ਸਰਦੀਆਂ ਦੀ ਸ਼ੁਰੂਆਤ ਹੋ ਚੁੱਕੀ ਹੈ। ਹੁਣ ਗਰਮੀਆਂ 'ਚ ਚੰਗੀ ਤਰ੍ਹਾਂ ਫਲਦੇ-ਫੁਲਦੇ ਬੂਟਿਆਂ ਨੂੰ ਹਟਾਉਣ ਦਾ ਸਮਾਂ ਹੈ ਕਿਉਂਕਿ ਉਨ੍ਹਾਂ ਦੀ ਥਾਂ ਸਰਦੀਆਂ ਦੇ ਮੌਸਮ ਅਨੁਸਾਰੀ ਨਵੇਂ ਬੂਟਿਆਂ ਨੂੰ ਲਗਾਉਣ ਦਾ ਸਮਾਂ ਹੈ। ਹਾਲਾਂਕਿ ਇਨ੍ਹਾਂ ਨੂੰ ਲਗਾਉਣ ਦੀ ਸ਼ੁਰੂਆਤ ਅਕਤੂਬਰ, ਨਵੰਬਰ ਵਿਚ ਹੀ ਕਰ ਦੇਣੀ ਚਾਹੀਦੀ ਸੀ, ਜੇਕਰ ਤੁਸੀਂ ਅਜਿਹਾ ਨਹੀਂ ਕਰ ਸਕੇ ਤਾਂ ਵੀ ਸਮਾਂ ਹੈ ਤੁਸੀਂ ਉਨ੍ਹਾਂ ਨੂੰ ਜਿੰਨਾ ਛੇਤੀ ਲਗਾ ਲਓ ਤਾਂ ਕਿ ਉਹ ਛੇਤੀ ਜੜ੍ਹ ਫੜ ਸਕਣ।
ਕੰਟੇਨਰਾਂ ਦਾ ਕਰੋ ਮੇਕਓਵਰ : ਜੇਕਰ ਤੁਸੀਂ ਸਰਦੀਆਂ ਲਈ ਆਪਣੇ ਕੰਟੇਨਰਾਂ ਨੂੰ ਤਿਆਰ ਕਰਨਾ ਚਾਹੁੰਦੇ ਹੋ ਤਾਂ ਉਨ੍ਹਾਂ ਨੂੰ ਧੋ ਕੇ ਠੰਢੀ ਤੇ ਸੁੱਕੀ ਥਾਂ 'ਤੇ ਰੱਖ ਕੇ ਥੋੜ੍ਹਾ ਸੁਕਾ ਕੇ ਉਨ੍ਹਾਂ ਵਿਚ ਮਿੱਟੀ ਭਰ ਕੇ ਇਸ ਤਰ੍ਹਾਂ ਦੇ ਬੂਟੇ ਲਗਾ ਲਓ, ਜੋ ਸਰਦੀਆਂ ਦੇ ਅਨੁਸਾਰ ਹੋਣ। ਬਸੰਤ ਵਿਚ ਖਿੜਣ ਵਾਲੇ ਬਲੱਬ ਲਗਾਉਣਾ ਨਾ ਭੁੱਲੋ। ਜੇਕਰ ਗਮਲੇ ਛੋਟੇ ਹਨ ਤਾਂ ਉਨ੍ਹਾਂ ਵਿਚ ਸੰਤੁਲਨ ਲਿਆਉਣ ਲਈ ਡੈਫੋਡਿਨ ਦੀਆਂ ਬੌਣੀਆਂ ਕਿਸਮਾਂ ਲਗਾਓ, ਜੋ ਬੂਟੇ ਇਨ੍ਹੀਂ ਦਿਨੀਂ ਹਾਈਬਰਨੇਸ਼ਨ ਵਿਚ ਚਲੇ ਜਾਂਦੇ ਹਨ, ਉਨ੍ਹਾਂ ਦੀ ਕਟਿੰਗ ਨੂੰ ਸੰਭਾਲ ਕੇ ਰੱਖ ਲਓ ਜਾਂ ਉਨ੍ਹਾਂ ਨੂੰ ਉਨ੍ਹਾਂ ਦੇ ਗਮਲਿਆਂ ਸਮੇਤ ਗਰਮ ਥਾਂ 'ਤੇ ਰੱਖੋ ਤਾਂ ਕਿ ਠੰਢ ਤੋਂ ਉਨ੍ਹਾਂ ਨੂੰ ਬਚਾਇਆ ਜਾ ਸਕੇ।
