾ ਸੀ। ਮਹਾਂਕਵੀ ਰਵਿੰਦਰ ਨਾਥ ਟੈਗੋਰ ਨੇ ਵੀ ਸਾਲ 1896 ਦੇ ਕਲਕੱਤਾ ਵਿਚ ਹੋਏ ਕਾਂਗਰਸ ਦੇ ਸੈਸ਼ਨ ਵਿਚ ਇਹ ਗੀਤ ਗਾਇਆ ਸੀ।
ਦੇਸ਼ ਦੀ ਆਜ਼ਾਦੀ ਤੋਂ ਬਾਅਦ ਜਿੱਥੇ ਟੈਗੋਰ ਦਾ ਲਿਖਿਆ ਹੋਇਆ ਲੰਬਾ ਗੀਤ 'ਜਨ ਗਣ ਮਨ' ਸੰਖੇਪ ਰੂਪ ਵਿਚ ਸੰਪਾਦਤ ਕਰ ਕੇ ਇਸ ਨੂੰ 'ਰਾਸ਼ਟਰੀ ਗਾਨ' ਦਾ ਦਰਜਾ ਦਿੱਤਾ ਗਿਆ, ਉੱਥੇ ਮਹਾਤਮਾ ਗਾਂਧੀ ਨੇ ਵੰਦੇ ਮਾਤਰਮ ਗੀਤ ਦੇ ਪਹਿਲੇ ਦੋ ਪੈਰਿਆਂ ਨੂੰ ਕੌਮੀ ਗੀਤ ਦਾ ਦਰਜਾ ਦਿਵਾਉਣ ਦੀ ਹਿਮਾਇਤ ਕੀਤੀ। ਇਸ ਦੇ ਨਾਲ ਹੀ ਪੰਡਤ ਜਵਾਹਰ ਲਾਲ ਨਹਿਰੂ, ਸੁਭਾਸ਼ ਚੰਦਰ ਬੋਸ, ਡਾ. ਬੀ.ਆਰ. ਅੰਬੇਡਕਰ ਅਤੇ ਸ਼ਿਆਮਾ ਪ੍ਰਸਾਦ ਮੁਖਰਜੀ ਆਦਿ ਆਗੂਆਂ ਨੇ ਵੀ ਇਨ੍ਹਾਂ ਪਹਿਲੇ ਦੋ ਪੈਰਿਆਂ ਨੂੰ ਕੌਮੀ ਗੀਤ ਬਣਾਉਣ ਦੀ ਹਮਾਇਤ ਕੀਤੀ। ਦੇਸ਼ ਦੀ ਆਜ਼ਾਦੀ ਤੋਂ ਬਾਅਦ ਸਾਲ 1950 ਵਿਚ ਡਾ. ਰਜਿੰਦਰ ਪ੍ਰਸਾਦ ਨੇ ਸੰਵਿਧਾਨ ਘੜਨੀ ਅਸੈਂਬਲੀ ਰਾਹੀਂ ਇਸ ਗੀਤ ਨੂੰ ਕੌਮੀ ਗੀਤ ਦਾ ਦਰਜਾ ਦੇਣ ਦਾ ਐਲਾਨ ਕੀਤਾ। ਅੱਜ ਜਦੋਂਕਿ ਇਸ ਗੀਤ ਨੂੰ ਲਿਖਿਆਂ 150 ਸਾਲ ਹੋ ਗਏ ਹਨ ਅਤੇ ਸਰਕਾਰ ਵਲੋਂ ਇਸ ਵਰ੍ਹੇਗੰਢ ਨੂੰ ਦੇਸ਼ ਭਰ ਵਿਚ ਮਨਾਇਆ ਜਾ ਰਿਹਾ ਹੈ, ਤਾਂ ਉਸ ਸਮੇਂ ਭਾਰਤੀ ਜਨਤਾ ਪਾਰਟੀ ਵਲੋਂ ਇਸ ਨੂੰ ਹੋਰ ਰੰਗਤ ਦੇ ਕੇ ਪ੍ਰਚਾਰਨ ਦੇ ਯਤਨ ਨਾਲ ਇਸ ਗੀਤ ਦੀ ਗਰਿਮਾ ਜ਼ਰੂਰ ਆਹਤ ਹੋਈ ਹੈ। ਵੰਦੇ ਮਾਤਰਮ ਗੀਤ ਦੀ 150ਵੀਂ ਵਰ੍ਹੇਗੰਢ ਸੰਬੰਧੀ ਸੰਸਦ ਦੇ ਚੱਲ ਰਹੇ ਸੈਸ਼ਨ ਵਿਚ ਵੀ ਬਹਿਸ ਕਰਵਾਉਣ ਦਾ ਪ੍ਰਬੰਧ ਕੀਤਾ ਗਿਆ।
ਇਸ ਸੰਬੰਧੀ ਲੋਕ ਸਭਾ ਵਿਚ ਬਹਿਸ ਸ਼ੁਰੂ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਗੀਤ ਦੇ ਇਤਿਹਾਸਕ ਮਹੱਤਵ ਦੀ ਗੱਲ ਕੀਤੀ। ਉਸ ਸਮੇਂ ਲੋਕਾਂ 'ਤੇ ਇਸ ਦੇ ਪ੍ਰਭਾਵ ਨੂੰ ਵੀ ਉਜਾਗਰ ਕੀਤਾ ਪਰ ਇਸ ਦੇ ਨਾਲ ਹੀ ਸ੍ਰੀ ਮੋਦੀ ਵਲੋਂ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਦੀ ਖੁੱਲ੍ਹੇ ਰੂਪ ਵਿਚ ਇਹ ਕਹਿ ਕੇ ਆਲੋਚਨਾ ਕੀਤੀ ਗਈ ਕਿ ਉਨ੍ਹਾਂ ਨੇ ਇਸ ਗੀਤ ਦੇ ਪਿਛਲੇ ਭਾਗ ਨੂੰ ਕੱਟ ਦਿੱਤਾ ਸੀ। ਅਜਿਹਾ ਉਨ੍ਹਾਂ ਨੇ ਆਜ਼ਾਦੀ ਦੇ ਚਲਦੇ ਸੰਘਰਸ਼ ਦੌਰਾਨ ਕੀਤਾ, ਜਿਸ ਤੋਂ ਮੁਹੰਮਦ ਅਲੀ ਜਿਨਾਹ ਦੀ ਅਗਵਾਈ ਵਿਚ ਮੁਸਲਿਮ ਲੀਗ ਨੂੰ ਹੋਰ ਵੀ ਉਤਸ਼ਾਹ ਮਿਲਿਆ ਜਿਸ ਕਰਕੇ ਦੇਸ਼ ਦੀ ਵੰਡ ਹੋਈ। ਇਸ ਤਰ੍ਹਾਂ ਨਾਲ ਸ੍ਰੀ ਮੋਦੀ ਨੇ ਇਸ ਗੀਤ ਨੂੰ ਕੱਟਣ ਅਤੇ ਦੇਸ਼ ਦੀ ਵੰਡ ਦਾ ਠੀਕਰਾ ਪੰਡਤ ਜਵਾਹਰ ਲਾਲ ਨਹਿਰੂ 'ਤੇ ਭੰਨਿਆ। ਜਿੱਥੋਂ ਤੱਕ ਜਵਾਹਰ ਲਾਲ ਨਹਿਰੂ ਦਾ ਸੰਬੰਧ ਹੈ, ਉਹ ਦੇਸ਼ ਦੇ ਅਜਿਹੇ ਮਹਾਨ ਆਗੂ ਸਨ ਜਿਨ੍ਹਾਂ ਨੇ ਦੇਸ਼ ਨੂੰ ਆਜ਼ਾਦ ਕਰਵਾਉਣ ਦੇ ਸੰਘਰਸ਼ ਵਿਚ ਆਪਣਾ ਅਹਿਮ ਯੋਗਦਾਨ ਪਾਇਆ ਸੀ। ਇਸ ਲਈ ਉਹ ਲੰਮੇ ਸਮੇਂ ਤੱਕ ਵੱਖ-ਵੱਖ ਸਮਿਆਂ ਵਿਚ ਜੇਲ੍ਹਾਂ ਵਿਚ ਵੀ ਰਹੇ ਸਨ। ਆਜ਼ਾਦੀ ਤੋਂ ਬਾਅਦ ਸੰਵਿਧਾਨ ਘਾੜਨੀ ਸਭਾ ਵਿਚ ਵੀ ਪੰਡਤ ਜੀ ਦਾ ਅਹਿਮ ਰੋਲ ਰਿਹਾ ਸੀ। ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਦੇ ਤੌਰ 'ਤੇ ਉਹ ਦੇਸ਼ ਨੂੰ ਆਧੁਨਿਕ ਲੀਹਾਂ 'ਤੇ ਪਾਉਣ ਵਿਚ ਵੀ ਸਹਾਈ ਹੋਏ ਸਨ ਅਤੇ ਲੰਮੇ ਸਮੇਂ ਤੱਕ ਉਨ੍ਹਾਂ ਨੇ ਦੇਸ਼ ਦਾ ਪ੍ਰਸ਼ਾਸਨ ਵੀ ਚਲਾਇਆ ਸੀ। ਦੇਸ਼ ਨੂੰ ਸਹੀ ਅਰਥਾਂ ਵਿਚ ਲੋਕਤੰਤਰੀ ਲੀਹਾਂ 'ਤੇ ਪਾਉਣ ਵਿਚ ਉਨ੍ਹਾਂ ਦਾ ਵੱਡਾ ਯੋਗਦਾਨ ਰਿਹਾ ਹੈ।
ਅਸੀਂ ਮਹਿਸੂਸ ਕਰਦੇ ਹਾਂ ਕਿ ਉਨ੍ਹਾਂ ਅਤੇ ਉਨ੍ਹਾਂ ਦੇ ਸਾਥੀਆਂ ਵਲੋਂ ਸੰਵਿਧਾਨ ਦੇ ਅਨੁਸਾਰੀ ਹੋ ਕੇ ਦੇਸ਼ ਨੂੰ ਇਕ ਮਜ਼ਬੂਤੀ ਦਿੱਤੀ ਗਈ ਸੀ। ਜੇਕਰ ਅੱਜ ਵੀ ਖਿੱਤੇ ਦੇ ਦੂਸਰੇ ਦੇਸ਼ਾਂ ਦੇ ਮੁਕਾਬਲੇ ਵਿਚ ਭਾਰਤ ਇਕ ਤਾਕਤਵਰ ਲੋਕਤੰਤਰੀ ਦੇਸ਼ ਬਣਿਆ ਹੋਇਆ ਹੈ, ਤਾਂ ਇਸ ਲਈ ਪੰਡਤ ਜੀ ਦੀ ਦੇਣ ਨੂੰ ਭੁਲਾਇਆ ਨਹੀਂ ਜਾ ਸਕਦਾ। ਲੰਮਾ ਸਮਾਂ ਸਰਕਾਰ ਚਲਾਉਂਦਿਆਂ ਕਈ ਊਣਤਾਈਆਂ ਜ਼ਰੂਰ ਰਹਿ ਜਾਂਦੀਆਂ ਹਨ ਪਰ ਉਨ੍ਹਾਂ ਦੀ ਨੀਅਤ 'ਤੇ ਕਦੇ ਵੀ ਸ਼ੱਕ ਪ੍ਰਗਟ ਨਹੀਂ ਕੀਤਾ ਗਿਆ। ਉਹ ਆਪ ਧਾਰਮਿਕ ਵਿਅਕਤੀ ਨਹੀਂ ਸਨ ਪਰ ਸਾਰੇ ਧਰਮਾਂ ਦੇ ਲੋਕਾਂ ਲਈ ਉਨ੍ਹਾਂ ਦਾ ਸਤਿਕਾਰ ਇਕੋ ਜਿਹਾ ਸੀ। ਉਨ੍ਹਾਂ ਨੇ ਕਦੇ ਫਿਰਕੂ ਭਾਵਨਾਵਾਂ ਨੂੰ ਉਤਸ਼ਾਹਿਤ ਨਹੀਂ ਸੀ ਕੀਤਾ। ਇਹ ਵੀ ਕਿ ਜੇਕਰ ਵੰਦੇ ਮਾਤਰਮ ਗੀਤ ਨੂੰ ਇਸ ਰੂਪ ਵਿਚ ਕੌਮੀ ਗੀਤ ਮੰਨਿਆ ਗਿਆ ਹੈ ਤਾਂ ਇਹ ਇਕੱਲੇ ਪੰਡਤ ਜੀ ਦਾ ਕੰਮ ਨਹੀਂ ਸੀ, ਇਸ ਵਿਚ ਉਸ ਸਮੇਂ ਦੇ ਸਾਰੇ ਉੱਘੇ ਆਗੂਆਂ ਦੀ ਰਜ਼ਾਮੰਦੀ ਸ਼ਾਮਿਲ ਸੀ। ਜਿਥੋਂ ਤੱਕ ਦੇਸ਼ ਦੀ ਵੰਡ ਦੀ ਗੱਲ ਹੈ, ਉਸ ਬਾਰੇ ਹੁਣ ਤੱਕ ਅਨੇਕਾਂ ਤਰ੍ਹਾਂ ਦੇ ਵਿਸਥਾਰ ਸਾਹਮਣੇ ਆ ਚੁੱਕੇ ਹਨ। ਅੰਗਰੇਜ਼ਾਂ ਦੀ ਇਸ ਵਿਚ ਕੀ ਚਾਲ ਸੀ ਅਤੇ ਜਿਨਾਹ ਤੇ ਮੁਸਲਿਮ ਲੀਗ ਦਾ ਉਨ੍ਹਾਂ ਨਾਲ ਕੀ ਸੰਬੰਧ ਸੀ, ਇਸ ਸੰਬੰਧੀ ਇਤਿਹਾਸਕਾਰ ਆਉਣ ਵਾਲੇ ਸਮੇਂ ਵਿਚ ਵੀ ਜਵਾਬ ਲੱਭਣ ਦੇ ਯਤਨ ਜਾਰੀ ਰੱਖ ਸਕਦੇ ਹਨ, ਪਰ ਉਸ ਸਮੇਂ ਦੇ ਹਰ ਵਰਗ ਅਤੇ ਧਰਮ ਦੇ ਕੌਮੀ ਆਗੂਆਂ ਨੇ ਇਸ ਵੰਡ ਨੂੰ ਰੋਕਣ ਦਾ ਪੂਰਾ ਯਤਨ ਕੀਤਾ ਸੀ। ਪਰ ਸਾਨੂੰ ਉਸ ਸਮੇਂ ਦੇ ਹਿਸਾਬ ਨਾਲ ਇਨ੍ਹਾਂ ਆਗੂਆਂ ਦੀਆਂ ਸੀਮਾਵਾਂ ਦਾ ਵੀ ਅਹਿਸਾਸ ਹੈ। ਅੱਜ ਵੰਡ ਲਈ ਪੰਡਤ ਜਵਾਹਰ ਲਾਲ ਨਹਿਰੂ ਨੂੰ ਭਾਗੀ ਠਹਿਰਾਉਣਾ ਉਸ ਕੌਮੀ ਆਗੂ ਨਾਲ ਵੱਡਾ ਅਨਿਆਂ ਹੈ। ਪੰਡਤ ਜੀ ਦੀਆਂ ਕਈ ਹੋਰ ਕਮਜ਼ੋਰੀਆਂ ਹੋ ਸਕਦੀਆਂ ਹਨ ਪਰ ਉਨ੍ਹਾਂ ਨੇ ਦੇਸ਼ ਨੂੰ ਫਿਰਕੂ ਲੀਹਾਂ 'ਤੇ ਵੰਡਣ ਦਾ ਸਦਾ ਵਿਰੋਧ ਕੀਤਾ ਸੀ। ਬਿਨਾਂ ਸ਼ੱਕ ਰਾਸ਼ਟਰੀ ਸੋਇਮ ਸੇਵਕ ਸੰਘ ਅੱਜ ਦੇਸ਼ ਵਿਚ ਇਕ ਵੱਡੀ ਸ਼ਕਤੀ ਬਣ ਕੇ ਉਭਰਿਆ ਹੈ ਪਰ ਇਸ ਸੰਗਠਨ ਦਾ ਦੇਸ਼ ਦੀ ਸੁਤੰਤਰਤਾ ਦੇ ਸੰਘਰਸ਼ ਵਿਚ ਕੀ ਹਿੱਸਾ ਹੈ, ਇਹ ਹਰ ਕੋਈ ਜਾਣਦਾ ਹੈ। ਇਸ ਦੇ ਮੁਕਾਬਲੇ ਮਹਾਤਮਾ ਗਾਂਧੀ ਦੀ ਅਗਵਾਈ ਵਿਚ ਕਾਂਗਰਸ ਨੇ ਇਸ ਸੰਘਰਸ਼ ਵਿਚ ਆਪਣਾ ਕਿੰਨਾ ਯੋਗਦਾਨ ਪਾਇਆ, ਇਹ ਗੱਲ ਵੀ ਕਿਸੇ ਤੋਂ ਲੁਕੀ-ਛਿਪੀ ਨਹੀਂ।
ਅਸੀਂ ਇਹ ਸਮਝਦੇ ਹਾਂ ਕਿ ਅੱਜ ਦੇਸ਼ ਨੂੰ ਕਿਸੇ ਵੀ ਤਰ੍ਹਾਂ ਦੀਆਂ ਫਿਰਕੂ ਲੀਹਾਂ 'ਤੇ ਤੋਰਨ ਦਾ ਯਤਨ ਵੱਡਾ ਨੁਕਸਾਨਦੇਹ ਸਾਬਿਤ ਹੋ ਸਕਦਾ ਹੈ। ਜੇਕਰ ਦੇਸ਼ ਨੇ ਹਰ ਖੇਤਰ ਵਿਚ ਤਰੱਕੀ ਕਰਨੀ ਹੈ ਅਤੇ ਅੱਗੇ ਵਧਣਾ ਹੈ ਤਾਂ ਇਸ ਲਈ ਲੋਕਤੰਤਰੀ ਕਦਰਾਂ-ਕੀਮਤਾਂ ਨੂੰ ਮਜ਼ਬੂਤ ਕਰ ਕੇ ਹੀ ਅੱਗੇ ਵਧਿਆ ਜਾ ਸਕਦਾ ਹੈ। ਅੱਜ ਦੇ ਹੁਕਮਰਾਨਾਂ ਅਤੇ ਸਿਆਸੀ ਪਾਰਟੀਆਂ ਤੋਂ ਅਸੀਂ ਵੱਖ-ਵੱਖ ਭਾਈਚਾਰਿਆਂ ਦਰਮਿਆਨ ਸਾਂਝ ਨੂੰ ਮਜ਼ਬੂਤ ਕਰਨ ਦੀ ਹੀ ਆਸ ਰੱਖਦੇ ਹਾਂ। ਅਜਿਹੀ ਧਾਰਨਾ ਹੀ ਇਕ ਬਿਹਤਰ ਸਮਾਜ ਨੂੰ ਜਨਮ ਦੇ ਸਕਦੀ ਹੈ।
-ਬਰਜਿੰਦਰ ਸਿੰਘ ਹਮਦਰਦ