ਰਾੜਾ ਸਾਹਿਬ, 21 ਅਕਤੂਬਰ (ਸੁਖਵੀਰ ਸਿੰਘ ਚਣਕੋਈਆਂ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੁਚੱਜੇ ਪ੍ਰਬੰਧਾਂ ਹੇਠ ਇਤਿਹਾਸਿਕ ਗੁਰਦੁਆਰਾ ਚੋਲਾ ਸਾਹਿਬ ਵਿਖੇ ਅੱਜ ਬੰਦੀਛੋੜ ਦਿਵਸ 'ਤੇ ਸਮੂਹ ਸੰਗਤਾਂ ਦੇ ਸਾਂਝੇ ਸਹਿਯੋਗ ਸਦਕਾ ਮੈਨੇਜਰ ਗੁਰਜੀਤ ਸਿੰਘ ਦੀ ਅਗਵਾਈ ਹੇਠ ਸਮਾਗਮ ਕਰਵਾਇਆ ਗਿਆ | ਜਿਸ 'ਚ ਅੰਮਿ੍ਤ ਵੇਲੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਜਦਕਿ ਭੋਗ ਉਪਰੰਤ ਭਾਈ ਹਰਪ੍ਰੀਤ ਸਿੰਘ, ਭਾਈ ਗੁਰਮੀਤ ਸਿੰਘ ਪਾਇਲ, ਭਾਈ ਹਰਪ੍ਰੀਤ ਸਿੰਘ ਕਟਾਣੀ, ਢਾਡੀ ਕੁਲਜਿੰਦਰ ਸਿੰਘ ਜਗਰਾਉਂ, ਢਾਡੀ ਜਥਾ ਸਮਸ਼ੇਰ ਸਿੰਘ, ਢਾਡੀ ਜਥਾ ਲੁਧਿਆਣਾ ਆਦਿ ਪੰਥ ਪ੍ਰਸਿੱਧ ਰਾਗੀ, ਢਾਡੀ ਅਤੇ ਕਵੀਸ਼ਰੀ ਜਥਿਆਂ ਵੱਲੋਂ ਗੁ. ਚੋਲਾ ਸਾਹਿਬ ਵਿਖੇ ਸੰਗਤਾਂ ਗੁਰੂ ਇਤਿਹਾਸ ਸੁਣਾ ਕੇ ਨਿਹਾਲ ਕੀਤਾ | ਇਸ ਸਮੇਂ ਸੰਗਤ ਬੰਦੀਛੋੜ ਦਿਵਸ 'ਤੇ ਵੱਡੀ ਗਿਣਤੀ 'ਚ ਦਰਬਾਰ ਸਾਹਿਬ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਨਤਮਸਤਕ ਹੋਈ ਅਤੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚੋਲਾ ਸਾਹਿਬ, ਪੋਥੀ ਸਾਹਿਬ ਤੇ ਜੋੜਾ ਸਾਹਿਬ ਦੇ ਦਰਸ਼ਨ-ਦੀਦਾਰੇ ਕੀਤੇ | ਉਪਰੰਤ ਸੰਗਤਾਂ ਗੁ. ਹਵੇਲੀ ਸਾਹਿਬ (ਭੜੋਲਾ ਸਾਹਿਬ), ਗੁ. ਦਮਦਮਾ ਸਾਹਿਬ ਅਤੇ ਗੁ. ਨਿੰਮਸਰ ਸਾਹਿਬ ਵਿਖੇ ਵੀ ਨਤਮਸਤਕ ਹੋਈਆਂ ਤੇ ਬੰਦੀਛੋੜ ਦਿਵਸ ਦੀ ਖੁਸ਼ੀ ਵਿੱਚ ਦੀਵੇ-ਮੋਮਬੱਤੀਆਂ ਜਗਾਈਆਂ | ਇਸ ਮੌਕੇ ਹਲਕਾ ਵਿਧਾਇਕ ਇੰਜ. ਮਨਵਿੰਦਰ ਸਿੰਘ ਗਿਆਸਪੁਰਾ, ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ, ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਇੰਜੀ. ਜਗਦੇਵ ਸਿੰਘ ਬੋਪਾਰਾਏ, ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਰਘਵੀਰ ਸਿੰਘ ਸਹਾਰਨਮਾਜਰਾ, ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਮਨਜੀਤ ਸਿੰਘ ਮਦਨੀਪੁਰ, ਜੋਰਾ ਸਿੰਘ ਸਹਾਰਨਮਾਜਰਾ, ਹੈੱਡ ਗ੍ਰੰਥੀ ਭਾਈ ਅਮਰੀਕ ਸਿੰਘ, ਮੰਚ ਸੰਚਾਲਕ ਬੰਤ ਸਿੰਘ ਘੁਡਾਣੀ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਸਨ |