10-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਬਾਇਓ ਗੈਸ ਪਲਾਂਟ ਅਖਾੜਾ ਸੰਬੰਧੀ ਐਕਸ਼ਨ ਕਮੇਟੀ ਤੇ ਪੁਲਿਸ ਪ੍ਰਸ਼ਾਸਨ ਦਰਮਿਆਨ ਮੀਟਿੰਗ

ਅਜੀਤ ਡੈਸਕ 22-10-2025
• ਪੁਲਿਸ ਪ੍ਰਸ਼ਾਸਨ ਨੇ ਵਿਚਕਾਰਲਾ ਰਾਹ ਲੱਭਣ ਦਾ ਪ੍ਰਸਤਾਵ ਰੱਖਿਆ
ਜਗਰਾਉਂ, 21 ਅਕਤੂਬਰ (ਸ਼ਮਸ਼ੇਰ ਸਿੰਘ ਗਾਲਿਬ)-ਪਿੰਡ ਅਖਾੜਾ ਵਿਖੇ ਲੱਗ ਰਹੇ ਬਾਇਓ ਗੈਸ ਪਲਾਂਟ ਨੂੰ ਬੰਦ ਕਰਵਾਉਣ ਸਬੰਧੀ ਪਿਛਲੇ 14 ਮਹੀਨਿਆਂ ਤੋਂ ਚੱਲ ਰਹੇ ਦਿਨ-ਰਾਤ ਦੇ ਧਰਨੇ 'ਚ ਐੱਸ.ਪੀ. ਹੈੱਡਕੁਆਰਟਰ ਰਮਨਿੰਦਰ ਸਿੰਘ ਅਤੇ ਡੀ.ਐੱਸ.ਪੀ. ਜਸਵਿੰਦਰ ਸਿੰਘ ਨੇ ਅੱਜ ਪਿੰਡ ਅਖਾੜਾ ਵਿਖੇ ਪੁੱਜ ਕੇ ਐਕਸ਼ਨ ਕਮੇਟੀ ਅਤੇ ਨਗਰ ਦੇ ਪਤਵੰਤਿਆਂ ਨਾਲ ਮੀਟਿੰਗ ਕੀਤੀ | ਇਸ ਮੌਕੇ ਅਧਿਕਾਰੀਆਂ ਨੇ ਪਲਾਂਟ ਮਾਲਕ ਅਤੇ ਪਿੰਡ ਵਾਸੀਆਂ ਵਿਚਾਲੇ ਬਾਇਓ ਗੈਸ ਪਲਾਂਟ ਨੂੰ ਲੈ ਕੇ ਚੱਲ ਰਹੇ ਰੇੜਕੇ ਦਾ ਠੋਸ ਹੱਲ ਕੱਢਣ ਲਈ ਵਿਚਕਾਰਲਾ ਰਾਹ ਲੱਭਣ ਦਾ ਪ੍ਰਸਤਾਵ ਰੱਖਿਆ | ਇਸ ਮੌਕੇ ਐੱਸ.ਪੀ. ਹੈੱਡਕੁਆਰਟਰ ਰਮਨਿੰਦਰ ਸਿੰਘ ਨੇ ਐਕਸ਼ਨ ਕਮੇਟੀ ਤੇ ਪਤਵੰਤਿਆਂ ਦੀ ਮੌਜੂਦਗੀ 'ਚ ਬਾਇਓ ਗੈਸ ਪਲਾਂਟ ਦੇ ਲੰਮੇ ਸਮੇਂ ਤੋਂ ਚੱਲ ਰਹੇ ਵਿਵਾਦ ਦਾ ਠੋਸ ਹੱਲ ਕੱਢਣ ਲਈ ਐਕਸ਼ਨ ਕਮੇਟੀ ਤੇ ਪਿੰਡ ਦੇ ਪਤਵੰਤਿਆਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਇਸ ਬਾਇਓ ਗੈਸ ਪਲਾਂਟ ਖਿਲਾਫ਼ ਚੱਲ ਰਹੇ ਸੰਘਰਸ਼ ਨਾਲ ਜਗਰਾਉਂ ਪ੍ਰਸ਼ਾਸਨ, ਪੁਲਿਸ ਪ੍ਰਤੀ ਆਮ ਲੋਕਾਂ ਦੇ ਮਨਾਂ ਵਿਚ ਕੁੜੱਤਣ ਪੈਦਾ ਹੋਈ ਹੈ, ਜਦਕਿ ਪੁਲਿਸ ਦਾ ਕੰਮ ਜਨਤਾ ਦੀ ਸੇਵਾ ਕਰਨਾ ਹੈ ਤੇ ਜਗਰਾਉਂ ਪੁਲਿਸ ਹਮੇਸ਼ਾਂ ਲੋਕਾਂ ਦੇ ਹੱਕ 'ਚ ਖੜ੍ਹੀ ਹੈ | ਉਨ੍ਹਾਂ ਕਿਹਾ ਕਿ ਸਾਨੂੰ ਇਸ ਮਾਮਲੇ ਦੇ ਹੱਲ ਲਈ ਠੋਸ ਫ਼ੈਸਲਾ ਲੈਣਾ ਪਵੇਗਾ | ਉਨ੍ਹਾਂ ਆਖਿਆ ਕਿ ਹਾਈਕੋਰਟ ਦੀਆਂ ਹਦਾਇਤਾਂ ਸਪੱਸ਼ਟ ਤੇ ਸਖ਼ਤ ਹਨ ਜਿਸ ਦੇ ਚਲਦਿਆਂ ਇਸ ਪਲਾਂਟ ਸਬੰਧੀ ਕੋਈ ਨਰਮ ਜਾਂ ਸਖ਼ਤ ਫ਼ੈਸਲਾ ਵੀ ਆ ਸਕਦਾ ਹੈ | ਉਨ੍ਹਾਂ ਕਿਹਾ ਕਿ ਪੁਲਿਸ ਆਮ ਲੋਕਾਂ ਅਤੇ ਬਾਇਓ ਗੈਸ ਪਲਾਂਟ ਮਾਲਕ ਦੋਵਾਂ ਦੀਆਂ ਸਮੱਸਿਆਵਾਂ ਨੂੰ ਚੰਗੀ ਤਰ੍ਹਾਂ ਸਮਝ ਰਹੀ ਹੈ, ਇਸ ਲਈ ਸਾਨੂੰ ਟਕਰਾਅ ਵਾਲੀ ਸਥਿਤੀ ਦਾ ਰਾਹ ਛੱਡਕੇ ਕੋਈ ਠੋਸ ਤੇ ਵਿਚਕਾਰਲਾ ਰਾਹ ਲੱਭਣਾ ਪਵੇਗਾ | ਇਸ ਮੌਕੇ ਪੁਲਿਸ ਨੇ ਬਦਲਵੇਂ ਪ੍ਰਬੰਧ ਦੇ ਰੂਪ 'ਚ ਪਿੰਡ ਵਾਸੀਆਂ ਨੂੰ ਪਿੰਡੋਂ ਬਾਹਰ ਜ਼ਮੀਨ ਦੇਣ ਦੀ ਗੱਲ ਕੀਤੀ ਤੇ ਕਿਹਾ ਕਿ ਜੇਕਰ ਇਹ ਪਲਾਂਟ ਪਿੰਡ ਦੀ ਜੂਹ ਦੇ ਬਾਹਰ ਲੱਗ ਜਾਵੇਗਾ ਤਾਂ ਇਸ ਨਾਲ ਲੋਕਾਂ ਅਤੇ ਪਲਾਂਟ ਮਾਲਕ ਦੋਵਾਂ ਦੀ ਸਮੱਸਿਆ ਦਾ ਵੀ ਹੱਲ ਹੋ ਜਾਵੇਗਾ | ਇਸ ਮੌਕੇ ਪਿੰਡ ਵਾਸੀਆਂ ਨੇ ਪ੍ਰਸਾਸ਼ਨ ਦੀਆਂ ਦਲੀਲਾਂ 'ਤੇ ਵਿਚਾਰ ਕਰਨ ਲਈ ਸਮੱਚੇ ਪਿੰਡ ਵਾਸੀਆਂ ਦੀ ਸਾਂਝੀ ਬੈਠਕ ਸੱਦਣ ਦੀ ਗੱਲ ਕੀਤੀ ਹੈ | ਪਿੰਡ ਵਾਸੀਆਂ ਵਲੋਂ ਸ਼ੁਰੂ ਕੀਤਾ ਇਹ ਸੰਘਰਸ਼ ਸਿਰਫ਼ ਚੋਣਵੇਂ ਐਕਸ਼ਨ ਕਮੇਟੀ ਮੈਬਰਾਂ ਤੱਕ ਸੀਮਤ ਨਹੀਂ ਸਗੋਂ ਨੇੜਲੇ ਪਿੰਡਾਂ ਦੀਆਂ ਪੰਚਾਇਤਾਂ ਅਤੇ ਜਥੇਬੰਦੀਆਂ ਵੀ ਜੁੜੀਆਂ ਹੋਈਆਂ ਹਨ | ਪਿੰਡ ਵਾਸੀਆਂ ਨੇ ਕਿਹਾ ਕਿ ਇਹ ਗੈਸ ਪਲਾਂਟ ਉਨ੍ਹਾਂ ਦੀਆਂ ਭਵਿੱਖੀ ਨਸਲਾਂ ਲਈ ਬੇਹੱਦ ਘਾਤਕ ਹੈ | ਐਕਸ਼ਨ ਕਮੇਟੀ ਅਤੇ ਪਤਵੰਤਿਆਂ ਵਿਚ ਗੁਰਤੇਜ ਸਿੰਘ ਸਰਾਂ, ਗੁਰਸੇਵਕ ਸਿੰਘ ਬਰਿਆਰ, ਸੁਖਜੀਤ ਸਿੰਘ ਬਰਿਆਰ ਆਦਿ ਨੇ ਕਿਹਾ ਕਿ ਪਿੰਡ ਵਾਸੀਆਂ ਨੇ ਪੋਹ ਮਾਘ ਤੇ ਅੱਤ ਦੀ ਗਰਮੀ ਦੀਆਂ ਰਾਤਾਂ ਇਸ ਮੋਰਚੇ 'ਚ ਬੜੀ ਮੁਸ਼ਕਿਲ ਨਾਲ ਕੱਟੀਆਂ ਹਨ | ਉਨ੍ਹਾਂ ਕਿਹਾ ਕਿ ਬਿਨ੍ਹਾਂ ਮਤਲਬ ਸੰਘਰਸ਼ ਕਰਨਾ ਉਨ੍ਹਾਂ ਦਾ ਚਾਅ ਨਹੀਂ ਸਗੋਂ ਸੰਘਰਸ਼ ਮਜ਼ਬੂਰੀ ਹੈ | ਉਨ੍ਹਾਂ ਲਈ ਸੰਘਰਸ਼ ਉਦੋਂ ਵਕਾਰੀ ਬਣ ਜਦੋਂ ਵਾਤਾਵਰਣ ਮਾਹਿਰਾਂ ਨੇ ਇਸ ਪਲਾਂਟ ਨੂੰ ਭਿਆਨਕ ਬਿਮਾਰੀਆਂ ਦਾ ਜਨਮਦਾਤਾ ਦੱਸਕੇ ਸੰਘਰਸ਼ ਕਰਨ ਦਾ ਰਾਹ ਦਿਖਾਇਆ | ਉਨ੍ਹਾਂ ਕਿਹਾ ਕਿ ਜਥੇਬੰਦੀਆਂ, ਪਿੰਡਾਂ ਦੀਆਂ ਪੰਚਾਇਤਾਂ ਮੀਟਿੰਗ ਕਰਕੇ ਆਪਣਾ ਫ਼ੈਸਲਾ ਪ੍ਰਸ਼ਾਸਨ ਨੂੰ ਦੱਸ ਦੇਣਗੀਆਂ |
ਪਿਛਲੀ ਖ਼ਬਰ ਬੰਦੀ ਛੋੜ ਦਿਵਸ ਨੂੰ ਸਮਰਪਿਤ 13 ਮੰਜ਼ਿਲਾ ਗੁਰਦੁਆਰਾ ਨਾਨਕਸਰ ਝੋਰੜਾਂ ਵਿਖੇ ਸਮਾਗਮ ਅਗਲੀ ਖ਼ਬਰ ਜਥੇਦਾਰ ਤਲਵੰਡੀ ਵਲੋਂ ਬੰਦੀ ਛੋੜ ਦਿਵਸ ਦੀ ਵਧਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।