ਟੱਲੇਵਾਲ, 25 ਨਵੰਬਰ (ਸੋਨੀ ਚੀਮਾ)-ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਜ਼ਿਲ੍ਹਾ ਪੱਧਰੀ ਭਾਸ਼ਣ ਮੁਕਾਬਲੇ ਡਾਈਟ ਚੀਮਾ-ਜੋਧਪੁਰ ਵਿਚ ਜ਼ਿਲ੍ਹਾ ਨੋਡਲ ਅਫ਼ਸਰ ਪਿ੍ੰਸੀਪਲ ਰਜਿੰਦਰ ਪਾਲ ਸਿੰਘ ਅਤੇ ਪਿ੍ੰਸੀਪਲ ਅਨਿਲ ਮੋਦੀ ਦੀ ਅਗਵਾਈ ਵਿਚ ਕਰਵਾਏ ਗਏ | ਮੁਕਾਬਲੇ ਦੌਰਾਨ ਵਿਦਿਆਰਥੀਆਂ ਨੇ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ, ਮਨੁੱਖਤਾ ਪ੍ਰਤੀ ਸਮਰਪਣ ਅਤੇ ਧਰਮ ਦੀ ਰੱਖਿਆ ਲਈ ਦਿੱਤੀ ਅਦੁੱਤੀ ਕੁਰਬਾਨੀ 'ਤੇ ਭਾਸ਼ਣ ਦਿੱਤੇ | ਇਸ ਮੌਕੇ ਸੈਕੰਡਰੀ ਵਰਗ ਵਿਚੋਂ ਸਰਕਾਰੀ ਹਾਈ ਸਕੂਲ ਮਹਿਲ ਖ਼ੁਰਦ ਦੀ ਵਿਦਿਆਰਥਣ ਹਰਦੀਪ ਕੌਰ ਨੇ ਪਹਿਲਾ, ਸਰਕਾਰੀ ਹਾਈ ਸਕੂਲ ਗੁਰਮ ਦੇ ਦਲਵੀਰ ਸਿੰਘ ਨੇ ਦੂਜਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੱਖੋ ਕਲਾਂ ਦੀ ਵਿਦਿਆਰਥਣ ਸਹਿਜਪ੍ਰੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਇਸੇ ਤਰ੍ਹਾਂ ਸੀਨੀਅਰ ਸੈਕੰਡਰੀ ਵਰਗ ਵਿਚੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਧੂ ਪੱਤੀ ਬਰਨਾਲਾ ਦੀ ਵਿਦਿਆਰਥਣ ਸਿਮਰਪ੍ਰੀਤ ਕੌਰ ਨੇ ਪਹਿਲਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਮੀਦੀ ਦੀ ਵਿਦਿਆਰਥਣ ਸੁਖਪ੍ਰੀਤ ਕੌਰ ਨੇ ਦੂਜਾ ਅਤੇ ਸਕੂਲ ਆਫ਼ ਐਮੀਨੈਂਸ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਦੌੜ ਦੀ ਵਿਦਿਆਰਥਣ ਨੈਤਿਕ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਮੁਕਾਬਲਿਆਂ ਦੀ ਪਰਖ ਲੈਕਚਰਾਰ ਲਖਵੀਰ ਸਿੰਘ ਅਤੇ ਡਾ: ਪ੍ਰਗਟ ਸਿੰਘ ਟਿਵਾਣਾ ਨੇ ਕੀਤੀ | ਜੇਤੂ ਵਿਦਿਆਰਥੀਆਂ ਨੂੰ ਡਿਪਟੀ ਡੀ.ਈ.ਓ. ਬਰਜਿੰਦਰ ਪਾਲ ਸਿੰਘ ਨੇ ਸਨਮਾਨਿਤ ਕੀਤਾ ਤੇ ਉਨ੍ਹਾਂ ਕਿਹਾ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਦੀ ਸ਼ਹਾਦਤ ਸਾਨੂੰ ਸੱਚ, ਨਿਆਂ ਅਤੇ ਹਿੰਮਤ ਦੇ ਰਸਤੇ 'ਤੇ ਤੁਰਨ ਦੀ ਪੇ੍ਰਰਨਾ ਦਿੰਦੀ ਹੈ | ਇਸ ਮੌਕੇ ਹੈਡ ਮਾਸਟਰ ਕਮਲਦੀਪ ਸਿੰਘ ਕਮਲ, ਡੀ.ਆਰ.ਸੀ ਕਮਲਦੀਪ, ਲੈਕਚਰਾਰ ਬਲਵਿੰਦਰ ਸਿੰਘ, ਅੰਤਰਜੀਤ ਸਿੰਘ, ਹਰਵਿੰਦਰ ਰੋਮੀ, ਤੇਜਿੰਦਰ ਸ਼ਰਮਾ ਆਦਿ ਹਾਜ਼ਰ ਸਨ |