ਬਲਾਕ ਸੰਮਤੀ ਘੱਲ ਖ਼ੁਰਦ ਲਈ 121 ਉਮੀਦਵਾਰਾਂ ਨੇ ਦਾਖ਼ਲ ਕੀਤੇ ਨਾਮਜ਼ਦਗੀ ਪੱਤਰ
ਅਜੀਤ ਡੈਸਕ
05-12-2025
ਵੱਖ-ਵੱਖ ਪਾਰਟੀਆਂ ਦੇ ਆਗੂਆਂ ਨੇ ਨਾਮਜ਼ਦਗੀਆਂ ਮੌਕੇ ਕੀਤੀ ਉਮੀਦਵਾਰਾਂ ਦੀ ਅਗਵਾਈ
ਸੱਤਾਧਾਰੀ ਆਮ ਆਦਮੀ ਪਾਰਟੀ ਦੇ ਬਲਾਕ ਸੰਮਤੀ ਘੱਲ ਖ਼ੁਰਦ ਦੇ ਉਮੀਦਵਾਰਾਂ ਦੇ ਇੱਥੇ ਸਬ ਤਹਿਸੀਲ ਕੰਪਲੈਕਸ ਵਿਖੇ ਨਾਮਜ਼ਦਗੀ ਪੱਤਰ ਦਾਖਿਲ ਕਰਵਾਉਣ ਲਈ ਹਲਕਾ ਫਿਰੋਜ਼ਪੁਰ ਦਿਹਾਤੀ ਦੇ ਸੰਗਠਨ ਸਕੱਤਰ ਬੇਅੰਤ ਸਿੰਘ ਹਕੂਮਤ ਵਾਲਾ, ਹਰਪਿੰਦਰਪਾਲ ਸਿੰਘ ਰੌਬੀ ਸੰਧੂ ਨਿੱਜੀ ਸਕੱਤਰ ਵਿਧਾਇਕ ਰਜਨੀਸ਼ ਦਹੀਯਾ ਅਤੇ ਸੁਖਦੀਪ ਸਿੰਘ ਉੱਗੋਕੇ ਜ਼ਿਲ੍ਹਾ ਪ੍ਰਧਾਨ ਯੂਥ ਵਿੰਗ ਆਮ ਆਦਮੀ ਪਾਰਟੀ ਪੁੱਜੇ | ਉਨ੍ਹਾਂ ਵਲੋਂ ਸਾਰੇ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਦਾਖਲ ਕਰਵਾਉਣ ਉਪਰੰਤ ਦਾਅਵਾ ਕੀਤਾ ਕਿ ਵਿਧਾਇਕ ਰਜਨੀਸ਼ ਦਹੀਯਾ ਦੀ ਅਗਵਾਈ ਹੇਠ ਹਲਕਾ ਫ਼ਿਰੋਜ਼ਪੁਰ ਦਿਹਾਤੀ ਦੇ ਸਾਰੇ ਜ਼ਿਲ੍ਹਾ ਪ੍ਰੀਸ਼ਦ ਜੋਨ ਅਤੇ ਬਲਾਕ ਸੰਮਤੀ ਦੀਆਂ ਸੀਟਾਂ ਤੇ ਜਿੱਤ ਪ੍ਰਾਪਤ ਕੀਤੀ ਜਾਵੇ, ਜਿਸ ਨਾਲ ਪੇਂਡੂ ਖੇਤਰ ਅੰਦਰ ਵਿਕਾਸ ਦੇ ਨਵੇਂ ਯੁੱਗ ਦਾ ਆਗਾਜ਼ ਹੋਵੇਗਾ | ਕਾਂਗਰਸ ਪਾਰਟੀ ਦੇ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਦਾਖਲ ਕਰਵਾਉਣ ਲਈ ਸੈਂਕੜਿਆਂ ਦੀ ਗਿਣਤੀ ਵਿੱਚ ਵਰਕਰਾਂ ਨੂੰ ਨਾਲ ਲੈਕੇ ਹਲਕਾ ਇੰਚਾਰਜ ਅਮਰਦੀਪ ਸਿੰਘ ਆਸ਼ੂ ਬੰਗੜ ਪਹੁੰਚੇ | ਇਸ ਸਮੇਂ ਉਨ੍ਹਾਂ ਮੰਗ ਉਠਾਈ ਪੰਚਾਇਤੀ ਅਦਾਰਿਆਂ ਦੀਆਂ ਚੋਣਾਂ ਨੂੰ ਨਿਰਪੱਖਤਾ ਨਾਲ ਕਰਵਾਇਆ ਜਾਵੇ | ਜਦਕਿ ਸ਼੍ਰੋਮਣੀ ਅਕਾਲੀ ਦਲ ਅਤੇ ਗੁਰਪ੍ਰੀਤ ਸਿੰਘ ਸੇਖੋਂ ਦੇ ਆਜ਼ਾਦ ਧੜੇ ਦੇ ਨਾਮਜ਼ਦਗੀ ਪੱਤਰ ਦਾਖਲ ਕਰਵਾਉਣ ਸਾਬਕਾ ਵਿਧਾਇਕ ਜੋਗਿੰਦਰ ਸਿੰਘ ਜਿੰਦੂ ਦੇ ਸਪੁੱਤਰ ਅਤੇ ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਬੱਬੂ ਵਰਕਰਾਂ ਨੂੰ ਨਾਲ ਲੈ ਕੇ ਪਹੁੰਚੇ | ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਦੇ ਉਮੀਦਵਾਰ ਸ਼ਾਨ ਨਾਲ ਜਿੱਤ ਹਾਸਲ ਕਰਨਗੇ | ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਨੇ ਸੀਨੀਅਰ ਭਾਜਪਾ ਆਗੂ ਐਡਵੋਕੇਟ ਸੁਰਿੰਦਰਪਾਲ ਸਿੰਘ ਸਿੱਧੂ ਅਤੇ ਜ਼ਿਲ੍ਹਾ ਉਪ ਪ੍ਰਧਾਨ ਵਿਜੇ ਕੁਮਾਰ ਕਾਇਤ ਦੀ ਅਗਵਾਈ ਹੇਠ ਦਾਖਲ ਕੀਤੇ | ਇਸ ਸਮੇਂ ਐਡਵੋਕੇਟ ਸਿੱਧੂ ਨੇ ਦੱਸਿਆ ਕਿ ਭਾਜਪਾ ਵਲੋਂ ਦਿਹਾਤੀ ਹਲਕੇ ਦੇ 3 ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਘੱਲ ਖ਼ੁਰਦ ਦੇ 15 ਜ਼ੋਨਾਂ ਤੋਂ ਚੋਣ ਲੜੀ ਜਾਵੇਗੀ | ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਵਲੋਂ ਅਮਨ ਕਾਨੂੰਨ ਦੀ ਸਥਿਤੀ ਨੂੰ ਮੁੱਦਾ ਬਣਾ ਕੇ ਚੋਣ ਲੜਦੇ ਹੋਏ ਪੇਂਡੂ ਵੋਟਰਾਂ ਤੋਂ ਫ਼ਤਵਾ ਹਾਸਲ ਕੀਤਾ ਜਾਵੇਗਾ |