ਲੋਹਟਬੱਦੀ, 21 ਅਕਤੂਬਰ (ਕੁਲਵਿੰਦਰ ਸਿੰਘ ਡਾਂਗੋਂ)-ਪੁਲਿਸ ਚੌਂਕੀ ਲੋਹਟਬੱਦੀ ਅਧੀਨ ਪੈਂਦੇ ਪਿੰਡ ਰਛੀਨ ਦੇ ਨੌਜਵਾਨ ਨੂੰ ਵਿਆਹ ਉਪਰੰਤ ਕੈਨੇਡਾ 'ਚ ਪੀ.ਆਰ. ਕਰਵਾਉਣ ਲਈ ਲੜਕੀ ਵਲੋਂ ਮੁੱਕਰ ਜਾਣ ਦੇ ਦੋਸ਼ਾਂ ਅਧੀਨ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ | ਜਾਣਕਾਰੀ ਅਨੁਸਾਰ ਪਿੰਡ ਰਛੀਨ ਵਾਸੀ ਕੁਲਜੀਤ ਸਿੰਘ ਪੁੱਤਰ ਭਰਪੂਰ ਸਿੰਘ ਨੇ ਐੱਸ.ਐੱਸ.ਪੀ. ਲੁਧਿਆਣਾ (ਦਿਹਾਤੀ) ਨੂੰ ਦਿੱਤੀ ਸ਼ਿਕਾਇਤ 'ਚ ਦੋਸ਼ ਲਗਾਏ ਸਨ ਕਿ ਜਸ਼ਨਜੋਤ ਕੌਰ ਪੁੱਤਰੀ ਗੁਰਚਰਨ ਸਿੰਘ ਵਾਸੀ ਪਿੰਡ ਬੜੂੰਦੀ ਦਾ ਰਿਸ਼ਤਾ ਮੇਰੇ ਲੜਕੇ ਹਰਮਨਪ੍ਰੀਤ ਸਿੰਘ ਨਾਲ ਹੋਇਆ ਸੀ | ਰਿਸ਼ਤਾ ਜੋੜਨ ਸਮੇਂ ਇਹ ਤੈਅ ਹੋਇਆ ਸੀ ਕਿ ਲੜਕੀ ਜਸ਼ਨਜੋਤ ਕੌਰ ਵਾਸੀ ਪਿੰਡ ਬੜੂੰਦੀ ਦੀ ਪੜ੍ਹਾਈ ਦਾ ਸਾਰਾ ਖਰਚਾ ਲੜਕੇ ਵਾਲੇ ਪਰਿਵਾਰ ਵਲੋਂ ਕੀਤਾ ਜਾਵੇਗਾ ਅਤੇ ਲੜਕੀ ਕੈਨੇਡਾ ਜਾ ਕੇ ਹਰਮਨਪ੍ਰੀਤ ਸਿੰਘ ਨੂੰ ਪੀ.ਆਰ. ਕਰਵਾਏਗੀ | ਇਸ ਸਾਰੀ ਪ੍ਰਕਿਰਿਆ 'ਚ ਲੜਕੇ ਪਰਿਵਾਰ ਵਲੋਂ ਲੜਕੀ ਜਸ਼ਨਜੋਤ ਕੌਰ ਦੀ ਪੜ੍ਹਾਈ, ਆਉਣ-ਜਾਣ ਦੀਆਂ ਹਵਾਈ ਟਿਕਟਾਂ, ਵੱਖ-ਵੱਖ ਥਾਈਾ ਸਮਾਨ ਦੀ ਖ਼ਰੀਦੋ-ਫਰੋਖ਼ਤ, ਕੈਨੇਡਾ ਰਹਿਣ-ਸਹਿਣ, ਵਿਆਹ 'ਤੇ ਕੁੱਲ 75 ਲੱਖ ਰੁਪਏ ਖ਼ਰਚ ਕਰਵਾ ਕੇ ਧੋਖਾਧੜੀ ਕਰਨ ਦੇ ਹਾਲਾਤਾਂ ਨੂੰ ਦੇਖਦਿਆਂ ਪੁਲਿਸ ਨੇ ਲੜਕੀ ਜਸ਼ਨਜੋਤ ਕੌਰ, ਉਸ ਦੇ ਪਿਤਾ ਗੁਰਚਰਨ ਸਿੰਘ ਪੁੱਤਰ ਕੇਸਰ ਸਿੰਘ ਅਤੇ ਮਾਤਾ ਰਛਪਾਲ ਕੌਰ ਵਾਸੀਆਨ ਪਿੰਡ ਬੜੂੰਦੀ ਖਿਲ਼ਾਫ਼ ਬੀ.ਐੱਨ.ਐੱਸ. ਦੀਆਂ ਧਾਰਾਵਾਂ 318 (ਧੋਖਾਧੜ੍ਹੀ) ਅਤੇ 316 (ਵਿਸਵਾਸ਼ਘਾਤ) ਕਰਨ ਦੇ ਦੋਸ਼ਾਂ ਅਧੀਨ ਮਾਮਲਾ ਦਰਜ ਕੀਤਾ ਹੈ | ਇਸ ਮਾਮਲੇ ਦੀ ਅਗਲੇਰੀ ਕਾਰਵਾਈ ਲੋਹਟਬੱਦੀ ਚੌਂਕੀ ਇੰਚਾਰਜ ਕਰ ਰਹੇ ਹਨ | ਥਾਣਾ (ਸਦਰ) ਰਾਏਕੋਟ ਮੁਖੀ ਕੁਲਵਿੰਦਰ ਸਿੰਘ ਸਬ ਇੰਸਪੈਕਟਰ ਨੇ ਦੱਸਿਆ ਕਿ ਦੋਸ਼ੀਆਂ ਨੂੰ ਜਲਦ ਗਿ੍ਫਤਾਰ ਕਰ ਲਿਆ ਜਾਵੇਗਾ |