14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-12-2025

ਐੱਸ.ਕੇ.ਐੱਮ. ਦੇ ਸੱਦੇ ਤਹਿਤ ਵੱਖ-ਵੱਖ ਜਥੇਬੰਦੀਆਂ ਵਲੋਂ ਬਿਜਲੀ ਸੋਧ ਬਿੱਲ 2025 ਦੀਆਂ ਕਾਪੀਆਂ ਸਾੜੀਆਂ <br/>

ਬਰਨਾਲਾ ਵਿਖੇ ਰੋਸ ਧਰਨੇ ਦੌਰਾਨ ਸੰਬੋਧਨ ਕਰਦੇ ਹੋਏ ਆਗੂ | ਅਜੀਤ ਤਸਵੀਰ <br/> 09-12-2025
ਬਰਨਾਲਾ, 8 ਦਸੰਬਰ (ਅਸ਼ੋਕ ਭਾਰਤੀ)-ਐੱਸ.ਕੇ.ਐੱਮ ਦੇ ਸੱਦੇ ਨੂੰ ਕਿਸਾਨਾਂ ਅਤੇ ਮੁਲਾਜ਼ਮਾਂ/ਪੈਨਸ਼ਨਰਜ਼ ਵਲੋਂ ਲਾਮਿਸਾਲ ਹੁੰਗਾਰਾ ਦਿੰਦਿਆਂ ਪਾਵਰਕਾਮ ਦਫ਼ਤਰਾਂ ਅੱਗੇ ਧਰਨਿਆਂ ਦੀ ਕੜੀ ਵਜੋਂ ਮੁੱਖ ਦਫ਼ਤਰ ਧਨੌਲਾ ਰੋਡ ਬਰਨਾਲਾ ਵਿਖੇ ਵਿਸ਼ਾਲ ਧਰਨਾ ਦਿੱਤਾ ਗਿਆ | ਧਰਨੇ ਨੂੰ ਸੰਬੋਧਨ ਕਰਦਿਆਂ ਆਗੂਆਂ ਬੁੱਕਣ ਸਿੰਘ ਸੱਦੋਵਾਲ, ਬਾਬੂ ਸਿੰਘ ਖੁੱਡੀ ਕਲਾਂ, ਮਨਜੀਤ ਰਾਜ, ਸੁਖਜੰਟ ਸਿੰਘ, ਗੁਰਚਰਨ ਸਿੰਘ ਬਰਨਾਲਾ, ਗੁਰਲਾਭ ਸਿੰਘ, ਨਰਾਇਣ ਦੱਤ ਨੇ ਬਿਜਲੀ ਸੋਧ ਬਿਲ-2025 ਦੀ ਵਿਸਥਾਰ ਵਿਚ ਵਿਆਖਿਆ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਸਾਮਰਾਜੀ ਦਿਸ਼ਾ ਨਿਰਦੇਸ਼ਨਾ ਹੇਠਾਂ ਬਿਜਲੀ ਸੋਧ ਬਿਲ-2025 ਅਤੇ ਸੀਡ ਬਿਲ ਲਿਆ ਕੇ ਕਾਰਪੋਰੇਟਰਾਂ ਦੇ ਮੁਨਾਫ਼ਿਆਂ ਨੂੰ ਜਰਬਾਂ ਦੇਣ ਲਈ ਲੋਕ ਵਿਰੋਧੀ ਫ਼ੈਸਲੇ ਕੀਤੇ ਜਾ ਰਹੇ ਹਨ | ਐੱਸ.ਕੇ.ਐੱਮ ਵਲੋਂ ਉਲੀਕੇ ਗਏ ਸੰਘਰਸ਼ ਸੱਦੇ ਤਹਿਤ ਸਮੁੱਚੇ ਪੰਜਾਬ ਵਿਚ ਪਾਵਰਕਾਮ ਦੀਆਂ ਡਵੀਜ਼ਨਾਂ ਵਿਚ ਬਿਜਲੀ ਕਾਮਿਆਂ, ਪੈਨਸ਼ਨਰਾਂ ਅਤੇ ਮਜ਼ਦੂਰਾਂ ਵਲੋਂ ਸਾਂਝੇ ਤੌਰ 'ਤੇ ਇਨ੍ਹਾਂ ਬਿਲਾਂ ਦੀਆਂ ਕਾਪੀਆਂ ਸਾੜਨ ਲਈ ਜ਼ਿਲ੍ਹਾ ਬਰਨਾਲਾ ਅਧੀਨ ਪਾਵਰਕਾਮ ਦੇ ਦਫ਼ਤਰਾਂ ਬਰਨਾਲਾ, ਮਹਿਲ ਕਲਾਂ, ਭਦੌੜ, ਤਪਾ ਅਤੇ ਧਨੌਲਾ ਅੱਗੇ ਬਿਜਲੀ ਸੋਧ ਬਿਲ-2025 ਅਤੇ ਬੀਜ ਸੋਧ ਬਿਲ ਦੀਆਂ ਕਾਪੀਆਂ ਸਾੜੀਆਂ ਗਈਆਂ | ਆਗੂਆਂ ਕਿਹਾ ਕਿ ਪੰਜਾਬ ਦੀਆਂ ਪੇਂਡੂ ਤੇ ਖੇਤ ਮਜ਼ਦੂਰ ਯੂਨੀਅਨਾਂ, ਸੰਯੁਕਤ ਕਿਸਾਨ ਮੋਰਚਾ, ਪਾਵਰਕਾਮ ਦੀਆਂ ਮੁਲਾਜ਼ਮ ਅਤੇ ਪੈਨਸ਼ਨਰਜ਼ ਜਥੇਬੰਦੀਆਂ ਵਲੋਂ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਹੋਇਆ ਸੀ | ਕਿਉਂਕਿ ਇਨ੍ਹਾਂ ਬਿਲਾਂ ਦੇ ਕਾਨੂੰਨ ਬਣਨ ਨਾਲ ਕਿਸਾਨਾਂ-ਮਜਦੂਰਾਂ ਨੂੰ ਮਿਲਦੀਆਂ ਸਬਸਿਡੀਆਂ ਬੰਦ ਹੋਣ, ਬਿਜਲੀ ਕਾਮਿਆਂ ਦੀਆਂ ਨੌਕਰੀਆਂ ਖੁੱਸ ਜਾਣ, ਪੈਨਸ਼ਨਰਜ਼ ਦੀਆਂ ਪੈਨਸ਼ਨਾਂ ਬੰਦ ਹੋਣ ਵਰਗੇ ਹਾਲਾਤ ਪੈਦਾ ਹੋ ਜਾਣਗੇ | ਕਿਸਾਨਾਂ-ਮਜ਼ਦੂਰਾਂ ਨੂੰ ਮਿਲਦੀਆਂ ਸਬ ਸਿਡੀਆਂ ਖ਼ਤਮ ਹੋਣ ਨਾਲ ਉਨ੍ਹਾਂ ਦੀ ਆਰਥਿਕ ਹਾਲਤ ਹੋਰ ਤਰਸਯੋਗ ਹੋ ਜਾਵੇਗੀ | ਪ੍ਰਾਈਵੇਟ ਕਾਰਪੋਰੇਟ ਘਰਾਣੇ ਪਾਵਰਕਾਮ ਦੇ ਸੰਦ ਸਾਧਨਾਂ ਨੂੰ ਵਰਤ ਕੇ ਮਹਿੰਗੇ ਭਾਅ ਬਿਜਲੀ ਵੇਚਣਗੇ | ਨਿੱਜੀ ਕਰਨ, ਉਦਾਰੀਕਰਨ, ਸੰਸਾਰੀਕਰਨ ਦੀ ਨੀਤੀ ਤਹਿਤ ਹੀ ਘਰੇਲੂ ਖਪਤਕਾਰਾਂ ਦੇ ਘਰਾਂ ਵਿਚ ਚਿੱਪ ਵਾਲੇ ਮੀਟਰ ਦੀ ਸਕੀਮ ਲਾਗੂ ਕਰਨ ਦੇ ਯਤਨ ਕੀਤੇ ਜਾ ਰਹੇ ਹਨ | ਆਗੂਆਂ ਪਾਵਰਕਾਮ ਦੀਆਂ ਇਨ੍ਹਾਂ ਲੋਕ ਵਿਰੋਧੀ ਨੀਤੀ ਨੂੰ ਕਦਾਚਿੱਤ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ ਭਾਵੇਂ ਕਿੰਨੀਆਂ ਵੀ ਕੁਰਬਾਨੀਆਂ ਕਿਉਂ ਨਾ ਦੇਣੀਆਂ ਪੈਣ | ਇਸ ਮੌਕੇ ਕਮਲਜੀਤ ਕੌਰ, ਜਗਤਾਰ ਸਿੰਘ, ਗੁਰਮੇਲ ਸਿੰਘ ਜਵੰਦਾ, ਗੁਰਮੇਲ ਸਿੰਘ ਖੁੱਡੀ ਕਲਾਂ, ਰਾਮ ਸਿੰਘ, ਪਰਮਜੀਤ ਸਿੰਘ, ਰਜਿੰਦਰ ਸਿੰਘ ਦਰਾਕਾ, ਸਤਨਾਮ ਸਿੰਘ ਬਰਨਾਲਾ, ਜਸਵੰਤ ਕੌਰ,ਮਜ਼ਦੂਰ ਆਗੂ ਖੁਸ਼ੀਆ ਸਿੰਘ, ਭਾਨ ਸਿੰਘ ਜੱਸੀ, ਨਾਨਕ ਸਿੰਘ ਅਮਲਾ ਸਿੰਘ ਵਾਲਾ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਯਾਦਗਾਰੀ ਹੋ ਨਿੱਬੜਿਆ ਸੀ.ਐੱਮ.ਐੱਸ. ਗੁਰੂ ਕਾਸ਼ੀ ਸਕੂਲ ਦਾ ਸਾਲਾਨਾ ਇਨਾਮ ਵੰਡ ਅਤੇ ਸੱਭਿਆਚਾਰਕ ਸਮਾਗਮ <br/> ਅਗਲੀ ਖ਼ਬਰ ਅਕਾਲੀ ਆਗੂ ਚਮਕੌਰ ਸਿੰਘ ਸਿੱਧੂ ਨਾਲ ਦੁੱਖ ਦਾ ਪ੍ਰਗਟਾਵਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।