ਰਾਮਾਂ ਮੰਡੀ, 25 ਨਵੰਬਰ (ਤਰਸੇਮ ਸਿੰਗਲਾ)-ਰੇਲਵੇ ਵਿਭਾਗ ਵਲੋਂ ਰਾਮਸਰਾ ਰੇਲਵੇ ਫਾਟਕ ਦੇ ਨਾਲ ਰਾਤੋਂ ਰਾਤ ਬਣਾਈ ਸੜਕ ਸਵੇਰੇ ਹੀ ਟੁੱਟ ਗਈ | ਸੜਕ ਵਿਚੋਂ ਨਿੱਕਲੀ ਬੱਜਰੀ ਦਿਖਾਉਂਦੇ ਹੋਏ ਲੱਖਾ ਸਿੰਘ ਸਿਧਾਣਾ ਟੀਮ ਦੇ ਰਾਮਾਂ ਸਰਕਲ ਪ੍ਰਧਾਨ ਜਗਜੀਤ ਸਿੰਘ ਨੇ ਕਿਹਾ ਕਿ ਉਕਤ ਸੜਕ ਵਿਚ ਡੂੰਘਾ ਟੋਆ ਹੋਣ ਕਾਰਨ ਕਰੀਬ ਇਕ ਸਾਲ ਤੋਂ ਖਾਸਕਰ ਘੋੜਾ ਟਰੱਕਾਂ ਅਤੇ ਹੋਰ ਵਾਹਨਾਂ ਦਾ ਨੁਕਸਾਨ ਹੋ ਰਿਹਾ ਸੀ | ਸੜਕ ਬਣਾਉਣ ਨਾਲ ਵਾਹਨ ਚਾਲਕਾਂ ਨੂੰ ਡੁੰਘੇ ਟੋਏ ਤੋਂ ਰਾਹਤ ਮਿਲਣ ਦੀ ਉਮੀਦ ਹੋਈ ਸੀ, ਪ੍ਰੰਤੂ ਸੜਕ ਵਿਚੋਂ ਬੱਜਰੀ ਨਿੱਕਲ ਜਾਣ ਕਾਰਨ ਪਰਨਾਲਾ ਉਥੇ ਦਾ ਉਥੇ ਹੀ ਰਹਿ ਗਿਆ | ਉਨ੍ਹਾਂ ਕਿਹਾ ਕਿ ਸੜਕ ਲੁੱਕ ਦੀ ਬਜਾਏ ਥੁੱਕ ਨਾਲ ਬਣਾਈ ਗਈ ਹੈ | ਜਗਜੀਤ ਸਿੰਘ ਨੇ ਰੇਲ ਵਿਭਾਗ ਤੋਂ ਸੜਕ ਵਿਚ ਘਟੀਆ ਮਟੀਰੀਅਲ ਵਰਤੇ ਜਾਣ ਦੀ ਜਾਂਚ ਕਰਵਾਕੇ ਸੜਕ ਦੁਬਾਰਾ ਬਣਾਉਣ ਦੀ ਮੰਗ ਕੀਤੀ ਹੈ |