ਤਪਾ ਮੰਡੀ, 4 ਦਸੰਬਰ (ਪ੍ਰਵੀਨ ਗਰਗ)-ਪੰਜਾਬ ਅੰਦਰ ਹੋਣ ਜਾ ਰਹੀਆਂ ਜ਼ਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਨੂੰ ਲੈ ਕੇ ਜਿੱਥੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਉਮੀਦਵਾਰਾਂ ਵਲੋਂ ਪੰਚਾਇਤ ਸੰਮਤੀ ਚੋਣਾਂ ਨੂੰ ਲੈ ਕੇ ਨਾਮਜ਼ਦਗੀਆਂ ਦਾ ਸਿਲਸਿਲਾ ਨਿਰਵਿਘਨ ਜਾਰੀ ਰਿਹਾ, ਉੱਥੇ ਅੱਜ ਡਿਪਟੀ ਕਮਿਸ਼ਨਰ ਬਰਨਾਲਾ ਟੀ. ਬੈਨਿਥ ਅਤੇ ਜ਼ਿਲਾ ਪੁਲਿਸ ਮੁਖੀ ਬਰਨਾਲਾ ਮੁਹੰਮਦ ਸਰਫ਼ਰਾਜ਼ ਆਲਮ ਵਲੋਂ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ | ਇਸ ਮੌਕੇ ਉਨਾਂ ਨਾਲ ਐੱਸ.ਪੀ (ਡੀ) ਅਸ਼ੋਕ ਸ਼ਰਮਾ ਅਤੇ ਡੀ.ਐੱਸ.ਪੀ ਤਪਾ ਗੁਰਪ੍ਰੀਤ ਸਿੰਘ ਸਿੱਧੂ ਵਿਸ਼ੇਸ਼ ਤੌਰ 'ਤੇ ਮੌਜੂਦ ਸਨ | ਪੱਤਰਕਾਰਾਂ ਦੇ ਰੂਬਰੂ ਹੁੰਦਿਆਂ ਡਿਪਟੀ ਕਮਿਸ਼ਨਰ ਬਰਨਾਲਾ ਟੀ. ਬੇਨਿਥ, ਜ਼ਿਲਾ ਪੁਲਿਸ ਮੁਖੀ ਬਰਨਾਲਾ ਮੁਹੰਮਦ ਸਰਫ਼ਰਾਜ਼ ਆਲਮ ਅਤੇ ਉਪ ਮੰਡਲ ਮੈਜਿਸਟਰੇਟ-ਕਮ-ਚੋਣ ਅਧਿਕਾਰੀ ਆਯੂਸ਼ ਗੋਇਲ ਨੇ ਸਾਂਝੇ ਤੌਰ 'ਤੇ ਦੱਸਿਆ ਕਿ ਚੋਣਾਂ ਨੂੰ ਅਮਨ, ਅਮਾਨ ਅਤੇ ਨਿਰਪੱਖ ਢੰਗ ਨਾਲ ਕਰਵਾਉਣ ਲਈ ਸਾਰੇ ਪ੍ਰਬੰਧ ਪੂਰੇ ਕਰ ਲਏ ਗਏ ਹਨ | ਉਨਾਂ ਦੱਸਿਆ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੇ ਮੁਤਾਬਕ ਸੁਰੱਖਿਆ ਪ੍ਰਬੰਧਾਂ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਵੇਗਾ ਅਤੇ ਕਿਸੇ ਵੀ ਤਰਾਂ ਦੀ ਗ਼ਲਤ ਹਰਕਤ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਡਿਪਟੀ ਕਮਿਸ਼ਨਰ ਨੇ ਇਹ ਵੀ ਕਿਹਾ ਕਿ ਹਲਕੇ 'ਚ 25 ਜ਼ੋਨ ਅਤੇ 158 ਬੂਥ ਬਣਾਏ ਗਏ ਹਨ | ਚੋਣਾਂ ਦੌਰਾਨ ਸਾਰੇ ਸ਼ਰਾਰਤੀ ਅਨਸਰਾਂ ਤੇ ਕੜੀ ਨਿਗਰਾਨੀ ਰੱਖਣ ਲਈ ਪੁਲਿਸ ਅਤੇ ਪ੍ਰਸ਼ਾਸਨ ਨੂੰ ਕਈ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ | ਇਸ ਮੌਕੇ ਐੱਸ.ਐੱਸ.ਪੀ ਮੁਹੰਮਦ ਸਰਫ਼ਰਾਜ਼ ਆਲਮ ਨੇ ਕਿਹਾ ਕਿ ਰਾਜ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੇ ਅਨੁਸਾਰ ਇਨਾਂ ਚੋਣਾਂ ਨੂੰ ਪੂਰੀ ਤਰਾਂ ਅਮਨ ਅਤੇ ਨਿਰਪੱਖ ਤਰੀਕੇ ਨਾਲ ਕਰਵਾਉਣ ਲਈ ਸਾਰੇ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ | ਉਨਾਂ ਕਿਹਾ ਕਿ ਉਹ ਪੇਸ਼ੇਵਰਾਨਾ ਤਰੀਕੇ ਨਾਲ ਚੋਣਾਂ ਦੌਰਾਨ ਸੁਰੱਖਿਆ ਪ੍ਰਬੰਧਾਂ ਦੀ ਪੂਰੀ ਯਕੀਨੀਕਰਨ ਕਰਵਾਉਣ ਅਤੇ ਨਾਲ ਹੀ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬਿਨਾਂ ਕਿਸੇ ਡਰ, ਭੈਅ ਜਾਂ ਦਬਾਅ ਦੇ ਆਪਣੇ ਮਤਦਾਨ ਦਾ ਇਸਤੇਮਾਲ ਕਰਨ | ਇਸ ਮੌਕੇ ਤਹਿਸੀਲਦਾਰ ਓਾਕਾਰ ਸਿੰਘ, ਥਾਣਾ ਮੁਖੀ ਤਪਾ ਸ਼ਰੀਫ਼ ਖ਼ਾਨ, ਥਾਣਾ ਮੁਖੀ ਗੁਰਬਿੰਦਰ ਸਿੰਘ ਰੂੜੇਕੇ ਕਲਾਂ, ਥਾਣਾ ਮੁਖੀ ਗੁਰਮੰਦਰ ਸਿੰਘ ਸ਼ਹਿਣਾ, ਸਿਟੀ ਇੰਚਾਰਜ ਕਰਮਜੀਤ ਸਿੰਘ, ਸਹਾਇਕ ਥਾਣੇਦਾਰ ਬਲਜੀਤ ਸਿੰਘ, ਸਹਾਇਕ ਥਾਣੇਦਾਰ ਰਣਜੀਤ ਸਿੰਘ, ਸਹਾਇਕ ਥਾਣੇਦਾਰ ਹਰਵਿੰਦਰ ਪਾਲ ਸਿੰਘ ਆਦਿ ਵੱਡੀ ਗਿਣਤੀ 'ਚ ਪੁਲਿਸ ਮੁਲਾਜ਼ਮ ਮੌਜੂਦ ਸਨ |