ਮੋਗਾ, 4 ਦਸੰਬਰ (ਸੁਰਿੰਦਰਪਾਲ ਸਿੰਘ)-ਸੰਯੁਕਤ ਕਿਸਾਨ ਮੋਰਚਾ ਜ਼ਿਲ੍ਹਾ ਮੋਗਾ (ਪੰਜਾਬ) ਦੀ ਮੀਟਿੰਗ ਕਸ਼ਮੀਰ ਸਿੰਘ ਭੇਖਾ ਜ਼ਿਲ੍ਹਾ ਮੀਤ ਪ੍ਰਧਾਨ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਬੀਬੀ ਕਾਹਨ ਕੌਰ ਵਿਖੇ ਹੋਈ | ਮੀਟਿੰਗ 'ਚ ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ਤਹਿਤ 8 ਦਸੰਬਰ ਨੂੰ ਜ਼ਿਲ੍ਹਾ ਮੋਗਾ ਦੇ ਸਾਰੇ ਪਾਵਰਕਾਮ ਸਬ ਤਹਿਸੀਲਾਂ ਉੱਪਰ ਕੀਤੇ ਜਾ ਰਹੇ ਵਿਰੋਧ ਪ੍ਰਦਰਸ਼ਨ ਦੇ ਸਬੰਧ 'ਚ ਬਿਜਲੀ ਸੋਧ ਬਿੱਲ 2025, ਬੀਜ ਬਿੱਲ 2025 ਅਤੇ ਚਾਰ ਲੇਬਰ ਕੋਡਜ਼ ਸਬੰਧੀ ਵਿਚਾਰ ਚਰਚਾ ਕੀਤੀ ਗਈ | ਜ਼ਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਦੌਲਤਪੁਰਾ ਜ਼ਿਲ੍ਹਾ ਪ੍ਰਧਾਨ ਲੱਖੋਵਾਲ, ਬਲੌਰ ਸਿੰਘ ਪੈਨਸ਼ਨ ਯੂਨੀਅਨ ਪ੍ਰਧਾਨ ਫ਼ਰੀਦਕੋਟ, ਕਿਰਤੀ ਕਿਸਾਨ ਯੂਨੀਅਨ ਜ਼ਿਲ੍ਹਾ ਪ੍ਰੈੱਸ ਸਕੱਤਰ ਜਸਮੇਲ ਸਿੰਘ ਰਾਜੇਆਣਾ, ਸੁਖਵਿੰਦਰ ਸਿੰਘ ਬਹਿਰਾਮਕੇ ਜ਼ਿਲ੍ਹਾ ਪ੍ਰਧਾਨ ਰਾਜੇਵਾਲ, ਅਮਰੀਕ ਸਿੰਘ ਮਸੀਤਾਂ ਜਨਰਲ ਸਕੱਤਰ ਪੰਜਾਬ ਪਾਵਰ ਕਾਮ ਐਂਡ ਟਰਾਂਸਕੋ ਪੈਨਸ਼ਨ ਯੂਨੀਅਨ, ਸੂਰਤ ਸਿੰਘ ਸੂਬਾ ਆਗੂ ਕੁੱਲ ਹਿੰਦ ਕਿਸਾਨ ਸਭਾ, ਸੁਖਜੀਤ ਸਿੰਘ ਲੰਢੇਕੇ ਬੀ.ਕੇ.ਯੂ. ਉਗਰਾਹਾਂ ਨੇ ਮੀਟਿੰਗ ਦੌਰਾਨ ਦੱਸਿਆ ਕਿ ਕੇਂਦਰ ਦੀ ਮੋਦੀ ਸਰਕਾਰ ਵਲੋਂ ਸੰਯੁਕਤ ਕਿਸਾਨ ਮੋਰਚੇ ਨਾਲ ਦਿੱਲੀ ਦੇ ਇਤਿਹਾਸਕ ਕਿਸਾਨ ਘੋਲ ਸਮੇਂ ਕੀਤੇ ਗਏ ਵਾਅਦਿਆਂ ਨੂੰ ਉਲੰਘ ਕੇ ਬਿਜਲੀ ਸੋਧ ਬਿੱਲ 2025 ਪਾਰਲੀਮੈਂਟ ਦੇ ਸਰਦ ਰੁੱਤ ਸੈਸ਼ਨ ਵਿਚ ਪੇਸ਼ ਕੀਤਾ ਜਾ ਰਿਹਾ ਹੈ | ਇਸੇ ਤਹਿਤ ਸੰਯੁਕਤ ਕਿਸਾਨ ਮੋਰਚਾ ਪੰਜਾਬ ਵਲੋਂ 8 ਦਸੰਬਰ ਨੂੰ ਸਾਰੇ ਪੰਜਾਬ 'ਚ ਪਾਵਰਕਾਮ ਦੇ ਸਬ ਡਵੀਜ਼ਨ ਦਫ਼ਤਰਾਂ ਤੇ ਬਿਜਲੀ ਮੁਲਾਜ਼ਮਾਂ ਦੀਆਂ ਜਥੇਬੰਦੀਆਂ ਦੇ ਸਹਿਯੋਗ ਨਾਲ ਸੋਧ ਬਿੱਲ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ | ਮੀਟਿੰਗ ਨੇ ਮਜ਼ਦੂਰਾਂ ਦੀ ਦਿਹਾੜੀ ਅੱਠ ਘੰਟੇ ਤੋਂ ਵਧਾ ਕੇ ਬਾਰਾਂ ਘੰਟੇ ਕਰਨ ਤੇ ਕਿਰਤ ਕਾਨੂੰਨਾਂ ਨੂੰ ਰੱਦ ਕਰਕੇ ਚਾਰ ਲੇਬਰ ਕੋਡਜ਼ ਬਣਾਉਣ ਦੀ ਨਿਖੇਧੀ ਕਰਦਿਆਂ ਇਨ੍ਹਾਂ ਨੂੰ ਮਜ਼ਦੂਰ ਵਿਰੋਧੀ ਤੇ ਕਾਰਪੋਰੇਟ ਪੱਖੀ ਕਰਾਰ ਦਿੱਤਾ | ਮੋਗਾ ਜ਼ਿਲ੍ਹੇ ਦੇ ਮੋਗਾ ਸ਼ਹਿਰ, ਬਾਘਾ ਪੁਰਾਣਾ, ਸਮਾਲਸਰ, ਸਮਾਧ ਭਾਈ, ਧਰਮਕੋਟ, ਭਿੰਡਰ ਕਲਾਂ, ਡਗਰੂ, ਅਜੀਤਵਾਲ, ਚੜਿੱਕ, ਬੱਧਨੀ ਕਲਾਂ, ਬਿਲਾਸਪੁਰ ਤੇ ਪੱਤੋ ਆਦਿ ਪਾਵਰ ਕਾਮ ਸਬ ਤਹਿਸੀਲਾਂ 'ਤੇ 12 ਤੋਂ 3 ਵਜੇ ਤੱਕ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ ਤੇ ਬਿੱਲਾਂ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ | ਇਸ ਸਮੇਂ ਜਸਪਾਲ ਸਿੰਘ ਪੁਰਾਣੇ ਵਾਲਾ ਜ਼ਿਲ੍ਹਾ ਮੀਤ ਪ੍ਰਧਾਨ, ਬੂਟਾ ਸਿੰਘ ਤਖਾਣਵੱਧ ਬਲਾਕ ਪ੍ਰਧਾਨ, ਬਲਕਰਨ ਸਿੰਘ ਢਿੱਲੋਂ ਜ਼ਿਲ੍ਹਾ ਪ੍ਰੈੱਸ ਸਕੱਤਰ ਲੱਖੋਵਾਲ, ਗੁਰਮੇਲ ਸਿੰਘ ਡਰੋਲੀ ਭਾਈ ਬਲਾਕ ਪ੍ਰਧਾਨ, ਗੁਰਬੀਰ ਸਿੰਘ ਕੋਟ ਈਸੇ ਖਾਂ, ਸੁਖਦੀਪ ਸਿੰਘ, ਗੁਰਮੇਲ ਸਿੰਘ ਨਾਹਰ, ਸੁਖਜੀਤ ਸਿੰਘ ਲੰਢੇਕੇ, ਹਰਦਿਆਲ ਸਿੰਘ ਘਾਲੀ ਕੁੱਲ ਹਿੰਦ ਕਿਸਾਨ ਸਭਾ ਆਦਿ ਹਾਜ਼ਰ ਸਨ |