ਮਾਨਸਾ, 31 ਅਗਸਤ (ਬਲਵਿੰਦਰ ਸਿੰਘ ਧਾਲੀਵਾਲ)- ਸਰਦੂਲਗੜ੍ਹ ਨੇੜੇ ਘੱਗਰ ਦਰਿਆ 'ਚ ਪਾਣੀ ਦਾ ਪੱਧਰ 18 ਫੁੱਟ ਦੇ ਕਰੀਬ ਹੈ, ਜੋ ਖ਼ਤਰੇ ਦੇ ਨਿਸ਼ਾਨ ਤੋਂ ਬਹੁਤ ਥੱਲੇ ਹੈ | ਇਹ ਜਾਣਕਾਰੀ ਹਲਕਾ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਇੱਥੇ ਆਪਣੀ ਰਿਹਾਇਸ਼ 'ਤੇ 'ਅਜੀਤ' ਨਾਲ ਗੱਲਬਾਤ ਕਰਦਿਆਂ ਦਿੱਤੀ | ਉਨ੍ਹਾਂ ਦੱਸਿਆ ਕਿ 2 ਦਿਨ ਪਹਿਲਾਂ ਪਾਣੀ ਦਾ ਲੈਵਲ 21 ਫੁੱਟ ਸੀ, ਜਦਕਿ ਬੀਤੇ ਕੱਲ੍ਹ 19 ਸੀ ਅਤੇ ਅੱਜ 18 ਤੋਂ ਵੀ ਥੱਲੇ ਹੈ | ਉਨ੍ਹਾਂ ਕਿਹਾ ਕਿ ਅੱਜ ਬਾਰਿਸ਼ ਹੋਣ ਕਰਕੇ ਬੰਨ੍ਹ ਮਜ਼ਬੂਤ ਕਰਨ ਦਾ ਕੰਮ ਇਕ ਵਾਰ ਰੁਕ ਗਿਆ ਹੈ ਅਤੇ ਕੱਲ੍ਹ ਤੋਂ ਮੁੜ ਜਾਰੀ ਕਰ ਦਿੱਤਾ ਜਾਵੇਗਾ | ਵਿਧਾਇਕ ਨੇ ਦੱਸਿਆ ਕਿ ਘੱਗਰ ਨੇੜਲੇ ਸਾਰੇ ਪਿੰਡਾਂ ਦੇ ਲੋਕਾਂ ਵਲੋਂ ਪ੍ਰਸ਼ਾਸਨ ਨੂੰ ਵਧ ਚੜ੍ਹ ਕੇ ਸਹਿਯੋਗ ਦਿੱਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਗੁਆਂਢੀ ਰਾਜਾਂ ਤੇ ਸੂਬੇ ਦੇ ਹੋਰ ਘੱਗਰ ਨੇੜਲੇ ਜ਼ਿਲਿ੍ਹਆਂ 'ਚ ਬੀਤੀ ਰਾਤ ਤੋਂ ਬਾਰਿਸ਼ ਜਾਰੀ ਹੈ, ਜਿਸ ਕਰਕੇ ਅਗਲੇ ਦਿਨਾਂ 'ਚ ਪਾਣੀ ਦਾ ਪੱਧਰ ਵਧ ਵੀ ਸਕਦਾ ਹੈ ਪਰ ਅਗਾਊਾ ਪ੍ਰਬੰਧ ਪਹਿਲਾਂ ਹੀ ਮੁਕੰਮਲ ਹਨ | ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਅਫ਼ਵਾਹਾਂ 'ਚ ਨਾ ਆਉਣ ਅਤੇ ਭਾਈਚਾਰਕ ਸਾਂਝ ਕਾਇਮ ਰੱਖ ਕੇ ਇੱਕਜੁੱਟਤਾ ਨਾਲ ਆਫ਼ਤ ਦਾ ਸਾਹਮਣਾ ਕਰਨ | ਉਨ੍ਹਾਂ ਕਿਹਾ ਕਿ ਹਲਕੇ ਦੀ ਕਿਸੇ ਵੀ ਪੰਚਾਇਤ ਜਾਂ ਨਾਗਰਿਕ ਨੂੰ ਹੜ੍ਹਾਂ ਦੇ ਮੱਦੇਨਜ਼ਰ ਕੋਈ ਮਦਦ ਦੀ ਲੋੜ ਹੈ ਤਾਂ ਉਹ ਬਿਨਾਂ ਝਿਜਕ ਸਾਡੀ ਟੀਮ ਨਾਲ ਸੰਪਰਕ ਕਰ ਸਕਦੇ ਹਨ |