ਮਜ਼ਬੂਤ ਝਾੜੀਆਂ ਦੀ ਕਰੋ ਛੰਟਾਈ : ਜਿਨ੍ਹਾਂ ਬੂਟਿਆਂ ਦੀਆਂ ਜੜ੍ਹਾਂ ਜ਼ਿਆਦਾ ਵਿਸਤਾਰ ਕਰ ਚੁੱਕੀਆਂ ਹਨ, ਉਨ੍ਹਾਂ ਦੀਆਂ ਜੜ੍ਹਾਂ ਨੂੰ ਛੋਟਾ ਕਰਕੇ ਉਨ੍ਹਾਂ ਨੂੰ ਕੰਟੇਨਰਾਂ ਵਿਚ ਦੁਬਾਰਾ ਲਗਾਓ। ਮਜ਼ਬੂਤ ਝਾੜੀਆਂ ਨੂੰ ਹਵਾ ਤੋਂ ਹੋਣ ਵਾਲੇ ਨੁਕਸਾਨ ਤੋਂ ਬਚਾਉਣ ਲਈ ਉਨ੍ਹਾਂ ਦੀ ਛੰਟਾਈ ਕਰੋ। ਗੁਲਾਬ ਦੇ ਬੂਟਿਆਂ ਦੀ ਵੀ ਛੰਟਾਈ ਕਰ ਸਕਦੇ ਹੋ ਤਾਂ ਕਿ ਆਉਣ ਵਾਲੇ ਦਿਨਾਂ ਵਿਚ ਤੇਜ਼ ਹਵਾਵਾਂ ਨਾਲ ਉਨ੍ਹਾਂ ਦੇ ਤਣਿਆਂ ਨੂੰ ਕੋਈ ਨੁਕਸਾਨ ਨਾ ਪਹੁੰਚੇ। ਪੁਰਾਣੇ ਬਾਰਾਮਾਹ ਬੂਟੇ, ਜਿਨ੍ਹਾਂ ਦਾ ਫੈਲਾਅ ਜ਼ਿਆਦਾ ਹੈ, ਉਨ੍ਹਾਂ ਨੂੰ ਵੱਖ-ਵੱਖ ਕੰਟੇਨਰਾਂ ਵਿਚ ਵੱਖ-ਵੱਖ ਕਰਕੇ ਲਗਾ ਸਕਦੇ ਹੋ। ਮਿੱਟੀ ਨੂੰ ਭਰਪੂਰ ਮਾਤਰਾ ਵਿਚ ਖਾਦ ਪਾ ਕੇ ਤਿਆਰ ਕਰੋ ਤਾਂ ਕਿ ਉਨ੍ਹਾਂ ਨੂੰ ਵਧਣ ਲਈ ਜ਼ਿਆਦਾ ਥਾਂ ਮਿਲ ਸਕੇ। ਵੱਡੇ ਬੂਟਿਆਂ ਦੀ ਛੰਟਾਈ ਕਰਕੇ ਉਨ੍ਹਾਂ ਨੂੰ ਅੱਧੀ ਉੱਚਾਈ ਤੱਕ ਕੱਟ ਕੇ ਉਨ੍ਹਾਂ ਨੂੰ ਹੋਰ ਵੀ ਸੁੰਦਰ ਬਣਾ ਸਕਦੇ ਹੋ।
ਕਿਆਰੀਆਂ ਦੀ ਕਰੋ ਸਫ਼ਾਈ : ਜੇਕਰ ਤੁਸੀਂ ਜ਼ਮੀਨ ਵਿਚ ਬੂਟੇ ਲਗਾਏ ਹਨ ਤਾਂ ਜ਼ਿਆਦਾ ਠੰਢ ਦੇ ਦਿਨਾਂ ਵਿਚ ਗਾਰਡਨਿੰਗ ਵਿਚ ਸਮਾਂ ਦੇਣ ਵਿਚ ਪ੍ਰੇਸ਼ਾਨੀ ਹੋਵੇਗੀ, ਇਸ ਲਈ ਮੌਸਮ ਜ਼ਿਆਦਾ ਠੰਢਾ ਹੋਣ ਤੋਂ ਪਹਿਲਾਂ ਘਾਹ-ਫੂਸ ਕੱਢਣ ਦਾ ਕੰਮ ਹੁਣੇ ਤੋਂ ਕਰ ਲਓ ਤਾਂ ਕਿ ਆਉਣ ਵਾਲੇ ਦਿਨਾਂ 'ਚ ਤੁਹਾਡੇ ਬੂਟਿਆਂ ਨੂੰ ਸਹੀ ਪੋਸ਼ਣ ਮਿਲ ਸਕੇ। ਸੁੱਕੇ ਫੁੱਲਾਂ ਦੇ ਤਣਿਆਂ ਨੂੰ ਕੱਟ ਦਿਉ ਅਤੇ ਜਿਨ੍ਹਾਂ ਬੂਟਿਆਂ ਵਿਚ ਬੀਜ ਨਿਕਲੇ ਹਨ, ਉਨ੍ਹਾਂ ਦੇ ਕੁਝ ਬੀਜ ਮਿੱਟੀ ਵਿਚ ਛੱਡ ਦਿਉ ਤਾਂ ਕਿ ਅਗਲੇ ਸਾਲ ਲਈ ਨਵੇਂ ਬੂਟੇ ਤਿਆਰ ਹੋ ਸਕਣ।
ਸਬਜ਼ੀਆਂ ਦੀ ਸੁਰੱਖਿਆ : ਜੇਕਰ ਤੁਸੀਂ ਕੰਟੇਨਰ ਵਿਚ ਜਾਂ ਕਿਆਰੀਆਂ 'ਚ ਗਾਜਰ, ਆਲੂ, ਬ੍ਰੋਕਲੀ, ਫੁੱਲ ਗੋਭੀ, ਸਲਾਦ ਪੱਤਾ ਵਰਗੀਆਂ ਸਬਜ਼ੀਆਂ ਉਗਾਈਆਂ ਹਨ ਤਾਂ ਆਉਣ ਵਾਲੇ ਦਿਨਾਂ ਵਿਚ ਜਦੋਂ ਠੰਢ ਜ਼ਿਆਦਾ ਹੋਵੇਗੀ ਤਾਂ ਉਨ੍ਹਾਂ ਦੇ ਖਰਾਬ ਹੋਣ ਦਾ ਖ਼ਤਰਾ ਰਹਿੰਦਾ ਹੈ। ਗਰਮੀ ਦੀਆਂ ਸਬਜ਼ੀਆਂ ਜਿਨ੍ਹਾਂ ਦੀਆਂ ਵੇਲਾਂ ਸੁੱਕ ਜਾਂਦੀਆਂ ਹਨ, ਜਿਵੇਂ ਫ੍ਰੈਂਚ ਅਤੇ ਰਨਰ ਬੀਨਸ ਤਾਂ ਉਨ੍ਹਾਂ ਉੱਪਰ ਤੋਂ ਕੱਟ ਕੇ ਉਨ੍ਹਾਂ ਦੀਆਂ ਜੜ੍ਹਾਂ ਨੂੰ ਉਥੇ ਛੱਡ ਦੇਣਾ ਚਾਹੀਦਾ ਹੈ, ਜਿਸ ਨਾਲ ਮਿੱਟੀ ਨੂੰ ਉਨ੍ਹਾਂ ਦੀ ਖਾਦ ਮਿਲਦੀ ਰਹੇ। ਗਾਜਰ ਅਤੇ ਚੁਕੰਦਰ ਨੂੰ ਜੇਕਰ ਜ਼ਰੂਰਤ ਨਾ ਹੋਵੇ ਤਾਂ ਜ਼ਮੀਨ ਵਿਚ ਹੀ ਰਹਿਣ ਦਿੱਤਾ ਜਾ ਸਕਦਾ ਹੈ। ਪਰ ਹਾਂ, ਜ਼ਮੀਨ ਸੁੱਕੀ ਹੋਣੀ ਚਾਹੀਦੀ ਹੈ ਕਿਉਂਕਿ ਗਿੱਲੀ ਜ਼ਮੀਨ ਤੋਂ ਜ਼ਿਆਦਾ ਨਮੀ ਨਾਲ ਜੜ੍ਹ ਵਾਲੀਆਂ ਸਬਜ਼ੀਆਂ ਸੜਨ ਲੱਗਦੀਆਂ ਹਨ। ਉਨ੍ਹਾਂ ਨੂੰ ਗੁੱਡ ਕੇ ਕੱਢ ਕੇ ਸੁਰੱਖਿਅਤ ਕਰ ਲਉ। ਟਮਾਟਰ, ਬੈਂਗਣ ਤੇ ਤੋਰੀ ਦੇ ਸੁੱਕੇ ਬੂਟਿਆਂ ਨੂੰ ਕੱਟ ਕੇ ਉਨ੍ਹਾਂ ਨੂੰ ਖਾਦ ਦੇ ਢੇਰ 'ਤੇ ਪਾ ਦਿਉ ਤਾਂ ਕਿ ਅਗਲੇ ਸੀਜ਼ਨ ਲਈ ਕਿਆਰੀ ਨੂੰ ਤਿਆਰ ਕੀਤਾ ਜਾ ਸਕੇ। ਸਬਜ਼ੀਆਂ ਦੀਆਂ ਕਿਆਰੀਆਂ ਨੂੰ ਸਾਫ਼ ਕਰਕੇ ਉਨ੍ਹਾਂ ਵਿਚ ਥੋੜ੍ਹੀ ਖਾਦ ਜਾਂ ਸੜੀ ਹੋਈ ਗੋਹੇ ਦੀ ਖਾਦ ਪਾ ਕੇ ਰੱਖੋ। ਹੁਣ ਸਮਾਂ ਹੈ ਲਸਣ ਅਤੇ ਪਿਆਜ਼ ਦੇ ਬੂਟਿਆਂ ਨੂੰ ਲਗਾਉਣ ਦਾ ਇਨ੍ਹਾਂ ਨੂੰ ਬੀਜਿਆ ਜਾ ਸਕਦਾ ਹੈ।
ਇਸ ਮੌਸਮ ਵਿਚ ਕਰ ਲਓ ਬੂਟਿਆਂ ਦੀ ਕਾਂਟ-ਛਾਂਟ
ਅਜੀਤ ਡੈਸਕ
04-12-2025