19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਪਿਆਰੇ ਪੰਛੀ

ਅਜੀਤ ਡੈਸਕ 06-12-2025

* ਮਲਕੀਤ ਸਿੰਘ ਗਿੱਲ (ਭੱਠਲਾਂ) *

ਲਗਦੇ ਬੜੇ ਨੇ ਪਿਆਰੇ ਪੰਛੀ।
ਸੋਹਣੇ ਬਹੁਤ ਨੇ ਸਾਰੇ ਪੰਛੀ।
ਉੱਚੀ ਜਦੋਂ ਇਹ ਲਾਉਣ ਉਡਾਰੀ
ਛੂਹ ਆਉਂਦੇ ਨੇ ਤਾਰੇ ਪੰਛੀ।

ਮੋਰ ਜਦੋਂ ਨੇ ਪੈਲਾਂ ਪਾਉਂਦੇ,
ਬਾਗ਼ਾਂ ਵਿਚ ਬਹਾਰਾਂ ਆਵਣ,
ਕੋਇਲਾਂ ਗਾਉਂਦੀਆਂ ਗੀਤ ਨੇ ਮਿੱਠੇ,
ਕਦੇ ਨਾ ਹਿੰਮਤ ਹਾਰੇ ਪੰਛੀ।

ਹਰੇ ਰੰਗਾਂ ਵਿਚ ਫਬਦੇ ਤੋਤੇ,
ਘੁੱਗੀਆਂ ਦੇ ਨੇ ਰੰਗ ਸਲੇਟੀ,
ਵੱਖੋ-ਵੱਖਰੇ ਰੰਗਾਂ ਦੇ ਨਾਲ,
ਰੱਬ ਨੇ ਆਪ ਸ਼ਿੰਗਾਰੇ ਪੰਛੀ।

ਚਹਿ-ਚਹਾਉਂਦੀਆਂ ਚਿੜੀਆਂ ਨੇ,
ਨਿੰਮ ਸਾਡੇ ਦੀਆਂ ਟਹਿਣੀਆਂ ਉਤੇ,
ਨਾਲ ਗਟਾਰਾਂ ਮਿਲ ਕੇ ਗਾਵਣ
ਕੱਢਣ ਬੋਲ ਨਿਆਰੇ ਪੰਛੀ।

ਤਿੱਤਰ ਅਤੇ ਬਟੇਰੇ ਸੋਹਣੇ,
ਪਾਣੀ ਵਿਚ ਤਰਦੀ ਮੁਰਗਾਬੀ,
ਕਬੂਤਰ ਅੱਬਰੀਂ ਪਾਉਣ ਬਾਜ਼ੀਆਂ,
ਉਡਣ ਖੰਭਣ ਸਹਾਰੇ ਪੰਛੀ।

ਕਾਵਾਂ, ਕਾਵਾਂ, ਰੌਲੀ ਪਾਈ
ਭੇਜੋ ਸਾਡੇ ਹੱਥ ਸੁਨੇਹੇ,
ਚੂਰੀ ਨਾ ਕੋਈ ਕੁੱਟ ਕੇ ਪਾਵੇ,
ਭੁੱਖੇ ਰਹਿਣ ਵਿਚਾਰੇ ਪੰਛੀ।

ਵਾਤਾਵਰਨ ਪ੍ਰਦੂਸ਼ਤ ਹੋ ਗਿਆ,
ਪਤਾ ਨਹੀਂ ਹੁਣ ਕਿਧਰ ਉੱਡ ਗਏ,
'ਗਿੱਲ ਮਲਕੀਤ' ਆਲ੍ਹਣਿਆਂ ਵਿਚ,
ਆਉਣਗੇ ਕਦੋਂ ਦੁਬਾਰੇ ਪੰਛੀ।

-ਸੰਪਰਕ : 79865-28225

ਪਿਛਲੀ ਖ਼ਬਰ ਨੰਨ੍ਹੀ ਪਰੀ ਅਗਲੀ ਖ਼ਬਰ ਆਓ ਕੁਝ ਜਾਣੀਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।