07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

8 ਸਤੰਬਰ ਤੱਕ ਮਨਾਇਆ ਜਾ ਰਿਹੈ ਅੱਖਾਂ ਦਾਨ ਕਰਨ ਬਾਰੇ ਜਾਗਰੂਕਤਾ ਲਈ ਕੌਮੀ ਪੰਦ੍ਹਰਵਾੜਾ-ਡਾ: ਕੰਵਲਜੀਤ ਸਿੰਘ ਬਾਜਵਾ

ਅਜੀਤ ਡੈਸਕ 03-09-2025
ਤਪਾ ਮੰਡੀ, 2 ਸਤੰਬਰ (ਪ੍ਰਵੀਨ ਗਰਗ, ਵਿਜੇ ਸ਼ਰਮਾ)-ਸਿਵਲ ਸਰਜਨ ਡਾ: ਬਲਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਿਹਤ ਬਲਾਕ ਤਪਾ ਵਿਚ ਅੱਖਾਂ ਦਾਨ ਲਈ ਜਾਗਰੂਕਤਾ ਪੰਦਰਵਾੜਾ 8 ਸਤੰਬਰ ਤੱਕ ਮਨਾਇਆ ਜਾ ਰਿਹਾ ਹੈ | ਇਸ ਸਬੰਧੀ ਅੱਜ ਸਬ ਡਵੀਜ਼ਨਲ ਹਸਪਤਾਲ ਤਪਾ ਵਿਖੇ ਕਾਰਜਕਾਰੀ ਸੀਨੀਅਰ ਮੈਡੀਕਲ ਅਫਸਰ ਡਾ: ਕੰਵਲਜੀਤ ਸਿੰਘ ਬਾਜਵਾ ਵਲੋਂ ਜਾਗਰੂਕਤਾ ਪੋਸਟਰ ਵੀ ਜਾਰੀ ਕੀਤੇ ਗਏ | ਜਾਣਕਾਰੀ ਦਿੰਦਿਆਂ ਡਾ: ਬਾਜਵਾ ਨੇ ਕਿਹਾ ਕਿ ਅੱਖਾਂ ਦਾਨ ਕਰਨ ਦਾ ਸੁਨੇਹਾ ਘਰ-ਘਰ ਤੱਕ ਪਹੁੰਚਾਉਣ ਲਈ 8 ਸਤੰਬਰ 2025 ਤੱਕ ਬਲਾਕ ਵਿਚ ਅੱਖਾਂ ਦਾਨ ਦਾ ਕੌਮੀ ਪੰਦਰਵਾੜਾ ਮਨਾਇਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਅੱਜ ਸਾਡੇ ਦੇਸ਼ ਅੰਦਰ 15 ਮਿਲੀਅਨ ਲੋਕਾਂ ਨੂੰ ਅੱਖਾਂ ਦੀ ਲੋੜ ਹੈ ਜੋ ਕਿ ਕਿਸੇ ਹਾਦਸੇ ਕਾਰਨ ਜਾਂ ਬਚਪਨ ਸਮੇਂ ਅੰਨੇ੍ਹਪਣ ਦਾ ਸ਼ਿਕਾਰ ਹਨ | ਉਨ੍ਹਾਂ ਕਿ ਕਿਹਾ ਕਿ ਅਸੀਂ ਖ਼ੁਦ ਵੀ ਅੱਖਾਂ ਦਾਨ ਕਰੀਏ ਅਤੇ ਲੋਕਾਂ ਨੂੰ ਵੀ ਇਸ ਦਾਨ ਦੀ ਮਹੱਤਤਾ ਬਾਰੇ ਜਾਣੂ ਕਰਵਾਈਏ ਤਾਂ ਜੋ ਬਹੁਤ ਸਾਰੇ ਲੋਕ ਜੋ ਦੇਖ ਨਹੀਂ ਸਕਦੇ ਉਨ੍ਹਾਂ ਨੂੰ ਨਵੀਂ ਜ਼ਿੰਦਗੀ ਮਿਲ ਸਕੇ | ਇਸ ਮੌਕੇ ਅੱਖਾਂ ਦੇ ਮਾਹਿਰ ਡਾ: ਗੁਰਸਿਮਰਨ ਸਿੰਘ ਵਲੋਂ ਕੁਪੋਸ਼ਣ ਕਾਰਨ ਅੱਖਾਂ 'ਤੇ ਪੈਣ ਵਾਲੇ ਬੁਰੇ ਪ੍ਰਭਾਵਾਂ ਬਾਰੇ ਵੀ ਮੌਜੂਦ ਲੋਕਾਂ ਨੂੰ ਜਾਗਰੂਕ ਕੀਤਾ | ਉਨ੍ਹਾਂ ਕਿਹਾ ਕਿ ਮੋਬਾਈਲ ਫ਼ੋਨ ਅਤੇ ਕੰਪਿਊਟਰ ਦੀ ਲੋੜ ਅਨੁਸਾਰ ਹੀ ਵਰਤੋਂ ਕੀਤੀ ਜਾਵੇ, ਹਨੇਰੇ ਵਿਚ ਮੋਬਾਈਲ, ਟੈਬ ਜਾਂ ਕੰਪਿਊਟਰ ਦੀ ਵਰਤੋਂ ਕਰਨ ਤੋਂ ਗੁਰੇਜ਼ ਕੀਤਾ ਜਾਵੇ, ਕਿਉਂਕਿ ਇਸ ਨਾਲ ਰੈਟੀਨਾ 'ਤੇ ਬਹੁਤ ਮਾੜਾ ਅਸਰ ਪੈਂਦਾ ਹੈ | ਜਿਸ ਦਾ ਬਾਅਦ ਵਿਚ ਕੋਈ ਇਲਾਜ ਨਹੀਂ ਹੈ | ਉਨ੍ਹਾਂ ਕਿਹਾ ਕਿ ਅੱਖਾਂ ਦੀ ਰੌਸ਼ਨੀ ਬਰਕਰਾਰ ਰੱਖਣ ਲਈ ਆਪਣੀ ਖ਼ੁਰਾਕ ਵਿਚ ਵਿਟਾਮਿਨ 'ਏ' ਯੁਕਤ ਖ਼ੁਰਾਕ ਨੂੰ ਜ਼ਰੂਰ ਸ਼ਾਮਿਲ ਕਰੋ | ਇਸ ਮੌਕੇ ਬਲਾਕ ਐਜੂਕੇਟਰ ਜਸਪਾਲ ਸਿੰਘ ਜਟਾਣਾ ਤੇ ਆਪਥਾਲਮਿਕ ਅਫਸਰ ਰੁਪਿੰਦਰ ਸਿੰਘ ਨੇ ਦੱਸਿਆ ਕਿ ਕਿਸੇ ਵੀ ਉਮਰ ਵਿਚ ਅੱਖਾਂ ਦਾਨ ਕੀਤੀਆਂ ਜਾ ਸਕਦੀਆਂ ਹਨ | ਉਨ੍ਹਾਂ ਕਿਹਾ ਭਾਵੇਂ ਵਿਅਕਤੀ ਦੇ ਦੂਰ ਦੀ ਐਨਕ ਲੱਗੀ ਹੋਵੇ, ਲੈਨਜ਼ ਪਾਇਆ ਹੋਵੇ ਤਾਂ ਵੀ ਉਹ ਅੱਖਾਂ ਦਾਨ ਕਰ ਸਕਦਾ ਹੈ | ਕੇਵਲ ਕੈਂਸਰ, ਏਡਜ਼ ਅਤੇ ਦਿਮਾਗ਼ੀ ਬੁਖ਼ਾਰ ਦੇ ਵਿਚ ਅੱਖਾਂ ਦਾਨ ਨਹੀਂ ਕੀਤੀਆਂ ਜਾ ਸਕਦੀਆਂ | ਉਨ੍ਹਾਂ ਕਿਹਾ ਕਿ ਅੱਖਾਂ ਦਾਨ ਮਹਾਂ ਦਾਨ ਹੈ, ਜਿਸ ਨਾਲ ਕਿਸੇ ਵਿਅਕਤੀ ਵਲੋਂ ਮਰਨ ਉਪਰੰਤ ਅੱਖਾਂ ਦਾਨ ਕਰਨ ਨਾਲ ਕਿਸੇ ਹੋਰ ਵਿਅਕਤੀ ਨੂੰ ਨਵੀਂ ਜ਼ਿੰਦਗੀ ਮਿਲ ਸਕਦੀ ਹੈ | ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ: ਸ਼ਿਖਾ ਅਗਰਵਾਲ, ਸਟਾਫ਼ ਨਰਸ ਸਵਰਨਜੀਤ ਕੌਰ, ਐਸ.ਆਈ. ਰਣਜੀਵ ਕੁਮਾਰ, ਗਗਨਦੀਪ ਸਿੰਘ ਆਦਿ ਮੌਜੂਦ ਸਨ |
ਪਿਛਲੀ ਖ਼ਬਰ ਪਲਾਸਟਿਕ ਦੀਆਂ ਤਰਪਾਲਾਂ ਲੈਣ ਲਈ ਲੱਗੀ ਲੋਕਾਂ ਦੀ ਭੀੜ ਅਗਲੀ ਖ਼ਬਰ ਨਸ਼ੀਲੀਆਂ ਗੋਲੀਆਂ ਸਮੇਤ 5 ਜਣੇ ਕਾਬੂ, ਤਿੰਨ ਵੱਖ-ਵੱਖ ਮਾਮਲੇ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।